ਪ੍ਰਾਈਵੇਟ ਹਸਪਤਾਲ ਦੇ ਡਾਕਟਰ ਦੀ ਲਾਸ਼ ਕਾਰ ’ਚੋਂ ਮਿਲੀ

ਜ਼ਿਲ੍ਹੇ ਵਿਚ ਵਾਪਰੀਆਂ ਵੱਖ-ਵੱਖ ਘਟਨਾਵਾਂ ਦੌਰਾਨ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਇਕ ਨਿੱਜੀ ਹਸਪਤਾਲ ਦੇ ਮੈਡੀਕਲ ਅਫਸਰ ਨਿਤੇਸ਼ ਸਿੰਘ ਤੋਮਰ ਦੀ ਲਾਸ਼ ਸੈਂਟਰੋ ਕਾਰ ’ਚੋਂ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ। ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਸੀ ਕਿ ਨਿਤੇਸ਼ ਦੀ ਬਾਂਹ ਵਿਚ ਡਰਿੱਪ ਲੱਗੀ ਹੋਈ ਸੀ ਤੇ ਉਸ ਦੇ ਨੇੜੇ ਹੀ ਇਕ ਸਰਿੰਜ ਵੀ ਪਈ ਹੋਈ ਸੀ। ਪੁਲੀਸ ਨੇ ਮ੍ਰਿਤਕ ਦੀ ਪਤਨੀ ਨੂੰ ਵੀ ਇਸ ਘਟਨਾ ਦੀ ਸੂਚਨਾ ਦਿੱਤੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਘਰ ਵਿਚ ਕਿਸੇ ਕਾਰਨ ਕਲੇਸ਼ ਰਹਿੰਦਾ ਸੀ। ਇਹ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਨਿਤੇਸ਼ ਤੋਮਰ ਨੇ ਆਤਮ ਹੱਤਿਆ ਕੀਤੀ ਹੈ। ਹਾਲਾਂਕਿ ਉਥੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਏਡੀਸੀਪੀ ਸੁਡਰਵਿਜ਼ੀ ਅਤੇ ਏਸੀਪੀ ਹਰਸਿਮਰਤ ਸਿੰਘ ਵੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਮ੍ਰਿਤਕ ਕਾਰ ਦੀ ਡਰਾਈਵਰ ਵਾਲੀ ਸੀਟ ’ਤੇ ਲੇਟਿਆ ਹੋਇਆ ਸੀ। ਫੌਰੈਂਸਿਕ ਟੀਮ ਨੇ ਮੌਕੇ ’ਤੇ ਜਾ ਕੇ ਨਮੂਨੇ ਵੀ ਇਕੱਠੇ ਕੀਤੇ। ਇਸੇ ਤਰ੍ਹਾਂ, ਨਕੋਦਰ ਨੇੜਲੇ ਪਿੰਡ ਜਹਾਂਗੀਰ ’ਚ ਵੀ ਇਕ ਨੌਜਵਾਨ ਦੀ ਲਾਸ਼ ਦਰੱਖ਼ਤ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਹਰਮੋਹਨ ਸਿੰਘ (17) ਪੁੱਤਰ ਸਵਰਨ ਵਾਸੀ ਪਿੰਡ ਜਹਾਂਗੀਰ ਵਜੋਂ ਹੋਈ ਹੈ ਜੋ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਥਾਣਾ ਸਦਰ ਨਕੋਦਰ ਦੇ ਐਸਐਚਓ ਸਿਕੰਦਰ ਸਿੰਘ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਕਤਲ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ ਕਢਵਾਈ ਜਾ ਰਹੀ ਹੈ ਤੇ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ। ਪੁਲੀਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਹੈ। ਹਰਮੋਹਨ ਦੀ ਮਾਂ ਦਾ ਕਹਿਣਾ ਸੀ ਕਿ ਉਸ ਦਾ ਪੁੱਤਰ ਲੰਘੀ ਸ਼ਾਮ ਨੂੰ ਕਰੀਬ 6.30 ਵਜੇ ਘਰੋਂ ਇਹ ਕਹਿ ਕੇ ਗਿਆ ਸੀ ਕਿ ਰੋਟੀ ਬਣਾ ਕੇ ਰੱਖੋ, ਉਹ ਆ ਕੇ ਖਾਵੇਗਾ ਪਰ ਉਹ ਸਾਰੀ ਰਾਤ ਨਹੀਂ ਮੁੜਿਆ ਤੇ ਸਵੇਰੇ ਉਨ੍ਹਾਂ ਨੂੰ ਉਸ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲਣ ਦੀ ਖ਼ਬਰ ਮਿਲੀ।