ਪ੍ਰਕਾਸ਼ ਪੁਰਬ: ਸਰਕਾਰੀ ਟਰਾਂਸਪੋਰਟ ਨੂੰ ‘ਸੇਵਾ’, ਪ੍ਰਾਈਵੇਟ ਨੂੰ ‘ਮੇਵਾ’

ਸੜਕਾਂ ਤੋਂ ਸਰਕਾਰੀ ਬੱਸਾਂ ਦੀ ਗ਼ੈਰਹਾਜ਼ਰੀ ਕਾਰਨ ਪ੍ਰਾਈਵੇਟ ਬੱਸਾਂ ਨੂੰ ਫ਼ਾਇਦਾ

ਪੰਜਾਬ ਦੇ ਵੱਡੇ ਘਰਾਣੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹਾਂ ਵਿਚ ‘ਸੇਵਾ ਤੇ ਮੇਵਾ’ ਖੱਟ ਰਹੇ ਹਨ। ਸੂਬੇ ਦੀਆਂ ਸਰਕਾਰੀ ਬੱਸਾਂ ਪ੍ਰਕਾਸ਼ ਪੁਰਬ ਸਮਾਰੋਹਾਂ ’ਚ ਲੱਗੀਆਂ ਹੋਈਆਂ ਹਨ ਜਦਕਿ ਵੱਡੇ ਘਰਾਣਿਆਂ ਦੀ ਟਰਾਂਸਪੋਰਟ ਸੜਕਾਂ ’ਤੇ ਦੌੜ ਰਹੀ ਹੈ। ਪਬਲਿਕ ਟਰਾਂਸਪੋਰਟ ਦੀ ਗੈਰਹਾਜ਼ਰੀ ਨੇ ਪ੍ਰਾਈਵੇਟ ਬੱਸਾਂ ’ਚ ਭੀੜ ਵਧਾ ਦਿੱਤੀ ਹੈ, ਜਿਸ ਦਾ ਲਾਹਾ ਅਕਾਲੀ ਅਤੇ ਕਾਂਗਰਸੀ ਆਗੂਆਂ ਦੀ ਟਰਾਂਸਪੋਰਟ ਨੂੰ ਮਿਲ ਰਿਹਾ ਹੈ। ਵੱਡੇ ਸਿਆਸੀ ਆਗੂ ਇੱਕ ਪਾਸੇ ਪ੍ਰਕਾਸ਼ ਪੁਰਬ ਸਮਾਰੋਹਾਂ ਵਿਚ ਸੇਵਾ ’ਚ ਜੁਟੇ ਹੋਏ ਹਨ, ਦੂਜੇ ਪਾਸੇ ਉਨ੍ਹਾਂ ਦੀ ਟਰਾਂਸਪੋਰਟ ਦੀ ਬੁਕਿੰਗ ਵਧੀ ਹੋਈ ਹੈ।
ਪੰਜਾਬ ਸਰਕਾਰ ਨੇ ਪ੍ਰਕਾਸ਼ ਪੁਰਬ ਸਮਾਰੋਹਾਂ ਲਈ ਪੀਆਰਟੀਸੀ ਤੋਂ 480 ਬੱਸਾਂ ਅਤੇ ਪੰਜਾਬ ਰੋਡਵੇਜ਼ ਤੋਂ 600 ਬੱਸਾਂ ਲਈਆਂ ਹਨ। ਵੇਰਵਿਆਂ ਅਨੁਸਾਰ ਪੀਆਰਟੀਸੀ ਕੋਲ ਇਸ ਵੇਲੇ ਕੁੱਲ 1100 ਬੱਸਾਂ ਹਨ, ਜਿਨ੍ਹਾਂ ’ਚੋਂ ਲਗਭਗ 600 ਬੱਸਾਂ ਸੜਕਾਂ ’ਤੇ ਰਹਿ ਗਈਆਂ ਹਨ। ਪੀਆਰਟੀਸੀ ਦੀਆਂ 80 ਬੱਸਾਂ ਤਾਂ ਪੱਕੇ ਤੌਰ ’ਤੇ ਸਮਾਰੋਹਾਂ ਵਿਚ ਹਨ। ਬਾਕੀ ਦਿਨਾਂ ਲਈ 400 ਬੱਸਾਂ ਲਈਆਂ ਗਈਆਂ ਹਨ। ਪੀਆਰਟੀਸੀ ਦੀ ਗੈਰਹਾਜ਼ਰੀ ਕਰਕੇ ਪ੍ਰਾਈਵੇਟ ਬੱਸ ਮਾਲਕਾਂ ਦੀ ਸਵਾਰੀ ਵਧ ਗਈ ਹੈ। ਬਠਿੰਡਾ-ਚੰਡੀਗੜ੍ਹ ਅਤੇ ਬਠਿੰਡਾ- ਲੁਧਿਆਣਾ ਲਈ ਸਵਾਰੀਆਂ ਕੋਲ ਪ੍ਰਾਈਵੇਟ ਬੱਸਾਂ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਸੂਤਰ ਦੱਸਦੇ ਹਨ ਕਿ ਵੱਡੇ ਘਰਾਣਿਆਂ ਵਿਚ ਕਾਂਗਰਸੀ ਆਗੂਆਂ ਦੀ ਟਰਾਂਸਪੋਰਟ ਵੀ ਸ਼ਾਮਲ ਹੈ। ਦੋ ਦਿਨਾਂ ਤੋਂ ਪ੍ਰਾਈਵੇਟ ਟਰਾਂਸਪੋਰਟ ਦੀ ਬੁਕਿੰਗ ਕਾਫ਼ੀ ਵਧ ਗਈ ਹੈ। ਪੀਆਰਟੀਸੀ ਦੇ ਜਨਰਲ ਮੈਨੇਜਰ (ਅਪਰੇਸ਼ਨ) ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਰੁਟੀਨ ਵਿਚ 80 ਬੱਸਾਂ ਸਰਕਾਰ ਨੇ ਲਈਆਂ ਹਨ ਜਦੋਂ ਕਿ ਕੁਝ ਦਿਨਾਂ ਲਈ 400 ਹੋਰ ਲਈਆਂ ਗਈਆਂ ਹਨ, ਜਿਨ੍ਹਾਂ ਦੀ ਅਦਾਇਗੀ ਸਰਕਾਰ ਵਲੋਂ ਕੀਤੀ ਜਾਣੀ ਹੈ।
ਪੰਜਾਬ ਰੋਡਵੇਜ਼ ਨੇ ਵੀ ਪ੍ਰਕਾਸ਼ ਪੁਰਬ ਸਮਾਰੋਹਾਂ ਲਈ 600 ਬੱਸਾਂ ਦਿੱਤੀਆਂ ਹਨ। ਪੰਜਾਬ ਰੋਡਵੇਜ਼ ਕੋਲ ਕੁੱਲ 1700 ਬੱਸਾਂ ਹਨ, ਜਿਨ੍ਹਾਂ ’ਚੋਂ 250 ਬੱਸਾਂ ਤਾਂ ਸਮਾਰੋਹਾਂ ਵਿਚ ਰੈਗੂਲਰ ਚੱਲ ਰਹੀਆਂ ਹਨ ਜਦੋਂਕਿ 600 ਬੱਸਾਂ ਅੱਜ ਸਰਕਾਰ ਨੇ ਵਾਧੂ ਲਈਆਂ ਸਨ। ਇਸੇ ਤਰ੍ਹਾਂ ਸਰਕਾਰ ਨੇ 12 ਨਵੰਬਰ ਦੇ ਸਮਾਰੋਹਾਂ ਲਈ 600 ਬੱਸਾਂ ਲਈਆਂ ਹਨ।
ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਮਿਨਹਾਸ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਦੋ ਦਿਨਾਂ ਲਈ 600 ਬੱਸਾਂ ਲਈਆਂ ਗਈਆਂ ਹਨ ਜਦੋਂਕਿ 250 ਬੱਸਾਂ ਰੈਗੂਲਰ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪ੍ਰਤੀ ਬੱਸ 4500 ਰੁਪਏ ਪ੍ਰਤੀ ਦਿਨ ਅਤੇ ਡੀਜ਼ਲ ਦਾ ਖਰਚਾ ਦਿੱਤਾ ਜਾਣਾ ਹੈ। ਸੂਤਰ ਦੱਸਦੇ ਹਨ ਕਿ ਲੰਮੇ ਰੂਟਾਂ ’ਤੇ ਚੱਲਦੀ ਪਬਲਿਕ ਟਰਾਂਸਪੋਰਟ ਨੂੰ ਸਮਾਰੋਹਾਂ ਵਿਚ ਭੇਜਿਆ ਗਿਆ ਹੈ, ਜਿਸ ਦਾ ਸਿੱਧਾ ਲਾਹਾ ਪ੍ਰਾਈਵੇਟ ਬੱਸ ਮਾਲਕਾਂ ਨੂੰ ਮਿਲ ਗਿਆ ਹੈ। ਦੂਜੇ ਪਾਸੇ ਪ੍ਰਾਈਵੇਟ ਟਰਾਂਸਪੋਰਟ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਛੋਟੇ ਸ਼ਹਿਰਾਂ ’ਚੋਂ ਸਵਾਰੀ ਨਾ ਆਉਣ ਕਰਕੇ ਪ੍ਰਾਈਵੇਟ ਬੱਸਾਂ ਦੀ ਬੁਕਿੰਗ ’ਤੇ ਬਹੁਤਾ ਅਸਰ ਨਹੀਂ ਪਿਆ ਹੈ।