ਪੈਨਸ਼ਨ

ਜਗਸੀਰ ਸਿੰਘ ਝੁੰਬਾ

(ਸਮਾਜ ਵੀਕਲੀ)

ਰੇਲ ਪਟਿਆਲ਼ੇ ਸਟੇਸ਼ਨ ਤੇ ਆ ਕੇ ਰੁਕੀ ,ਮੈਂ ਬਠਿੰਡੇ ਆ ਰਿਹਾ ਸੀ , ਡੱਬੇ ‘ ਚ ਕਾਫ਼ੀ ਭੀੜ ਹੋਣ ਕਾਰਨ ਮੈਂ ਥੋੜ੍ਹਾ ਜਾ ਖਿਸਕ ਕੇ ਅੱਗੇ ਹੋ ਗਿਆ , ਗੱਡੀ ਚੱਲ ਪੀ ,ਇੱਕ ਸੂਟ- ਬੂਟ ਪਹਿਨੀ ਬੈਠਾ 45 ਕੁ ਸਾਲ ਦਾ ਸਰਦਾਰ ਉੱਠਿਆ ਆਪਣਾ ਛੋਟਾ ਜਿਹਾ ਅਟੈਚੀ ਉੱਪਰ ਕਰਦਾ ਹੋਇਆ ਮੈਨੂੰ ਕਹਿੰਦਾ ,”ਆਜੋ ,ਬਹਿ ਜੋ ਮਾਸਟਰ ਜੀ!”

“ਮਖਿਆ ,ਸ਼ੁਕਰੀਆ ਬੇਟਾ ! ਤੁਸੀਂ ਬੈਠੋ ,ਕੋਈ ਨਾ।”

ਉਸ ਨੇ ,ਜਲਦੀ ਨਾਲ਼ ਉੱਠ ਕੇ ਮੈਨੂੰ ਆਪਣੀ ਜਗ੍ਹਾ ਤੇ ਬਿਠਾ ਦਿੱਤਾ, “ਲਗਦਾ ਤੁਸੀਂ ਪਛਾਣਿਆ ਨੀ ਜੀ , ਮੈ ਨਾਜ਼ਰ ਆ ਸੇਖ਼ਪੁਰੇ ਆਲ਼ਾ ,ਤਰਖਾਣਾ ਦਾ ਮੁੰਡਾ ,ਜੀਹਨੂੰ ਤੁਸੀਂ ਘਰੋਂ ਜਾ ਕੇ ਸਕੂਲ ਵਾਪਸ ਲਿਆਏ ਸੀ ,ਐਥੇ ਪਟਿਆਲਾ ਬੈਂਕ , ਮੇਨ ਬਰਾਂਚ ‘ ਚ ਹੈੱਡ ਮੈਨੇਜਰ ਆ ਜੀ, ਮੈਂ।”

ਮੇਰੇ 30-32 ਸਾਲ ਪਹਿਲਾਂ ਦੀ ਉਹ ਸਹਿ ਸੁਭਾਅ ਵਾਪਰੀ ਘਟਨਾ ਯਾਦ ਆ ਗਈ, ਮੈਂ ਉਦੋਂ ਤਲਵੰਡੀ ਲਾਗੇ ਕਿਸੇ ਪਿੰਡ ਵਿੱਚ ਨਵਾਂ- ਨਵਾਂ ਮੈਥ ਮਾਸਟਰ ਭਰਤੀ ਹੋਇਆ ਸੀ ,ਸਕੂਲ ਵਿੱਚ ਕੋਈ ਡਸਿਪਲਨ ਨਹੀਂ ਸੀ ,ਉਦੋਂ ਮੁੰਡੇ ਦਸਵੀਂ ‘ਚ ਆਮ ਈ ਦਾਹੜੀ ਮੁੱਛਾਂ ਆਲ਼ੇ ਹੋ ਜਾਂਦੇ ਸੀ , ਅੱਧੀ ਛੁੱਟੀ ਤੋਂ ਬਾਅਦ ਅੱਧੇ ਜਵਾਕ ਸਕੂਲ ਈ ਨਾ ਆਇਆ ਕਰਨ, ਮੈਂ ਦੋ ਕੁ ਦਿਨ ਤਾਂ ਵੇਖਿਆ ,ਫਿਰ ਇੱਕ ਦਿਨ ਲੇਟ ਆਇਆਂ ਦੀ ਚੰਗੀ ਰੇਲ਼ ਬਣਾਈ, ਦੋ ਕੁ ਦਿਨਾਂ ‘ ਚ ਖਾਸਾ ਸੁਧਾਰ ਹੋ ਗਿਆ , ਜਿਹੜੇ ਮੁੜ ਜਾਂਦੇ ਦੋ ਕੁ ਸ਼ਾਰ ਜੇ ਜਵਾਕ ਨਾਲ਼ ਲੈ ਕੇ ਉਹਨਾਂ ਨੂੰ ਘਰੋਂ ਲਿਆਉਂਦੇ , ਮੈਂ ਉਦੋਂ ਤਲਵੰਡੀ ਈ ਰਹਿੰਦਾ ਸੀ। ਸਕੂਲ ਬਾਡਰ ਤੇ ਹੋਣ ਕਰਕੇ ਇਸਨੂੰ ਮਸਾਂ ਈ ਮਾਸਟਰ ਨਸੀਬ ਹੁੰਦਾ ਸੀ। ਹੋਇਆ ਕੀ ਵੀ ਇੱਕ ਦਿਨ ਮੈਂ ਹਿਸਾਬ ਦੇ ਪੀਰਡ ‘ਚ ਜਵਾਕ ਕਾਫ਼ੀ ਛਾਂਗੇ । ਇੱਕ ਜਵਾਕ ਤਿੰਨ-ਚਾਰ ਦਿਨ ਸਕੂਲ ਨਾ ਆਇਆ, ਮੈਂ ਹਾਜ਼ਰੀ ਲਾਉਣ ਵੇਲ਼ੇ ਪੁੱਛਿਆ,

” ਆਹ ਨਾਜ਼ਰ ਨੂੰ ਕੀ ਹੋ ਗਿਆ, ਉਏ ?ਸਕੂਲ ਨੀ ਆਉਂਦਾ !”

” ਮਾਸਟਰ ਜੀ, ਉਹ ਕਹਿੰਦਾ ਸਾਹਬ ਆਲ਼ਾ ਮਾਸਟਰ ਤਾਂ ਵਾਹਲਾ ਕੁੱਟਦਾ ,ਮੈਂ ਨੀ ਸਕੂਲ ਆਉਂਦਾ ।”

ਮੈਂ ਦੂਜੇ ਦਿਨ ਤੜਕੇ ਈ ਉਸ ਜਵਾਕ ਨੂੰ ਨਾਲ਼ ਲੈ ਕੇ ,ਨਾਜ਼ਰ ਕੇ ਘਰੇ , ਚਲਾ ਗਿਆ, ਉਸਦਾ ਬਾਪ ਦਰਵਾਜ਼ੇ ‘ਚ ਬੈਠਾ ਤਰਖਾਣਾ ਕੰਮ ਕਰ ਰਿਹਾ ਸੀ।

ਮਖਿਆ,” ਬਾਬਾ ਜੀ ,ਨਾਜ਼ਰ ਕਿੱਧਰ ਆ ,ਕਈ ਦਿਨ ਹੋ ਗੇ ਸਕੂਲ ਨੀ ਆਇਆ ।” ਤੇਸਾ ਪਾਸੇ ਕਰਦਾ ਹੋਇਆ ਉਹ ਬੋਲਿਆ,

“ਮਾਸਟਰ ਜੀ, ਤੁਸੀਂ ਮਾੜਾ ਮੋਟਾ ਤਾੜਿਆ ਹੋਣਾ ,ਕੰਜਰ ਮੈਨੂੰ ਆਹਦਾ, ਕਿਸੇ ਕੰਮ ਲਾ ਦੇ ਬਾਪੂ,ਪਰ ਮੈਂ ਸਕੂਲ ਨੀ ਜਾਂਦਾ।”

ਜਦੋਂ ਮੈਂ ਅੰਦਰ ਨੂੰ ਹੋਇਆ,ਸਾਨੂੰ ਵੇਖ ਕੇ ਕੰਧ ਤੋਂ ਛਾਲ਼ ਮਾਰ ਕੇ ਖੇਤਾਂ ਨੂੰ ਭੱਜ ਗਿਆ।

ਦੂਜੇ ਦਿਨ ਮੈਂ ਸਵੇਰੇ ਮੰਜੇ ਤੇ ਸੁੱਤੇ ਨੂੰ ਹੀ ਫੜ ਲਿਆ , ਕਹਿੰਦਾ, ” ਮਾਸਟਰ ਜੀ,ਤੁਸੀਂ ਪੜ੍ਹਾਉਣੇ ਓਂ ਸਾਬ ,ਸਾਬ ਮੈਨੂੰ ਆਉਂਦਾ ਨੀ, ਮੈਥੋਂ ਡੰਡੇ ਨੀ ਖਾਧੇ ਜਾਂਦੇ ਜੀ।”

ਮਖਿਆ ,ਬੇਟਾ ਤੂੰ ਸਕੂਲ ਚੱਲ ਪੁੱਤ ਬਣ ਕੇ ,ਐਦੂੰ ਬਾਦ ਮੈਂ ਤੈਨੂੰ ਕੁੱਝ ਨੀ ਆਹਦਾ ,ਜੋ ਤੈਨੂੰ ਆਉਂਦਾ ਕਰ ਲਿਆ ਕਰੀਂ ,ਪਰ ਸਕੂਲ ਆਇਆ ਕਰ ,ਉਸਨੇ ਹਿੰਮਤ ਕੀਤੀ ਤੇ ਸਕੂਲ ਆਉਣ ਲੱਗ ਗਿਆ ,ਮੈਂ ਵੀ ਉਸਨੂੰ ਕਦੇ ਕੁੱਝ ਨੀ ਕਿਹਾ ,ਸੱਤ- ਅੱਠ ਮੀਹਨਿਆਂ ਬਾਦ ਮੇਰੀ ਬਠਿੰਡੇ ਨੇੜੇ ਬਦਲੀ ਹੋ ਗੀ ਤੇ ਅੱਜ 30-32 ਸਾਲ ਬਾਅਦ ਦੁਬਾਰਾ ਮੇਲ ਹੋਇਆ ,ਧੂਰੀ ਲੰਘ ਕੇ ਸੀੜ ਹੋ ਗਈ ਤੇ ਉਹ ਮੇਰੇ ਨਾਲ਼ ਹੀ ਬੈਠ ਗਿਆ।

” ਹੋਰ ਸੇਹਤ ਠੀਕ ਆ ਜੀ , ਘਰ ਸਭ ਠੀਕ ਨੇ!”

“ਮਖਿਆ ,ਹਾਂ ਬੇਟਾ ,ਸਭ ਠੀਕ ਆ ।”

“ਕਿੱਧਰ ਜਾ ਆਏ ਜੀ !”

“ਚੰਡੀਗੜ੍ਹ ਗਿਆ ਸੀ ,ਬੇਟਾ ,ਪੈਨਸ਼ਨ ਕੇਸ ‘ ਚ ਦੋ – ਤਿੰਨ ਗੇੜੇ ਲਵਾਤੇ,ਐਵੇਂ ਹੈਰਾਨ ਕਰੀ ਜਾਂਦੇ ਆ ,ਪਰ ਅੱਜ ਤੈਨੂੰ ਵੇਖ ਕੇ ਸਾਰੀ ਪਰੇਸ਼ਾਨੀ ਦੂਰ ਹੋ ਗਈ ,ਮੇਰੀ ਅਸਲ ਪੈਨਸ਼ਨ ਤਾਂ ਤੁਸੀਂ ਓਂ ,ਮਨ ਬਾਗ਼- ਬਾਗ਼ ਹੋ ਗਿਆ,ਬੇਟਾ।

“ਤੁਹਾਡੀ ਈ ਦੇਣ ਆ ਜੀ ,ਜੇ ਤੁਸੀਂ ਉਸ ਦਿਨ ਘਰੋਂ ਨਾ ਲੈਣ ਆਉਂਦੇ ਤਾਂ ਅੱਜ ਮੈਂ ਵੀ ਪਿਤਾ- ਪੁਰਖੀ ਕੰਮ ਕਰੀ ਜਾਂਦਾ ਹੁੰਦਾ.!”…..ਗੱਲ ਸੁਣਾਉਂਦੇ ਮਾਸਟਰ ਜਸਵੰਤ ਸਿਓਂ ਦੇ ਚਿਹਰੇ ਤੋਂ ਸੱਚੀ ਰੱਬੀ ਨੂਰ ਝਲਕ ਰਿਹਾ ਸੀ……

ਜਗਸੀਰ ਸਿੰਘ’ ਝੁੰਬਾ’

ਮੋਬਾਈਲ ਨੰ: 95014 33344

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly