ਪੀਐਚ.ਡੀ. ਵਾਲਿਆਂ ਨੂੰ ਪੜਨੇ ਤੇ ਵਾਹਣੀ ਪਾਉਣ ਵਾਲਾ : ਬੁੱਧ ਸਿੰਘ ਨੀਲੋੰ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਪੰਜਾਬੀ ਸਾਹਿਤ ਤੇ ਪੱਤਰਕਾਰੀ ਦੇ ਵਿੱਚ  ਬਹੁਤ  ਲੋਕ ਕਲਮਾਂ ਘਸਾ ਰਹੇ ਹਨ, ਤੇ ਕਿਤਾਬਾਂ  ਛਪਵਾ ਰਹੇ ਹਨ। ਪੱਲਿਓਂ ਪੈਸੇ ਦੇ ਕਿਤਾਬਾਂ ਛਪਵਾ ਕੇ ਆਪਣੀ ਆਪੇ ਚਰਚਾ ਕਰਵਾਉਂਦੇ ਹਨ। ਪਰ! ਇਹ  ਸ਼ਾਇਦ ਇਹ ਪਹਿਲਾ ਲੇਖਕ ਹੈ ਜਿਸ ਦੀ ਅਜੇਂ ਕਿਤਾਬ ਵੀ ਨਹੀਂ  ਛਪੀ ਪਰ! ਚਰਚਾ ਏਨੀ ਹੈ ਕਿ ਜਿੱਥੇ ਵੀ ਪੰਜਾਬੀ ਜੁੜਦੇ ਹਨ ਤਾਂ  ਬੁੱਧ  ਬੋਲ,  ਬੁੱਧ  ਚਿੰਤਨ  ਤੇ ਇਲਤੀ ਬਾਬਾ  ਦੀ ਗੱਲ ਹੁੰਦੀ  ਹੈ। ਉਹ  ਨਾਂ ਕਾਲਜ ਤੇ ਨਾਂ ਯੂਨੀਵਰਸਿਟੀ ਪੜ੍ਹਿਆ ,ਪਰ! ਉਹ  ਸਾਹਿਤ  ਤੇ ਸਮਾਜ  ਨੂੰ ਏਨਾ ਪੜ੍ਹ ਗਿਆ  ਹੈ ਕਿ ਹਰ ਵਿਸ਼ੇ ‘ਤੇ ਖੋਜ ਕਰਕੇ  ਲਿਖਣ ਦਾ ਮਾਹਿਰ ਹੋ ਗਿਆ।

ਪੰਜਾਬੀ ਵਿਸ਼ੇ ‘ਤੇ ਹੁੰਦੀਆਂ ਤੇ ਹੋਈਆਂ  ਜਾਅਲੀ ਡਿਗਰੀਆਂ ਦਾ ਪਰਦਾ  ਜਦੋਂ  ਉਸ  ਨੇ ਚੁੱਕਿਆ ਸੀ ਤੇ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਵਿੱਚ  ਭੁਚਾਲ  ਆ ਗਿਆ  ਸੀ। ਉਸ ਨੇ ਪੰਜਾਬੀ ਸਿੱਖਿਆ ਦੇ ਤੇ ਪੰਜਾਬੀ ਸਾਹਿਤ ਦੇ ਅਖੌਤੀ  ਬਣੇ ਡਾਕਟਰਾਂ ਦਾ ਅੰਦਰਲਾ ਸੱਚ ਲੋਕਾਂ ਦੇ ਸਾਹਮਣੇ ਰੱਖਿਆ ।

ਇਹ  ਸ਼ਖਸ ਬਹੁਤ ਹੀ ਸਧਾਰਨ ਪਰਵਾਰ ਦੇ ਵਿੱਚ  ਜੰਮਿਆ  ਪਲਿਆ। ਅੱਠਵੀਂ ਵਿੱਚ  ਪੜ੍ਹਦੇ ਨੂੰ ਸਕੂਲੋੰ ਹਟਾ ਕੇ ਸੀਰੀ ਰਲਾ ਦਿੱਤਾ ।  ਪਰ! ਪ੍ਰਾਈਵੇਟ ਪੇਪਰ ਦੇ ਕੇ ਅੱਠਵੀਂ ਕਰਕੇ  ਫੇਰ ਸਕੂਲ ਪੜ੍ਹਨ  ਲੱਗ ਗਿਆ ।  ਦਸਵੀਂ ਦੇ ਵਿੱਚ  ਪੜ੍ਹਦਾ ਲੁਧਿਆਣੇ ਹਰ ਛੁੱਟੀ ਨੂੰ  ਰਾਜ ਮਿਸਤਰੀ ਦੇ ਨਾਲ ਦਿਹਾੜੀ ਕਰਦਾ।  ਉਹ ਹਾਇਰ ਸੈਕੰਡਰੀ ਤੱਕ ਹੀ ਪੜ੍ਹ  ਸਕਿਆ । ਘਰ ਦੀ ਆਰਥਿਕ  ਤੰਗੀ ਨੇ ਉਸ ਦੇ ਪੜ੍ਹਨ ਦੇ ਚਾਅ ਪੂਰੇ ਨਾ ਹੋਣ ਦਿੱਤੇ। ਫੈਕਟਰੀਆਂ ਦੇ ਵਿੱਚ  ਕੰਮ ਕੀਤਾ  ਤੇ ਫੇਰ ਅਖਬਾਰ ਦੇ ਵਿੱਚ  ਬਤੌਰ ਪਰੂਫ ਰੀਡਰ ਲੱਗ ਗਿਆ । ਰੋਜ਼ਾਨਾ ਅੱਜ ਦੀ ਆਵਾਜ਼ ,  ਨਵਾਂ ਜਮਾਨਾ, ਅਕਾਲੀ ਪੱਤ੍ਰਿਕਾ  ਦੇ ਵਿੱਚ  ਕਈ ਵਰੇ ਸੰਪਾਦਕੀ ਬੋਰਡ ਵਿੱਚ  ਸੇਵਾਵਾਂ  ਨਿਭਾਉਂਦਾ ਰਿਹਾ।ਇਸ ਤੋਂ ਇਲਾਵਾ ਇੰਚਾਰਜ ਸਪੋਕਸਮੈਨ, ਬਿਓਰੋ ਦੇਸ਼ ਵਿਦੇਸ਼ ਟਾਈਮਜ਼ ਲੁਧਿਆਣਾ ਕਨੇਡਾ,ਸਹਾਇਕ ਸੰਪਾਦਕ ਜੁਝਾਰ ਟਾਈਮਜ਼ ਲੁਧਿਆਣਾ ਵੱਜੋਂ ਸੇਵਾਵਾਂ ਨਿਭਾਈਆਂ।

ਪਿੰਡ ਨੀਲੋੰ ਕਲਾਂ ਜਿਲ੍ਹਾ  ਲੁਧਿਆਣਾ ਦਾ ਜੰਮਿਆ  ਬੁੱਧ  ਸਿੰਘ  ਨੀਲੋੰ ਹੁਣ ਲੁਧਿਆਣਾ ਵਿੱਚ  ਪੰਜਾਬੀ ਭਵਨ  ਦੇ ਵਿੱਚ ਰਹਿੰਦਾ ਹੈ।
ਪੰਜਾਬੀ ਦਾ ਕੋਈ ਅਖਬਾਰ ਤੇ ਸਾਹਿਤਕ  ਮੈਗਜ਼ੀਨ ਅਜਿਹਾ ਨਹੀ ਜਿੱਥੇ ਉਸ ਦੇ ਲੇਖ ਤੇ ਕਵਿਤਾਵਾਂ ਨਾ ਛਪੀਆਂ ਹੋਣ।  1983 ਦੇ ਵਿੱਚ  ਪੰਜਾਬੀ ਟ੍ਰਿਬਿਊਨ ਦੇ ਵਿੱਚ  ਲਗਾਤਾਰ ਛਪਣ ਲੱਗਿਆ । ਇਲਾਕੇ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਨਾਲ ਜੁੜਿਆ ਹੀ ਨਹੀਂ  ਰਿਹਾ ਸਗੋਂ ਪਿੰਡ  ਵਿੱਚ  ਹਰ ਸਾਲ ਸਾਹਿਤਕ  ਸਮਾਗਮ ਤੇ ਨਾਟਕ ਕਰਵਾਉਂਦਾ ਰਿਹਾ। ਜਿਸ ਵਿੱਚ ਉਹ ਕਲਾ ਸੰਗਮ ਨੀਲੋਂ ਪੁਲ,ਪੰਜਾਬੀ ਲਿਖਾਰੀ ਸਭਾ ਰਾਮਪੁਰ, ਪ੍ਰੈਸ ਲਾਇਨਜ਼ ਕਲੱਬ ਲੁਧਿਆਣਾ ਵਿੱਚ ਬਤੌਰ ਸਕੱਤਰ ਅਤੇ ਜਨਰਲ ਸਕੱਤਰ ਵੱਜੋਂ ਸੇਵਾਵਾਂ ਨਿਭਾ ਚੁੱਕਾ ਹੈ ਅਤੇ ਬਤੌਰ ਸਰਪ੍ਰਸਤ ਉਸਨੇ ਸੰਤ ਰਾਮ ਉਦਾਸੀ ਯਾਦਗਾਰੀ ਸਭਾ ਲੁਧਿਆਣਾ, ਅਤੇ ਦਿਹਾਤੀ ਪ੍ਰੈਸ ਕਲੱਬ ਵਿੱਚ ਸੇਵਾਵਾਂ ਨਿਭਾਈਆਂ ਹਨ।ਅਨੇਕ ਨੌਜਵਾਨਾਂ ਨੂੰ  ਪੱਤਰਕਾਰਤਾ ਦੇ ਨਾਲ ਜੋੜਿਆ । ਖਬਰ ਲਿਖਣ ਦੇ ਗੁਰ ਦੱਸੇ।

ਉਸ ਦੇ ਕੋਲ ਕੋਈ ਡਿਗਰੀ ਨਾ ਹੋਣ ਕਰਕੇ  ਸਰਕਾਰੀ  ਨੌਕਰੀ ਨਹੀਂ  ਕਰ ਸਕਿਆ ।  ਪੰਜਾਬੀ ਦੇ ਅਨੇਕ ਸਾਹਿਤਕ ਤੇ ਰਾਜਨੀਤਿਕ  ਮੈਗਜ਼ੀਨ ਦਾ ਕਾਲਮ ਨਵੀਸ ਰਿਹਾ।  ਹੁਣ ਪਿਛਲੇ ਤੇਈ ਵਰਿਆਂ ਤੋਂ  ਪੰਜਾਬੀ ਸਾਹਿਤ  ਅਕਾਦਮੀ ਪੰਜਾਬੀ ਭਵਨ ਲੁਧਿਆਣਾ ਦੀ ਲਾਇਬ੍ਰੇਰੀ ਦੇ ਵਿੱਚ  ਸਹਾਇਕ ਵਜੋਂ  ਸੇਵਾਵਾਂ ਨਿਭਾਉਂਦਾ ਰਿਹਾ।  ਲਾਇਬ੍ਰੇਰੀ ਦੀਆਂ ਸੇਵਾਵਾਂ ਵੇਲੇ  ਉਸ  ਨੇ ਕਿਤਾਬਾਂ ਤੇ  ਐਮ.ਏ. ਐਮ.ਫਿਲ.ਪੀਐਚ.ਡੀ ਤੇ ਡੀ. ਲਿਟ ਦੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਤੇ ਹਰ ਵਿਧਾ ਦੀਆਂ  ਕਿਤਾਬਾਂ  ਨੂੰ ਘੋਲ ਕੇ ਪੀ ਲਿਆ ।

ਜਦੋਂ  ਉਸ ਨੇ ਪੀਐਚ.ਡੀ. ਦੇ ਥੀਸਿਸ  ਪੜ੍ਹਨੇ ਸ਼ੁਰੂ ਕੀਤੇ ਤਾਂ  ਇਹਨਾਂ ਦੇ ਵਿੱਚ  ਹੋਈਆਂ  ਗੜਬੜਾਂ ਤੋਂ  ਪਰਦੇ ਚੁੱਕਿਆ  ਤੇ ਉਹ  ਦੀ ਚਰਚਾ  ਯੂਨੀਵਰਸਿਟੀਆਂ ਤੇ ਖੋਜਾਰਥੀਆਂ ਦੇ ਵਿੱਚ  ਹੋਣ ਲੱਗੀ ਉਸ ਨੇ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਹੋਏ ਥੀਸਿਸਾਂ ਦੀਆਂ  ਨਕਲਾਂ ਨੂੰ  ਸਬੂਤਾਂ ਸਮੇਤ ਅਖਬਾਰਾਂ ਦੇ ਵਿੱਚ  ਛਾਪਣ ਦਾ ਹੌਸਲਾ  ਕੀਤਾ । ਇਸ ਦੇ ਨਾਲ  ਉਸ ਦੀ ਚਰਚਾ ਤਾਂ  ਬਹੁਤ  ਹੋ ਗਈ ਪਰ! ਉਸ ਨੂੰ  ਧਮਕੀਆਂ ਤੇ ਫਾਕੇ ਝੱਲਣੇ ਪਏ।  ਨੌਕਰੀ ਵੀ ਗਵਾਈ।  ਪਰ ਆਪਣਾ ਖੋਜ ਦਾ ਕੰਮ ਨਾ ਛੱਡਿਆ। ਉਸ ਨੇ ਹੁਣ ਤੱਕ  ਪੰਜਾਬ , ਹਰਿਆਣਾ , ਦਿੱਲੀ  , ਚੰਡੀਗੜ੍ਹ  ਤੇ ਜੰਮੂ ਦੀਆਂ  ਯੂਨੀਵਰਸਿਟੀਆਂ ਦੇ ਵਿੱਚ ਹੋਏ ਸਾਰੇ ਨਹੀਂ  ਵੱਡੀ ਗਿਣਤੀ ਦੇ ਵਿੱਚ  ਥੀਸਿਸ ਪੜ੍ਹ  ਕੇ ਉਸਦਾ ਪਰਦਾਫਾਸ਼ ਕੀਤਾ ।

ਉਸਨੇ ਪੰਜਾਬੀ ਦੇ ਲੋਕ ਕਵੀ ਤੇ ਕਵੀਸ਼ਰ ਬਾਬੂ ਰਜਬ ਅਲੀ ਦੀ ਪੁਸਤਕ  “” ਕਲਾਮ  ਬਾਬੂ  ਰਜਬ ਅਲੀ ” 2009 ਦੇ ਵਿੱਚ  ਸੰਪਾਦਿਤ ਕੀਤੀ ।  ਜਿਸ ਦੇ ਹੁਣ ਤੱਕ ਪੰਜ ਐਡੀਸ਼ਨ ਆ ਚੁੱਕੇ ਹਨ। ਇਸ ਤੋਂ  ਬਿਨਾਂ ਸੱਤ ਕਿਤਾਬਾਂ  ਅਨੁਵਾਦ  ਕੀਤੀਆਂ  ਹਨ।  ਉਸ ਨੇ ਪੰਜਾਬ ਦੇ ਬਾਰੇ ਖੋਜ ਪੁਸਤਕ  ” ਪੰਜਾਬ ਦੀ ਤਸਵੀਰ ”  ਹੈ ਜਿਸ ਦੇ ਵੀ ਹੁਣ ਤਿੰਨ  ਐਡੀਸ਼ਨ ਆ ਚੁੱਕੇ ਹਨ। ਉਸਦੀ ਪੰਜਾਬੀ ਸਾਹਿਤ  ਤੇ ਯੂਨੀਵਰਸਿਟੀਆਂ ਦੇ ਵਿੱਚ  ਹੁੰਦੀ  ਘਪਲੇਬਾਜ਼ੀ ਦਾ ਪਰਦਾ ਚੁੱਕਦੀ ਪੁਸਤਕ  ” ਪੰਜਾਬੀ ਸਾਹਿਤ ਦਾ ਮਾਫੀਆ ” ਛਪ ਰਹੀ ਹੈ।  ਇਸ  ਕਿਤਾਬ ਦੀ ਹਰ ਕੋਈ ਬੇਸਬਰੀ ਦੇ ਨਾਲ ਉਡੀਕ  ਕਰ ਰਿਹਾ ਹੈ। ਇਸ ਤੋਂ ਇਲਾਵਾ ਉਸਦੀਆਂ ਅਨੁਵਾਦ ਕੀਤੀਆਂ ਕਿਤਾਬਾਂ ਵਿੱਚ ‘ਤਿੱਤਲੀ ਦੇ ਰੰਗ’, ‘ਸਫ਼ਲਤਾ ਦੇ ਗੁਰ’ ਅਤੇ ‘ਲੋਕ ਵਿਹਾਰ’ ਅਤੇ ਉਸਦੀਆਂ ਮੌਲਿਕ ਖੋਜ਼ ਪੁਸਤਕਾਂ ਵਿੱਚ ‘ਪੰਜਾਬ ਦੀ ਤਸਵੀਰ’ ,’ਪੰਜਾਬੀ ਸਾਹਿਤ ਦਾ ਮਾਫ਼ੀਆ’ , ‘ਤਾਇਆ ਬਿਸ਼ਨਾ’ , ‘ਮੇਰੀਆਂ ਸੰਪਾਦਕੀ’ , ‘ਪੰਜਾਬੀ ਬਾਲ ਸਾਹਿਤ ਲੇਖਕ’ ਅਤੇ ‘ਲੇਖਕਾਂ ਦੇ ਸ਼ਬਦ ਚਿੱਤਰ’ ਆਦਿ ਛਪ ਚੁੱਕੀਆਂ ਹਨ।

ਉਸ ਦੇ ਕੋਲ ਕੋਈ  ਡਿਗਰੀਆਂ  ਨਹੀਂ ਪਰ! ਉਸ ਨੇ ਅਨੇਕਾਂ  ਨੂੰ  ਡਿਗਰੀਆਂ ਦਿਵਾਈਆਂ ਹਨ।  ਹੁਣ ਵੀ ਉਹ  ਸੋਸ਼ਲ ਮੀਡੀਆ ਤੇ ਸਭ ਤੋਂ  ਵੱਧ ਲਿਖ ਰਿਹਾ ਹੈ। ਉਸਦੇ  ਨਾਲ ਟੀਵੀ  ਤੇ ਰੇਡੀਓ ਵਾਲੇ ਅਨੇਕਾਂ ਵਾਰ ਪੀਐਚ.ਡੀ. ਦੇ ਬਾਰੇ ਗੱਲਬਾਤ ਕਰ ਚੁੱਕੇ ਹਨ ਤੇ ਹੁਣ ਵੀ ਉਹ ਦੇਸ਼ ਵਿਦੇਸ਼ ਦੇ ਕਿਸੇ ਰੇਡੀਓ ਤੇ ਇਹਨਾਂ ਨਕਲੀ ਡਾਕਟਰਾਂ ਦੀਆਂ ਬੱਖੀਆਂ ਉਧੇੜਦਾ ਹੈ।  ਉਸ ਨੂੰ  ਲਾਇਬ੍ਰੇਰੀ ਦੇ ਨਾਲ ਏਨਾ ਪਿਆਰ  ਹੋ ਗਿਆ ਸੀ ਕਿ ਉਹ ਲਾਇਬ੍ਰੇਰੀ ਦੀਆਂ  ਕਿਤਾਬਾਂ ਤੇ ਥੀਸਿਸ ਦੇ ਬਾਰੇ ਏਨਾ ਜਾਣਦਾ ਸੀ ਕਿ ਘਰੇ ਬੈਠਾ ਵੀ ਕਿਸੇ ਨੂੰ  ਲਾਇਬ੍ਰੇਰੀ ਦੇ ਵਿੱਚ  ਪਈਆਂ ਕਿਤਾਬਾਂ  ਬਾਰੇ ਦੱਸ ਸਕਦਾ ਸੀ।  ਹੁਣ ਉਸ  ਨੂੰ  ਨਿੱਤ ਖੋਜ ਕਰਨ ਵਾਲਿਆਂ ਦੇ ਹੀ ਨਹੀਂ  ਸਗੋਂ  ਉਸ ਦੀਆਂ  ਲਿਖਤਾਂ ਦੇ ਪਾਠਕਾਂ ਦੇ ਤੇ ਪੰਜਾਬੀ ਨੂੰ  ਪਿਆਰ ਕਰਨ ਵਾਲਿਆਂ ਦੇ ਫੋਨ ਆਉਦੇ ਹਨ।

ਉਸ ਦੇ ਹੁਣ ਤੱਕ ਕੀਤੇ ਖੋਜ ਕਾਰਜ ਦਾ ਕਿਸੇ ਸੰਸਥਾ ਨੇ ਮੁੱਲ  ਨਹੀਂ  ਪਾਇਆ । ਇਹ ਖੋਜੀ ਲੇਖਕ  ਹਰ ਲੇਖ ਦੇ ਵਿੱਚ  ਹਰ ਦਿਨ ਨਵੀਆਂ  ਗੱਲਾਂ ਕਰਦਾ ਹੈ। ਪੰਜਾਬੀ ਦੇ ਕਈ ਅਖਬਾਰਾਂ ਦੀਆਂ ਸੰਪਾਦਕੀਆਂ ਵੀ ਲਿਖਦਾ ਹੈ।  ਉਸਦੇ ਕੋਲ ਬਹੁਤ ਲੋਕਾਂ ਦੀਆਂ  ਚਲਾਕੀਆਂ ਦੇ ਕਿੱਸੇ ਹਨ। ਕਿਸ ਨੇ ਕਿਸ ਦੇ ਥੀਸਿਸ ਤੇ ਕਿਤਾਬ  ਦੀ ਨਕਲ ਮਾਰੀ ਹੈ ਸਭ ਦਾ ਪਤਾ ਹੈ। ਹੁਣ ਲੁਧਿਆਣਾ ਤੋਂ  ਛਪਦੇ ਰੋਜ਼ਾਨਾ  ਪਹਿਰੇਦਾਰ ਤੇ ਰੋਜ਼ਾਨਾ  ਜੁਝਾਰ ਟਾਈਮਜ਼  ਦਾ ਸੀਨੀਅਰ ਸਬ ਐਡੀਟਰ ਹੈ।  ਰੋਜ਼ਾਨਾ  ਸੰਪਾਦਕੀ ਤੇ ਬੁੱਧ  ਬੋਲ ,  ਤਾਇਆ ਬਿਸ਼ਨਾ,  ਪਿਆਜ ਦੇ ਛਿਲਕੇ, ਇਲਤੀਨਾਮਾ ਤੇ ਬੁੱਧ  ਚਿੰਤਨ  ਅਜਿਹੇ ਕਾਲਮ ਲਿਖਦਾ ਹੈ।

ਆਪਣੀ  ਪਤਨੀ ਬਲਜੀਤ ਕੌਰ  ਤੇ ਬੇਟੇ ਗੌਰਵਦੀਪ ਸਿੰਘ  (ਦੀਪ ਸਾਹਨੀ) ਦੇ ਨਾਲ  ਬਹੁਤ ਹੀ ਸਧਾਰਨ  ਜ਼ਿੰਦਗੀ  ਜੀਅ ਰਿਹਾ ਹੈ।
ਇਹ  ਸੱਚ ਮੁੱਚ ਦਾ ਪ੍ਰਲੋਤਾਰੀ ਹੈ।  ਜਿਹੜਾ  ਸਮਾਜ ਦੇ ਵਿੱਚ  ਵੱਧ ਰਹੇ ਸਾਹਿਤਕ ਪ੍ਰਦੂਸ਼ਣ ਨੂੰ  ਸਾਫ ਕਰਨ ਦਾ ਯਤਨ ਕਰਦਾ ਹੈ।  ਉਹ ਹੈ ਕੀ ਹੈ ਪਤਾ ਨਹੀਂ …?   ਬਹੁਤੇ  ਲੋਕਾਂ  ਇਹ  ਭੁਲੇਖਾ ਹੈ ਕਿ ਉਹ  ਕਿਸੇ ਯੂਨੀਵਰਸਿਟੀ  ਜਾਂ  ਕਾਲਜ ਦੇ ਵਿੱਚ  ਪ੍ਰੋਫੈਸਰ  ਹੈ ਪਰ ਉਹ  ਤੇ ਇਕ ਕਲਮ ਦਾ ਮਜ਼ਦੂਰ  ਹੈ।  ਜੋ ਆਪਣੇ  ਹਿੱਸੇ ਦਾ ਫਰਜ਼  ਨਿਭਾ ਰਿਹਾ ਹੈ।  ਉਸਨੂੰ  ਪਤਾ ਹੈ ਕੀ ਲਿਖਣਾ, ਕਿਵੇਂ  ਲਿਖਣਾ , ਕੀਹਨਾ ਦੇ ਲਈ  ਲਿਖਣਾ ਤੇ ਲਿਖਣ ਦੀ ਕਿਉਂ  ਲੋੜ  ਹੈ?

ਜਿਵੇਂ  ਪਹਾੜਾਂ ਤੋਂ  ਟੁੱਟ ਕੇ ਧਰਤੀ  ਤੱਕ ਪੁਜਦਾ ਪੱਥਰ  ਗੋਲ ਹੋ ਜਾਂਦਾ  ਹੈ।  ਬਸ ਏਹੀ ਉਸਦੇ ਨਾਲ ਹੋਇਆ ਹੈ । ਸਮਾਜ ਦੇ ਵਿੱਚ  ਵਿਚਰਦਿਆਂ ਉਹ  ਗੋਲ ਨਹੀਂ  ਸਗੋਂ  ਤਿਕੋਣਾ ਬਣ ਗਿਆ  ਹੈ ਜਿਸ ਦੀਆਂ  ਲਿਖਤਾਂ  ਅਖੌਤੀ  ਵਿਦਵਾਨਾਂ  ਤੇ ਲੇਖਕਾਂ ਨੂੰ  ਤਾਂ  ਚੁੱਭਦੀਆਂ ਪਰ! ਪੰਜਾਬੀ  ਮਾਂ ਬੋਲੀ ਨੂੰ  ਪਿਆਰ  ਕਰਨ ਵਾਲਿਆਂ  ਨੂੰ   ਬਹੁਤ  ਚੰਗੀਆਂ ਲੱਗਦੀਆਂ  ਹਨ। ਉਸ ਦੀਆਂ  ਲਿਖਤਾਂ ਦੀ ਸੋਸ਼ਲ ਮੀਡੀਆ ਤੇ ਪਾਠਕ ਹਰ ਰੋਜ਼  ਉਡੀਕ ਦੇ ਹਨ।

ਉਸਦੇ ਬਾਰੇ ਏਨਾ ਕੁ ਪਤਾ ਮੈਨੂੰ  ਲੱਗਿਆ  ਹੈ ਪਰ! ਉਹ  ਹੈ ਕੀ, ਕਦੋਂ  ਪੜ੍ਹਦਾ ਤੇ ਲਿਖਦਾ..ਉਸ ਨੂੰ  ਹੀ ਪਤਾ ਹੈ ਕੀ ਹੈ?…ਪਰ! ਉਹ ਕਹਿੰਦਾ  ਮੈਂ  ਕੀ ਹਾਂ  ਤੇ ਕਿਉਂ  ਹਾਂ  ਪਤਾ ਨਹੀਂ ।  ਪਰ ! ਇਹ  ਸੱਚਮੁੱਚ ਦਾ ਪੰਜਾਬੀ ਸਾਹਿਤ  ਤੇ ਸਮਾਜ ਨੂੰ  ਮੁਹੱਬਤ ਕਰਨ ਵਾਲਾ ਉਹ ਕਲਮ ਦਾ ਯੋਧਾ  ਹੈ ਜਿਹੜਾ  ਬਿਨਾਂ  ਕਿਸੇ ਡਰ ਦੇ ਪੰਜਾਬੀ ਸਾਹਿਤ  ਦੇ ਨਿਵੇਕਲੀਆਂ ਉਹ ਪੈੜਾਂ  ਪਾ ਰਿਹਾ ਹੈ ਜੋ ਸਦਾ ਰਹਿਣਗੀਆਂ।-ਅਮੀਨ

ਰਮੇਸ਼ਵਰ ਸਿੰਘ ਪਟਿਆਲਾ

 

 

 

 

 

 

 

ਸੰਪਰਕ ਨੰਬਰ -9914880392