ਪਾਕਿਸਤਾਨ ਸਟਾਕ ਐਕਸਚੇਂਜ ’ਤੇ ਹਮਲਾ, 10 ਦੀ ਮੌਤ

ਕਰਾਚੀ (ਸਮਾਜਵੀਕਲੀ) :  ਪਾਕਿਸਤਾਨ ਸਟਾਕ ਐਕਸਚੇਂਜ ’ਤੇ ਅੱਜ ਸਵੇਰੇ ਹੋਏ ਅਤਿਵਾਦੀ ਹਮਲੇ ਵਿੱਚ ਚਾਰ ਸੁਰੱਖਿਆ ਗਾਰਡ, ਇਕ ਪੁਲੀਸ ਅਫਸਰ ਤੇ ਇਕ ਨਾਗਰਿਕ ਮਾਰਿਆ ਗਿਆ। ਇਸ ਹਮਲੇ ਵਿੱਚ ਸ਼ਾਮਲ ਚਾਰ ਦਹਿਸ਼ਤਗਰਦਾਂ ਨੂੰ ਵੀ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ। ਪੁਲੀਸ ਨੇ ਇਕ ਵਾਹਨ ਵੀ ਕਬਜ਼ੇ ਵਿੱਚ ਲਿਆ ਹੈ, ਜਿਸ ਵਿੱਚ ਦਹਿਸ਼ਤਗਰਦ ਆਏ ਸਨ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਦਹਿਸ਼ਤਗਰਦਾਂ ਨੇ ਗੇਟ ’ਤੇ ਗ੍ਰੇਨੇਡ ਸੁੱਟਿਆ, ਮਗਰੋਂ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਸੁਰੱਖਿਆ ਮੁਲਾਜ਼ਮਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਸ ਹਮਲੇ ਵਿੱਚ ਕਿੰਨੇੇ ਦਹਿਸ਼ਤਗਰਦ ਸ਼ਾਮਲ ਸਨ, ਪਰ ਦਾਅਵਾ ਕੀਤਾ ਜਾ ਰਿਹਾ ਹੈ ਚਾਰ ਦਹਿਸ਼ਤਗਰਦਾਂ ਨੇ ਇਹ ਕਾਰਵਾਈ ਕੀਤੀ। ਹਮਲੇ ਮਗਰੋ ਦਹਿਸ਼ਤਗਰਦ ਕੁਝ ਸਮਾਂ ਇਮਾਰਤ ਵਿਚ ਲੁਕੇ ਰਹੇ ਅਤੇ ਗੋਲੀਆਂ ਚਲਾਉਂਦੇ ਰਹੇ। ਪੁਲੀਸ ਨੂੰ ਦਹਿਸ਼ਤਗਰਦਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਹਨ। ਬਲੋਚਿਸਤਾਨ ਲਿਬਰੇਸ਼ਨ ਆਰਮੀ ਨਾਲ ਸਬੰਧਤ ਮਜੀਦ ਬ੍ਰਿਗੇਡ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਸੀਨੀਅਰ ਪੁਲੀਸ ਅਧਿਕਾਰੀ ਸ਼ਰਜੀਲ ਖਰਾਲ ਨੇ ਦੱਸਿਆ ਕਿ ਹਮਲੇ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਸਮੇਤ ਕਈ ਵਿਅਕਤੀ ਜ਼ਖ਼ਮੀ ਹੋਏ ਹਨ। ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿ ਇਹ ਅਰਥਚਾਰੇ ਅਤੇ ਕੌਮੀ ਸੁਰੱਖਿਆ ’ਤੇ ਹਮਲਾ ਸੀ ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ।