ਪਟਿਆਲਾ ’ਚ ਪਾਣੀ ਘਟਿਆ, ਲੋਕਾਂ ਦੀ ਮੁਸੀਬਤ ਬਰਕਰਾਰ

ਗੋਪਾਲ ਕਲੋਨੀ ਤੇ ਅਰਾਈਮਾਜਰਾ ਵਿਚਲੇ ਸੈਂਕੜੇ ਘਰਾਂ ਵਿਚ ਪਾਣੀ;
ਲੋਕਾਂ ਨੇ ਹੋਰਨਾਂ ਥਾਵਾਂ ’ਤੇ ਲਈ ਸ਼ਰਨ

ਸ਼ਾਹੀ ਸ਼ਹਿਰ ਪਟਿਆਲਾ ’ਚ ਅੱਜ ਮੀਂਹ ਨਾ ਪੈਣ ਅਤੇ ਵੱਡੀ ਨਦੀ ਦੇ ਪਾਣੀ ਦਾ ਪੱਧਰ ਘਟਣ ਕਰਕੇ ਲੋਕਾਂ ਨੂੰ ਭਾਵੇਂ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਗੋਪਾਲ ਕਲੋਨੀ ਤੇ ਛੋਟਾ ਅਰਾਈਮਾਜਰਾ ਦੇ ਸੈਂਕੜੇ ਘਰਾਂ ਵਿਚ ਪਾਣੀ ਅੱਜ ਦੂਜੇ ਦਿਨ ਵੀ ਜਮ੍ਹਾਂ ਰਿਹਾ। ਲੋਕਾਂ ਨੇ ਸੁਰੱਖਿਅਤ ਥਾਵਾਂ ’ਤੇ ਸ਼ਰਨ ਲਈ ਹੋਈ ਹੈ। ਨਦੀ ’ਚ ਵੱਧ ਪਾਣੀ ਆਉਣ ਕਾਰਨ ਇਨ੍ਹਾਂ ਕਲੋਨੀਆਂ ਵਿਚ 3 ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਸੀ। ਹੜ੍ਹ ਪ੍ਰਭਾਵਿਤ ਲੋਕਾਂ ਲਈ ਪ੍ਰਸ਼ਾਸਨ ਨੇ ਮੈਰਿਜ ਪੈਲੇਸਾਂ ਅਤੇ ਹੋਰ ਥਾਵਾਂ ’ਤੇ ਠਹਿਰਨ ਦੇ ਪ੍ਰਬੰਧ ਕੀਤੇ ਹਨ। ਕਈ ਲੋਕ ਗੁਰਦੁਆਰਿਆਂ ਵਿਚ ਵੀ ਠਹਿਰੇ ਹੋਏ ਹਨ। ਇਨ੍ਹਾਂ ਕਲੋਨੀਆਂ ਦੇ ਕੁਝ ਪੁਰਸ਼ ਅੱਜ ਘਰ-ਬਾਰ ਦੀ ਸੰਭਾਲ ਲਈ ਪਾਣੀ ਵਿਚੋਂ ਲੰਘ ਕੇ ਘਰਾਂ ਨੂੰ ਪਰਤੇ। ਦੋ ਮੰਜ਼ਿਲਾਂ ਵਾਲੇ ਘਰਾਂ ਵਿਚਲੇ ਕੁਝ ਪਰਿਵਾਰਾਂ ਨੇ ਘਰ ਨਹੀਂ ਛੱਡੇ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਤੋਂ 20 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਏਡੀਸੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਰਾਬਤਾ ਕਾਇਮ ਕਰਕੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਨਦੀ ’ਚ ਪਾਣੀ ਘਟਣ ’ਤੇ ਸਮੁੱਚੇ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਡਰੇਨੇਜ ਵਿਭਾਗ ਨੇ ਨਦੀ ਦੇ ਸ਼ਹਿਰ ਵਾਲੇ ਪਾਸੇ ਸਥਿਤ ਸੜਕ ਦੇ ਦੂਜੇ ਪਾਸੇ ਮਿੱਟੀ ਦੇ ਭਰੇ ਥੈਲੇ ਲਾ ਕੇ ਰੋਕਥਾਮ ਦੇ ਅਗਾਊਂ ਪ੍ਰਬੰਧ ਵੀ ਕੀਤੇ ਹਨ। ਜ਼ਿਲ੍ਹੇ ਵਿਚੋਂ ਲੰਘਦੇ ਘੱਗਰ ਦਰਿਆ ਦਾ ਸਰਾਲਾ ਹੈੱਡ ਜਿਥੇ ਇੱਕ ਦਿਨ ਪਹਿਲਾਂ ਪਾਣੀ ਦਾ ਪੱਧਰ ਸਾਢੇ 16 ਫੁੱਟ ਸੀ, ਅੱਜ ਘੱਟ ਕੇ 11 ਫੁੱਟ ਰਹਿ ਗਿਆ ਹੈ। ਇਥੇ ਖ਼ਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ। ਇਸੇ ਘੱਗਰ ਦਰਿਆ ਦੇ ਪਟਿਆਲਾ-ਚੀਕਾ ਰੋਡ ਵਾਲੇ ਪੁਲ ’ਚ ਅੱਜ ਦੇਰ ਸ਼ਾਮ ਤੱਕ ਵੀ ਪਾਣੀ ਦਾ ਪੱਧਰ 24 ਫੁੱਟ ਸੀ, ਜਿਥੇ ਖ਼ਤਰੇ ਦਾ ਨਿਸ਼ਾਨ 23 ਫੁੱਟ ’ਤੇ ਹੈ ਪਰ ਰਾਤ ਤੱਕ ਪਾਣੀ ਘਟਣਾ ਤੈਅ ਹੈ। ਜ਼ਿਲ੍ਹੇ ਵਿਚੋਂ ਲੰਘਦੇ ਮਾਰਕੰਡਾ ਵਿਚ 22 ਫੁੱਟ ਅਤੇ ਟਾਂਗਰੀ ਨਦੀ ਵਿਚ 14 ਫੁੱਟ ਤੱਕ ਪਾਣੀ ਵਗ ਰਿਹਾ ਹੈ। ਇਨ੍ਹਾਂ ਦੋਵੇਂ ਥਾਵਾਂ ’ਤੇ ਇਹ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਦੋ-ਦੋ ਫੁੱਟ ਉਤਾਂਹ ਚੱਲ ਰਿਹਾ ਹੈ।