ਨਸ਼ੇ ਵਿੱਚ ਮਾਪਿਆਂ ਦਾ ਟੀਵੀ ਤੋੜਣ ਵਾਲੇ ਭਾਰਤੀ ਨੂੰ ਕੈਦ

ਲੰਡਨ: ਇੰਗਲੈਂਡ ਦੇ ਈਸਟ ਮਿੱਡਲੈਂਡਜ਼ ਖੇਤਰ ਵਿੱਚ ਸਥਿਤ ਆਪਣੇ ਮਾਪਿਆਂ ਦੇ ਘਰ ਵਿੱਚ ਵੜ ਕੇ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਦਾ ਟੀਵੀ ਤੋੜਣ ਵਾਲੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 19 ਹਫ਼ਤਿਆਂ ਦੀ ਕੈਦ ਦੀ ਸਜ਼ਾ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਡਰਬੀਸ਼ਾਇਰ ਪੁਲੀਸ ਤੇ ਅਪਰਾਧ ਕਮਿਸ਼ਨਰ ਹਰਦਿਆਲ ਢੀਂਡਸਾ ਦੇ ਪੁੱਤਰ ਸ਼ੈਰਿੰਦਰ ਢੀਂਡਸਾ ਨੇ ਪਿਛਲੇ ਮਹੀਨੇ ਡਰਬੀ ਵਿੱਚ ਐਲੇਸਟਰੀ ਸਥਿਤ ਆਪਣੇ ਮਾਪਿਆਂ ਦੇ ਘਰ ਵਿੱਚ ਵੜ ਕੇ ਉਨ੍ਹਾਂ ਦਾ ਟੀਵੀ ਤੋੜ ਦਿੱਤਾ ਸੀ। ਦਿ ਡਰਬੀ ਟੈਲੀਗਰਾਫ ਦੀ ਰਿਪੋਰਟ ਅਨੁਸਾਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਹਰਦਿਆਲ ਢੀਂਡਸਾ ਤੇ ਉਨ੍ਹਾਂ ਦੀ ਪਤਨੀ ਕੋਲ ਆਪਣੇ ਪੁੱਤਰ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਸੀ, ਕਿਉਂਕਿ ਸ਼ਰਾਬ ਦੇ ਨਸ਼ੇ ਵਿੱਚ ਉਸ ਵੱਲੋਂ ਕੀਤੇ ਜਾਂਦੇ ਹੰਗਾਮੇ ਦੀ ਇਹ ਇਕ ਹੋਰ ਤਾਜ਼ੀ ਮਿਸਾਲ ਸੀ। ਹਰਦਿਆਲ ਢੀਂਡਸਾ ਨੇ ਕਿਹਾ ਕਿ ਉਹ ਅਜੇ ਵੀ ਆਪਣੇ ਪੁੱਤਰ ਨੂੰ ਪਿਆਰ ਕਰਦੇ ਹਨ ਤੇ ਉਸ ਨੂੰ ਵਾਪਸ ਚਾਹੁੰਦੇ ਹਨ ਪਰ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਉਹ ਉਸ ਨੂੰ ਆਪਣੇ ਨਾਲ ਨਹੀਂ ਰੱਖ ਸਕਦੇ। ਉਹ ਵੀ ਉਸ ਦੀ ਮਦਦ ਕਰਨਾ ਚਾਹੁੰਦੇ ਹਨ ਪਰ ਘਰ ਤੋਂ ਬਾਹਰ ਰੱਖ ਕੇ। ਦੱਖਣੀ ਡਰਬੀਸ਼ਾਇਰ ਦੇ ਮੈਜਿਸਟਰੇਟ ਦੀ ਅਦਾਲਤ ਨੇ ਇਹ ਵੀ ਸੁਣਿਆ ਕਿ ਕੁਝ ਹੀ ਹਫ਼ਤੇ ਪਹਿਲਾਂ ਨਸ਼ੇ ਦੀ ਹਾਲਤ ਵਿੱਚ ਕਾਰ ਹਾਦਸੇ ਨੂੰ ਅੰਜਾਮ ਦਿੱਤੇ ਜਾਣ ਕਰ ਕੇ ਮੁਲਜ਼ਮ ਦੇ ਗੱਡੀ ਚਲਾਉਣ ਉੱਤੇ 40 ਮਹੀਨਿਆਂ ਦੀ ਰੋਕ ਲਗਾਈ ਗਈ ਸੀ ਅਤੇ ਕੈਦ ਵੀ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਸ਼ੈਰਿੰਦਰ ਢੀਂਡਸਾ ਨਸ਼ੇ ਦਾ ਆਦੀ ਹੋ ਚੁੱਕਾ ਹੈ। ਅਦਾਲਤ ਨੇ ਉਸ ਦੇ ਆਪਣੇ ਮਾਪਿਆਂ ਘਰ ਜਾਣ ਉੱਤੇ ਦੋ ਸਾਲਾਂ ਲਈ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਉਸ ਨੂੰ ਪਿਛਲੀ 11 ਹਫ਼ਤਿਆਂ ਦੀ ਕੈਦ ਦੀ ਸਜ਼ਾ ਦੇ ਨਾਲ ਅੱਠ ਹਫਤਿਆਂ ਦੀ ਹੋਰ ਕੈਦ ਕੱਟਣੀ ਹੋਵੇਗੀ। ਇਸ ਤਰ੍ਹਾਂ ਦੋਸ਼ੀ ਨੂੰ ਘੱਟੋ ਘੱਟ 19 ਹਫ਼ਤਿਆਂ ਦੀ ਕੈਦ ਕੱਟਣੀ ਹੋਵੇਗੀ।