ਨਵਾਜ਼ ਸ਼ਰੀਫ਼ ਦੀ ਹਾਲਤ ਨਾਜ਼ੁਕ

ਲਾਹੌਰ ਦੇ ਹਸਪਤਾਲ ’ਚ ਜ਼ੇਰੇ ਇਲਾਜ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸ਼ਨਿਚਰਵਾਰ ਨੂੰ ਛਾਤੀ ’ਚ ਦਰਦ (ਐਂਜਾਈਨਾ) ਦੀ ਸ਼ਿਕਾਇਤ ਹੋਈ। ਇਸ ਨਾਲ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਹੈ। ਉਨ੍ਹਾਂ ਦੇ ਦਿਲ ’ਚ ਖੂਨ ਦਾ ਪ੍ਰਵਾਹ ਘੱਟ ਹੋਣ ਕਰਕੇ ਛਾਤੀ ’ਚ ਦਰਦ ਹੋ ਰਿਹਾ ਹੈ। ਸਰਵਿਸਿਜ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਪ੍ਰਿੰਸੀਪਲ ਡਾਕਟਰ ਮਹਿਮੂਦ ਅਯਾਜ਼ ਨੇ ਕਿਹਾ ਕਿ ਸ੍ਰੀ ਸ਼ਰੀਫ਼ ਨੂੰ ਅੱਜ ਸਵੇਰੇ ਛਾਤੀ ’ਚ ਦਰਦ ਹੋਇਆ। ਅਯਾਜ਼ ਨੇ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਨੂੰ ਨਕਾਰ ਦਿੱਤਾ ਹੈ ਜਿਨ੍ਹਾਂ ’ਚ ਕਿਹਾ ਗਿਆ ਕਿ 69 ਵਰ੍ਹਿਆਂ ਦੇ ਪੀਐੱਮਐੱਲ-ਐੱਨ ਆਗੂ ਨੂੰ ਦਿਲ ਦਾ ਦੌਰਾ ਪਿਆ ਹੈ। ਇਸ ਤੋਂ ਪਹਿਲਾਂ ਸ਼ਰੀਫ਼ ਦੇ ਵਕੀਲ ਖਵਾਜਾ ਹੈਰਿਸ ਨੇ ਦਾਅਵਾ ਕੀਤਾ ਸੀ ਕਿ ਕੱਲ ਦੇਰ ਰਾਤ ਸਾਬਕਾ ਪ੍ਰਧਾਨ ਮੰਤਰੀ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਨ੍ਹਾਂ ਦੀ ਜਾਨ ਖ਼ਤਰੇ ’ਚ ਹੈ। ਉਂਜ ਹਸਪਤਾਲ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਯਾਜ਼ ਨੇ ਕਿਹਾ ਕਿ ਸ਼ਰੀਫ਼ ਦੇ ਖੂਨ ’ਚ ਪਲੇਟਲੈੱਟਸ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਆਈਵੀਆਈਜੀ ਦੇ ਰੋਜ਼ਾਨਾ ਕਰੀਬ 16 ਟੀਕੇ ਲਾਏ ਜਾ ਰਹੇ ਹਨ। ਲਾਹੌਰ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸ਼ਰੀਫ਼ ਨੂੰ ਜ਼ਮਾਨਤ ਦਿੱਤੀ ਸੀ। ਉਹ ਅਲ-ਅਜ਼ੀਜ਼ੀਆ ਭ੍ਰਿਸ਼ਟਾਚਾਰ ਕੇਸ ’ਚ ਸੱਤ ਸਾਲ ਦੀ ਸਜ਼ਾ ਭੁਗਤ ਰਹੇ ਹਨ ਅਤੇ ਕੋਟ ਲਖਪੱਤ ਜੇਲ੍ਹ ’ਚ ਬੰਦ ਸਨ ਪਰ ਇਸ ਮਹੀਨੇ ਦੇ ਸ਼ੁਰੂ ’ਚ ਉਨ੍ਹਾਂ ਨੂੰ ਚੌਧਰੀ ਸ਼ੂਗਰ ਮਿੱਲ ਕੇਸ ’ਚ ਕੌਮੀ ਜਵਾਬਦੇਹੀ ਬਿਊਰੋ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ।