ਨਵਜੋਤ ਸਿੱਧੂ ਬਹੁਤ ਵੱਡਾ ਮੌਕਾਪ੍ਰਸਤ: ਸੁਖਬੀਰ

ਕਾਂਗਰਸੀ ਮੰਤਰੀ ਨਵਜੋਤ ਸਿੱਧੂ ਵੱਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜੇ ਅਸਤੀਫ਼ੇ ਬਾਰੇ ਸੁਖਬੀਰ ਬਾਦਲ ਨੇ ਆਖਿਆ ਕਿ ਸਿੱਧੂ ਨੂੰ ਡਰਾਮੇ ਕਰਨ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਰਾਹੁਲ ਗਾਂਧੀ ਨੂੰ ਚਿੱਠੀ ਲਿਖਣ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਅਸਤੀਫ਼ਾ ਦੇਣ ਲਈ ਮੁੱਖ ਮੰਤਰੀ ਨੂੰ ਭੇਜਿਆ ਸੁਨੇਹਾ ਕਾਫ਼ੀ ਹੋਣਾ ਸੀ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਬਲੈਕਮੇਲ ਕਰਨ ਅਤੇ ਆਪਣੀ ਮਰਜ਼ੀ ਮੁਤਾਬਿਕ ਝੁਕਾਉਣ ਲਈ ਇੱਕ ਮਹੀਨੇ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਸਿੱਧੂ ਬਹੁਤ ਵੱਡਾ ਮੌਕਾਪ੍ਰਸਤ ਹੈ, ਜੋ ਸਿਰਫ਼ ਆਪਣੇ ਫ਼ਾਇਦੇ ਬਾਰੇ ਸੋਚਦਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ ਜਲਾਲਾਬਾਦ ਵਿਚ ਆਪਣੀ ਫ਼ੇਰੀ ਦੌਰਾਨ ਕੀਤਾ। ਸ੍ਰੀ ਬਾਦਲ ਨੇ ਬਿਜਲੀ ਦੇ ਵੱਡੇ ਬਿੱਲ ਮਿਲਣ ਵਾਲੇ ਕਿਸਾਨਾਂ ਅਤੇ ਗਰੀਬਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਅੰਦੋਲਨ ਸ਼ੁਰੂ ਕਰੇਗਾ। ਜਲਾਲਾਬਾਦ ਦੇ ਪਿੰਡਾਂ ਮਹਿਕਮ ਅਰਾਈਆਂ, ਧਾਂਦੀ ਖੁਰਦ, ਕਾਹਨੇ ਵਾਲਾ, ਰਾਮ ਸ਼ਰਨ ਕਲੋਨੀ, ਧਾਂਦੀ ਕਦੀਮ, ਆਤੂਵਾਲਾ, ਆਲਮ ਕੇ, ਢਾਣੀ ਪੰਜਾਬਪੁਰਾ, ਨਾਨਕ ਨਗਰ, ਲਾਧੂਵਾਲਾ, ਸੁਖੇਰਾ ਬੋਦਲਾ ਅਤੇ ਫੱਤੂਵਾਲਾ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਰੀਬ ਲੋਕਾਂ ਨੂੰ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਭੇਜੇ ਗਏ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਸੂਬਾ ਸਰਕਾਰ ਨੂੰ ਵਧਾਏ ਹੋਏ ਬਿੱਲ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਵਾਰ-ਵਾਰ ਵਾਧਾ ਕਰਕੇ ਬਿਜਲੀ ਦਰਾਂ 25 ਤੋਂ 33 ਫ਼ੀਸਦੀ ਤਕ ਵਧਾ ਦਿੱਤੀਆਂ ਹਨ।