ਨਕਾਬਪੋਸ਼ ਲੁਟੇਰਿਆਂ ਨੇ ਸ਼ਰਾਬ ਦੇ ਦੋ ਠੇਕੇ ਲੁੱਟੇ

ਤਲਵਾੜਾ- ਬੀਤੀ ਰਾਤ ਨਕਾਬਪੋਸ਼ ਹਥਿਆਰਬੰਦ ਨੌਜਵਾਨਾਂ ਬੰਦੂਕ ਦੀ ਨੋਕ ’ਤੇ ਤਲਵਾੜਾ ਅਤੇ ਕਮਾਹੀ ਦੇਵੀ ਸਥਿਤ ਸ਼ਰਾਬ ਦੇ ਠੇਕਿਆਂ ’ਤੇ ਲੁੱਟ ਮਾਰ ਕੀਤੀ ਹੈ। ਨਕਾਬਪੋਸ਼ ਇੱਕ ਲੱਖ ਰੁਪਏ ਤੋਂ ਵੱਧ ਦੀ ਨਗਦੀ ਅਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਫਰਾਰ ਹੋ ਗਏ। ਮਾਰੂ ਹਥਿਆਰਾਂ ਨਾਲ ਲੈਸ ਨਕਾਬਪੋਸ਼ ਨੌਜਵਾਨਾਂ ਨੇ ਅੱਧੇ ਘੰਟੇ ਦੇ ਅੰਤਰਾਲ ’ਚ ਦੋ ਜਗ੍ਹਾ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਵਾਰਦਾਤ ਦੀ ਘਟਨਾ ਤਲਵਾੜਾ ਠੇਕੇ ਅੰਦਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਤਲਵਾੜਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇੱਥੇ ਡੈਮ ਰੋਡ ’ਤੇ ਸਥਿਤ ਕਾਲੀ ਮਾਤਾ ਮੰਦਰ ਕੋਲ਼ ਪੈਂਦੇ ਅਲਾਈਡ ਚਿਲ ਫਰਮ ਦੇ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ ਸੇਲਜ਼ਮੈਨ ਮਨਮੋਹਨ ਸਿੰਘ ਵਾਸੀ ਖਟਿਆੜ ਥਾਣਾ ਫ਼ਤਹਿਪੁਰ, ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਦੇ ਤਲਵਾੜਾ ਪੁਲੀਸ ਨੂੰ ਦਿੱਤੇ ਬਿਆਨ ਅਨੁਸਾਰ ਰਾਤ ਕਰੀਬ ਸਾਢੇ ਨੌਂ ਵਜੇ ਇੱਕ ਬਿਨਾਂ ਨੰਬਰ ਪਲੇਟ ਸਫੈਦ ਰੰਗ ਦੀ ਕਾਰ ’ਤੇ ਸਵਾਰ ਪੰਜ-ਛੇ ਹਥਿਆਰਬੰਦ ਨੌਜਵਾਨ, ਜਿਨ੍ਹਾਂ ਆਪਣੇ ਮੂੰਹ ਰੁਮਾਲ ਨਾਲ ਢੱਕੇ ਹੋਏ ਸਨ, ਠੇਕੇ ’ਤੇ ਆਏ। ਉਨ੍ਹਾਂ ਆਉਂਦਿਆਂ ਹੀ ਸੇਲਜ਼ਮੈਨਾਂ ਦੇ ਕੰਨ ’ਤੇ ਪਿਸਤੌਲ ਰੱਖ ਕੇ ਪਹਿਲਾਂ ਮੋਬਾਈਲ ਫੋਨ ਖੋਹੇ, ਮਗਰੋਂ ਗੱਲੇ ’ਚ ਪਈ ਨਗ਼ਦੀ ’ਤੇ ਹੱਥ ਸਾਫ਼ ਕੀਤਾ। ਬਾਅਦ ਵਿੱਚ ਸਾਹਮਣੇ ਪਈਆਂ ਕੀਮਤੀ ਸ਼ਰਾਬ ਦੀਆਂ 15-16 ਬੋਤਲਾਂ ਲੁੱਟ ਕੇ ਲੈ ਗਏ। ਵਾਰਦਾਤ ਦੀ ਘਟਨਾ ਠੇਕੇ ਅੰਦਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਕਰੀਬ 10.20 ਵਜੇ ਬਲਾਕ ਦੇ ਨੀਮ ਪਹਾੜੀ ਕਸਬਾ ਕਮਾਹੀ ਦੇਵੀ ਦੇ ਪਿੰਡ ਬਹਿ ਚੂਹੜ ਵਿਖੇ ਸਥਿਤ ਸ਼ਰਾਬ ਦੇ ਠੇਕੇ ’ਤੇ ਨਕਾਬਪੋਸ਼ ਨੌਜਵਾਨਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਠੇਕੇ ’ਤੇ ਕੰਮ ਕਰਦੇ ਕਰਿੰਦੇ ਬਲਵੀਰ ਸਿੰਘ ਵਾਸੀ ਭਵਨੌਰ ਨੇ ਦੱਸਿਆ ਕਿ ਸਫੈਦ ਰੰਗ ਦੀ ਕਾਰ ’ਚ ਸਵਾਰ ਆਏ ਨਕਾਬਪੋਸ਼ ਹਥਿਆਰਬੰਦ ਨੌਜਵਾਨਾਂ ਨੇ ਉਸ ਨੂੰ ਬੰਦੀ ਬਣਾ ਲਿਆ ਤੇ ਗੱਲੇ ’ਚ ਪਈ ਇੱਕ ਲੱਖ ਰੁਪਏ ਦੇ ਕਰੀਬ ਨਗ਼ਦੀ ਅਤੇ 12 ਸ਼ਰਾਬ ਦੀਆਂ ਬੋਤਲਾਂ ਲੈ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਜਾਂਦੇ ਵਕਤ ਲੁਟੇਰੇ ਉਸ ਦਾ ਮੋਬਾਈਲ ਫੋਨ ਵੀ ਨਾਲ ਹੀ ਲੈ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਤਲਵਾੜਾ ਮੁਖੀ ਸੁਰਜੀਤ ਸਿੰਘ ਮਾਂਗਟ ਤੇ ਡੀ.ਐਸ.ਪੀ.ਦਸੂਹਾ ਅਨਿਲ ਕੁਮਾਰ ਭਨੋਟ ਨੇ ਮੌਕਾ-ਏ-ਵਾਰਦਾਤ ਦਾ ਜਾਇਜ਼ਾ ਲਿਆ। ਸੇਲਜ਼ਮੈਨਾਂ ਦੇ ਬਿਆਨਾਂ ’ਤੇ ਤਲਵਾੜਾ ਪੁਲੀਸ ਨੇ ਕੇਸ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਦੱਸਣਯੋਗ ਹੈ ਕਿ ਤਲਵਾੜਾ ਦੇ ਜਿਸ ਠੇਕੇ ’ਤੇ ਵਾਰਦਾਤ ਹੋਈ ਹੈ, ਉਸ ਤੋਂ ਥੋੜੀ ਦੂਰੀ ’ਤੇ ਇੱਕ ਪਾਸੇ ਥਾਣਾ ਪੈਂਦਾ ਹੈ ਅਤੇ ਦੂਜੇ ਪਾਸੇ ਚੌਧਰੀ ਗਿਆਨ ਸਿੰਘ ਚੌਕ ’ਚ ਪੁਲੀਸ ਦਾ ਨਾਕਾ ਲੱਗਾ ਰਹਿੰਦਾ ਹੈ। ਇਸ ਸਬੰਧੀ ਡੀ.ਐਸ.ਪੀ.ਦਸੂਹਾ ਅਨਿਲ ਕੁਮਾਰ ਭਨੋਟ ਨੇ ਦੱਸਿਆ ਕਿਸ ਸ਼ੁਰੂਆਤੀ ਜਾਂਚ ’ਚ ਦੋਵੇਂ ਹੀ ਵਾਰਦਾਤਾਂ ਨੂੰ ਇੱਕੋ ਹੀ ਗਰੋਹ ਵੱਲੋਂ ਅੰਜ਼ਾਮ ਦੇਣ ਦੀ ਪੁਸ਼ਟੀ ਹੋਈ ਹੈ। ਸੀਸੀਟੀਵੀ ਫੁਟੇਜ ਦੇ ਸਹਿਯੋਗ ਨਾਲ ਮੁਲਜ਼ਮਾਂ ਦੀ ਨਿਸ਼ਾਨਦੇਹੀ ਕਰ, ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।