ਧਰਮ ਦੇ ਨਾਮ ’ਤੇ ਪੈਸੇ ਇਕੱਠੇ ਕਰਨੇ ਚਾਹੁੰਦੈ ਪਾਿਕ: ਸੁਖਬੀਰ

ਪੰਜਾਬ ਦੇ ਲੋਕ ਸਰਕਾਰ ਖ਼ਿਲਾਫ਼ ਬਣਿਆ ਗੁੱਸਾ ਪੁਲੀਸ ਮੁਲਾਜ਼ਮਾਂ ਨੂੰ ਕੁੱਟ ਕੇ ਕੱਢ ਰਹੇ ਹਨ। ਇਹ ਸ਼ਬਦ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ ਜਲਾਲਾਬਾਦ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਨੂੰ ਆਏ ਭਾਵੇਂ ਢਾਈ ਸਾਲ ਹੋਏ ਹਨ ਪਰ ਪੰਜਾਬ ਦੇ ਲੋਕ ਇਸ ਤੋਂ ਇੰਨੇ ਦੁਖੀ ਹੋ ਚੁੱਕੇ ਹਨ ਕਿ ਹੁਣ ਉਹ ਕਾਂਗਰਸ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ, ਇਸ ਲਈ ਲੋਕ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢ ਰਹੇ ਹਨ। ਪਾਕਿਸਤਾਨ ਦੀ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਉੱਪਰ ਟੈਕਸ ਲਗਾਉਣ ਨੂੰ ਉਨ੍ਹਾਂ ਮੰਦਭਾਗਾ ਦੱਸਦਿਆਂ ਕਿਹਾ ਕਿ ਪਾਕਿਸਤਾਨ ਧਰਮ ਦੇ ਨਾਂ ’ਤੇ ਪੈਸੇ ਇਕੱਠੇ ਕਰਨਾ ਚਾਹੁੰਦਾ ਹੈ। ਸ੍ਰੀ ਬਾਦਲ ਨੇ ਲੋਕਾਂ ਨੂੰ ਜ਼ਿਮਨੀ ਚੋਣ ਲਈ ਤਿਆਰ ਰਹਿਣ ਨੂੰ ਕਿਹਾ।
ਉਨ੍ਹਾਂ ਜਲਾਲਾਬਾਦ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਢਾਈ ਸਾਲ ਬਾਅਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਖ਼ੁਦ ਫਿਰ ਤੋਂ ਜਲਾਲਾਬਾਦ ਤੋਂ ਚੋਣ ਲੜਨਗੇ। ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਵੱਲੋਂ ਛੇ ਨਵ ਨਿਯੁਕਤ ਸਲਾਹਕਾਰਾਂ ਸਬੰਧੀ ਕਿਹਾ ਕਿ ਇਹ ਸਾਰੇ ਸਲਾਹਕਾਰ ਦਲ ਬਦਲੂ ਹਨ। ਇਹ ਸਾਰੀਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ ਤੇ ਇਹੀ ਦਲ ਬਦਲੂ ਕੈਪਟਨ ਨੂੰ ਦਲ ਬਦਲਣਾ ਸਿਖਾਉਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਪੁਲੀਸ ਮੁਲਾਜ਼ਮਾਂ ਦੀ ਇੱਜ਼ਤ ਹੋਣੀ ਚਾਹੀਦੀ ਹੈ ਪਰ ਲੋਕ ਮੁੱਖ ਮੰਤਰੀ ਦੇ ਨਾ ਮਿਲਣ ਤੋਂ ਪ੍ਰੇਸ਼ਾਨ ਹਨ ਤੇ ਆਪਣੀ ਭੜਾਸ ਪੁਲੀਸ ਮੁਲਾਜ਼ਮਾਂ ’ਤੇ ਕੱਢ ਰਹੇ ਹਨ।