ਦੋ ਚੌਕੀਦਾਰਾਂ ਦੇ ਕਤਲ ਦੀ ਗੁੱਥੀ ਸੁਲਝੀ; ਮੁਲਜ਼ਮ ਗ੍ਰਿਫ਼ਤਾਰ

ਮੁਹਾਲੀ ਪੁਲੀਸ ਨੇ ਪਿੰਡ ਛੱਤ ਦੇ ਫਾਰਮਹਾਊਸ ਵਿੱਚ ਦੋ ਚੌਕੀਦਾਰਾਂ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੀ 8 ਤੇ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਥਿਤ ਨਾਜਾਇਜ਼ ਸਬੰਧਾਂ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਅੱਜ ਇੱਥੇ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਚੌਕੀਦਾਰ ਦੇ ਪੁੱਤਰ ਰਾਜੇਸ਼ ਖਾਨ ਵਾਸੀ ਪਿੰਡ ਛੱਤ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੇ ਪਿਤਾ ਫਜ਼ਲਦੀਪ (62) ਅਤੇ ਉਸ ਦੇ ਸਾਥੀ ਅਜੈ ਕੁਮਾਰ (32) ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਇਸ ਸਬੰਧੀ ਜ਼ੀਰਕਪੁਰ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸ੍ਰੀ ਭੁੱਲਰ ਨੇ ਦੱਸਿਆ ਕਿ ਫਜ਼ਲਦੀਨ ਪਿੰਡ ਛੱਤ ਦੇ ਆਰਐਮ ਸਿੰਗਲਾ ਦੇ ਫਾਰਮਹਾਉੂਸ ਵਿੱਚ ਚੌਕੀਦਾਰੀ ਕਰਦਾ ਸੀ। ਇਸ ਫਾਰਮਹਾਊਸ ਦੇ ਨੇੜੇ ਹੀ ਇਕਬਾਲ ਸਿੰਘ ਵਾਸੀ ਪਿੰਡ ਛੱਤ ਦੀ ਜ਼ਮੀਨ ਹੈ, ਜੋ ਰਜਿੰਦਰ ਸਿੰਘ ਵਾਸੀ ਪਿੰਡ ਨਰਾਇਣਗੜ੍ਹ ਝੁੰਗੀਆਂ ਨੇ ਠੇਕੇ ’ਤੇ ਲਈ ਹੋਈ ਹੈ। ਇੱਥੇ ਉਸ ਨੇ ਮੱਝਾਂ ਅਤੇ ਗਊਆਂ ਰੱਖੀਆਂ ਹੋਈਆਂ ਹਨ। ਅਜੈ ਕੁਮਾਰ ਵਾਸੀ ਪਿੰਡ ਰਾਘਵਪੁਰ (ਬਿਹਾਰ) ਨੂੰ ਪਸ਼ੂਆਂ ਦੀ ਦੇਖਭਾਲ ਲਈ ਨੌਕਰ ਰੱਖਿਆ ਹੋਇਆ ਸੀ। ਫਾਰਮ ਅਤੇ ਜ਼ਮੀਨ ਨੇੜੇ ਹੋਣ ਕਾਰਨ ਫਜ਼ਲਦੀਨ ਅਤੇ ਅਜੈ ਕੁਮਾਰ ਗੱਲਾਂ ਕਰਨ ਜਾਂ ਮੋਟਰ ਤੋਂ ਆਦਿ ਪਾਣੀ ਲੈਣ ਚਲਿਆ ਜਾਂਦਾ ਸੀ। ਬੀਤੀ 9 ਜੁਲਾਈ ਨੂੰ ਸਵੇਰੇ ਰਾਜੇਸ਼ ਖਾਨ ਆਪਣੇ ਪਿਤਾ ਫਜ਼ਲਦੀਨ ਲਈ ਫਾਰਮਹਾਊਸ ’ਤੇ ਚਾਹ ਲੈ ਕੇ ਗਿਆ ਤਾਂ ਉਸ ਦੇ ਪਿਤਾ ਦੀ ਲਾਸ਼ ਇਕਬਾਲ ਸਿੰਘ ਦੀ ਮੋਟਰ ਦੇ ਨੇੜੇ ਪਈ ਸੀ ਅਤੇ ਅਜੈ ਕੁਮਾਰ ਦੀ ਲਾਸ਼ ਵੀ ਇਸੇ ਮੋਟਰ ਦੇ ਨੇੜੇ ਮੰਜੇ ’ਤੇ ਖੂਨ ਨਾਲ ਪਈ ਸੀ। ਐੱਸਐੱਸਪੀ ਨੇ ਦੱਸਿਆ ਕਿ ਇਸ ਦੋਹਰੇ ਕਤਲ ਕੇਸ ਸਬੰਧੀ ਮੌਕਾ ਦਾ ਜਾਇਜ਼ਾ ਲੈਣ ਉਪਰੰਤ ਐੱਸਪੀ (ਡੀ) ਵਰੁਣ ਸ਼ਰਮਾ ਦੀ ਅਗਵਾਈ ਹੇਠ ਡੀਐੱਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ, ਡੀਐੱਸਪੀ (ਸਰਕਲ ਡੇਰਾਬੱਸੀ) ਗੁਰਬਖ਼ਸ਼ੀਸ਼ ਸਿੰਘ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ, ਥਾਣਾ ਜ਼ੀਰਕਪੁਰ ਦੇ ਐੱਸਐਚਓ ਗੁਰਚਰਨ ਸਿੰਘ ਅਤੇ ਇੰਸਪੈਕਟਰ ਜੋਗਿੰਦਰ ਸਿੰਘ ’ਤੇ ਆਧਾਰਿਤ ਟੀਮ ਦਾ ਗਠਨ ਕਰਕੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਜਾਂਚ ਕੀਤੀ ਗਈ। ਇਸ ਦੌਰਾਨ ਟੀਮ ਨੇ ਮੁਲਜ਼ਮ ਅਸ਼ੋਕ ਕੁਮਾਰ ਵਾਸੀ ਪਿੰਡ ਸਕਰਵਿਹਾਰ (ਬਿਹਾਰ) ਨੂੰ ਗ੍ਰਿਫ਼ਤਾਰ ਕਰ ਲਿਆ ਜੋ ਮੌਜੂਦਾ ਸਮੇਂ ਵਿੱਚ ਪਰਮਜੀਤ ਸਿੰਘ ਵਾਸੀ ਪਿੰਡ ਛੱਤ ਦੀ ਮੋਟਰ ’ਤੇ ਰਹਿੰਦਾ ਸੀ। ਬਾਕੀ ਮੁਲਜ਼ਮ ਸੰਤੋਸ਼ ਕੁਮਾਰ, ਸੂਰਜ ਕੁਮਾਰ, ਕ੍ਰਿਸ਼ ਵਾਸੀ ਬਿਹਾਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਅਸ਼ੋਕ ਕੁਮਾਰ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਅਜੈ ਕੁਮਾਰ ਦੇ ਉਸ ਦੀ ਘਰਵਾਲੀ ਨਾਲ ਨਾਜਾਇਜ਼ ਸਬੰਧ ਸਨ। ਉਸ ਨੂੰ ਇੱਥੋਂ ਚਲੇ ਜਾਣ ਲਈ ਆਖਿਆ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਇਸ ਕਰਕੇ ਉਸ ਨੇ ਆਪਣੇ ਭਾਣਜਿਆਂ ਨਾਲ ਸਲਾਹ-ਮਸ਼ਵਰਾ ਕਰਕੇ ਬੀਤੀ 8 ਤੇ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਅਜੈ ਕੁਮਾਰ ਦਾ ਕਤਲ ਕਰ ਦਿੱਤਾ। ਇਸ ਦੌਰਾਨ ਕੁੱਤੇ ਭੌਂਕਣ ਦੀ ਆਵਾਜ਼ ਸੁਣ ਕੇ ਜਦੋਂ ਫਜ਼ਲਦੀਨ ਨੇ ਨੇੜੇ ਆ ਕੇ ਲਲਕਾਰਾ ਮਾਰਿਆ ਤਾਂ ਉਸ ਦੇ ਭਾਣਜੇ ਕ੍ਰਿਸ਼ ਨੇ ਫਜ਼ਲਦੀਨ ਨੂੰ ਜੱਫਾ ਮਾਰ ਕੇ ਜ਼ਮੀਨ ’ਤੇ ਸੁੱਟ ਲਿਆ ਅਤੇ ਉਸ ਦੇ ਸਿਰ ਵਿੱਚ ਇੱਟਾਂ ਮਾਰ ਕੇ ਉਸ ਦਾ ਵੀ ਕਤਲ ਕਰ ਦਿੱਤਾ।