ਦੋਸਤਾਂ ਦੀ ਦੁਨੀਆਂ : ਸ਼ਿਮਲਾ ਤੋਂ ਵਾਪਸੀ

ਗੁਰਮਾਨ ਸੈਣੀ

(ਸਮਾਜ ਵੀਕਲੀ)

ਸ਼ਿਮਲਾ ਤੋਂ ਵਾਪਸੀ ਵੇਲੇ ਸਾਡੇ ਹਿਰਦੇ ਕੱਲ੍ਹ ਵਾਲੀ ਮੁਲਾਕਾਤ ਨਾਲ ਗਦਗਦ ਹੋਏ ਪਏ ਸਨ। ਨਾਸ਼ਤੇ ਤੋਂ ਬਾਅਦ ਉਨ੍ਹਾਂ ਦੀ ਸ਼ੁਭ ਇੱਛਾ ਲੈਂਦਿਆਂ ਅਸੀਂ ਆਪਣੇ ਘੋੜੇ ਬੀੜ ਲਏ। ਵਾਪਸੀ ਇਸ ਰਸਤੇ ਨੂੰ ਅਸੀਂ ਆਉਣਾ ਨਹੀਂ ਸਾਂ ਚਾਹੁੰਦੇ ਕਿਉਂਕਿ ਸ਼ਿਮਲਾ ਤੀਕ ਇਹ ਆਉਣ ਜਾਣ ਆਪਾਂ ਕਈਂ ਵਾਰ ਕਰ ਚੁੱਕੇ ਸਾਂ। ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਨਵੇਂ ਰਾਹ ਅਖਤਿਆਰ ਕੀਤੇ ਜਾਣ। ਸ਼ਿਮਲਾ ਯੁਨਿਵਰਸਿਟੀ ਦੇਖਦੇ ਹੋਏ ਵਾਇਆ ਬਿਲਾਸਪੁਰ , ਸਵਾਰਘਟ ਤੇ ਪੰਜਾਬ ਦੇ ਰਸਤਿਓਂ ਘਰ ਮੁੜਨ ਦਾ ਫੈਸਲਾ ਲਿਆ ਗਿਆ।

ਮੌਸਮ ਉਝਂ ਤੇ ਸੁਹਾਵਣਾ ਸੀ ਪਰ ਦੁਪਹਿਰ ਵੇਲੇ ਧੁੱਪ ਚਮਕਣ ਨਾਲ ਹੁੰਮਸ ਵਧ ਗਈ ਸੀ। ਦੋ ਤਿੰਨ ਦਿਨ ਪਹਿਲਾਂ ਹੀ ਮੀਂਹ ਪੈ ਕੇ ਹਟਿਆ ਸੀ। ਰਸਤਾ ਛੋਟੇ ਛੋਟੇ ਪਹਾੜੀ ਪਿੰਡਾਂ ਤੋਂ ਦੀ ਹੋ ਕੇ ਗੁਜ਼ਰ ਰਿਹਾ ਸੀ। ਵਲਵਲੇਵੇਂ ਖਾਂਦੀ ਸੜਕ ਸਾਨੂੰ ਕਦੇ ਕਦੇ ਅੰਬਰ ਦੇ ਝੂਟੇ ਵਾਂਗੂੰ ਲਗਦੀ। ਆਲਾ ਦੁਆਲਾ ਹਰਿਆਲੀ ਨਾਲ ਭਰਿਆ ਪਿਆ ਸੀ। ਗੱਲੀਂ ਬਾਤੀਂ ਸਫ਼ਰ ਤੈਅ ਹੋ ਰਿਹਾ ਸੀ ਪਰ ਸੜਕ ਤੇ ਪਿਛਲੀ ਰਾਤ ਬੀਤੀ ਇੱਕ ਘਟਨਾ ਨੇ ਸਾਨੂੰ ਅਚੰਭਤ ਕਰ ਦਿੱਤਾ। ਦੋ ਤਿੰਨ ਦਿਨ ਪਹਿਲਾਂ ਪਏ ਮੀਂਹ ਨਾਲ ਗਿੱਲੀ ਹੋਈ ਮਿੱਟੀ ਧੁੱਪ ਲੱਗਣ ਕਾਰਣ ਫੁੱਲਣ ਲੱਗੀ ਸੀ। ਇੱਕ ਪਿੰਡ ਦੇ ਚੜ੍ਹਦੇ ਪਾਸਿਓਂ ਪਹਾੜ ਦਾ ਬਹੁਤ ਵੱਡਾ ਹਿੱਸਾ ਟੁੱਟ ਕੇ ਸ‌ੜਕ ਤੋਂ ਪਾਰ ਪਿੰਡ ਤੇ ਸੜਕ ਵਿਚਕਾਰ ਬਚੀ ਹੋਈ ਖਾਲੀ ਥਾਂ ਤੇ ਪਿਆ ਹੋਇਆ ਸੀ।

ਰੁੜ ਕੇ ਗੋਲ ਬਣਿਆ ਪਹਾੜ ਦਾ ਉਹ ਹਿੱਸਾ ਜੇਕਰ ਇੱਕ ਚੱਕਰ ਹੋਰ ਖਾ ਜਾਂਦਾ ਤਾਂ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋ ਜਾਣਾ ਸੀ। ਪਹਾੜ ਡਿੱਗ ਕੇ ਢਿਗ ਰੁੜਨ ਦੀ ਸਪੀਡ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਸੀ ਕਿ ਪਿੰਡ ਤੋਂ ਬਾਹਰ ਖੜੇ ਬੜੇ ਵੱਡੇ ਟਰਾਲੇ ਦਾ ਮੂੰਹ ਉੱਥੇ ਹੀ ਖੜਿਆ ਸੀ ਪਰ ਟਰੱਕ ਦੀ ਬਾਡੀ ਨੂੰ ਲਪੇਟ ਵਿੱਚ ਲੈਂਦਿਆਂ ਢਿਗ ਟੋਏ ਵਿੱਚ ਜਾ ਡਿੱਗੀ ਸੀ। ਟਰਾਲੇ ਦੀ ਪੂਰੀ ਬਾੱਡੀ ਖਾਈ ਵਿੱਚ ਢਿਗ ਦੇ ਹੇਠਾਂ ਦਬੀ ਪਈ ਸੀ ਤੇ ਟਰਾਲੇ ਦੇ ਬਾਂਡੀ ਹੇਠਲੇ ਬੇਸ ਵਾਲੇ ਗਾਡਰ ਇਉਂ ਮਰੋੜੇ ਪਏ ਸਨ ਜਿਵੇਂ ਕਿਸੇ ਨੇ ਦੂਬੜੇ ਘਾਹ ਦੀਆਂ ਤਿੜ੍ਹਾਂ ਮਰੋੜ ਕੇ ਰੱਖ ਦਿੱਤੀਆਂ ਹੋਣ।

ਇਸ ਦ੍ਰਿਸ਼ ਦੀ ਭਿਆਨਕਤਾ ਨੂੰ ਦੇਖ ਕੇ ਸਾਨੂੰ ਵੀ ਸੜਕ ਦੇ ਨਾਲ ਨਾਲ ਪਹਾੜ ਆਉਣ ਵੇਲੇ ਸੰਭਲ ਕੇ ਚੱਲਣ ਦਾ ਅਹਿਸਾਸ ਹੋਇਆ।
ਸਾਨੂੰ ਲਗਦਾ ਸੀ ਕਿ ਇੱਥੋਂ ਪਹਿਲਾਂ ਆਪਾਂ ਬਿਲਾਸਪੁਰ ਪਹੁੰਚਾਂਗੇ ਤੇ ਫੇਰ ਰਸਤਾ ਸਵਾਰਘਟ ਨੂੰ ਮੁੜ ਜਾਵੇਗਾ। ਸਾਡੇ ਵਿਚੋਂ ਕਿਸੇ ਨੂੰ ਵੀ ਸਹੀ ਰਾਹ ਨਹੀਂ ਸੀ ਪਤਾ। ਅਸਲ ਵਿੱਚ ਬਿਲਾਸਪੁਰ ਜਾਣ ਦੀ ਲੋੜ ਹੀ ਨਹੀਂ ਸੀ ਸਗੋਂ ਇਹ ਰਾਹ ਬਿਲਾਸਪੁਰ ਤੋਂ ਵੀ ਅੱਠ ਦਸ ਕਿਲੋਮੀਟਰ ਪਹਿਲਾਂ ਹੀ ਸਵਾਰਘਾਟ ਵੱਲ ਨਿਕਲਦਾ ਸੀ।‌ਪਰ ਗਲਤੀ ਨਾਲ ਅਸੀਂ ਬਿਲਾਸਪੁਰ ਪਹੁੰਚ ਗਏ ਸਾਂ।‌ ਪਰ ਖਰਾ ਹੀ ਹੋਇਆ । ਉਦੋਂ ਤੀਕ ਦੁਪਹਿਰ ਵੀ ਸਿਰ ਤੇ ਆਣ ਖੜ੍ਹੀ ਸੀ ਤੇ ਢਿੱਡ ਵੀ ਕੁਝ ਖਾਣ ਨੂੰ ਮੰਗ ਰਿਹਾ ਸੀ।

ਆਪਾਂ ਗਲਤੀ ਦਾ ਫਾਇਦਾ ਉਠਾਉਂਦੇ ਹੋਏ ਉੱਥੇ ਰੱਜ ਕੇ ਪਕੌੜੇ ਅਤੇ ਜਲੇਬੀਆਂ ਖਾਧੀਆਂ।‌ ਤਾਜੀ ਤਾਜੀ ਬਣ ਰਹੀ ਜਲੇਬੀਆਂ ਤੇ ਪਕੌੜਿਆਂ ਦੀ ਮੁਸ਼ਕ ਨੇ ਸਾਨੂੰ ਢਿੱਡ ਪਾੜ ਕੇ ਖਾਣ ਤੋਂ ਉਰਾਂ ਰੁਕਣ ਹੀ ਨਾ ਦਿੱਤਾ। ਉੱਥੇ ਕੁਝ ਦੇਰ ਆਰਾਮ ਕਰਕੇ ਅਸੀਂ ਨੇੜੇ ਹੀ ਭਾਖੜਾ ਡੈਮ ਦੇ ਪਾਣੀ ਵਿੱਚ ਸਮਾਏ ਹੋਏ ਪ੍ਰਾਚੀਨ ਮੰਦਿਰ ਦੇਖਣ ਚਲੇ ਗਏ। ਉਥੇ ਜਾ ਕੇ ਸਾਨੂੰ ਭਾਖੜਾ ਡੈਮ ਦੀ ਗਹਿਰਾਈ ਦਾ ਅਹਿਸਾਸ ਹੋਇਆ।ਸੂਰਜ ਜਦ ਪੱਛਮ ਵੱਲ ਨੂੰ ਸਰਕ ਗਿਆ ਤਾਂ ਸਾਨੂੰ ਵੀ ਆਪਣੇ ਮੁੜਨ ਦਾ ਖਿਆਲ ਆਇਆ। ਮੌਸਮ ਸਾਫ਼ ਅਤੇ ਪਹਾੜੀਆਂ ਇੰਨੀਆਂ ਕਚੂਰ ਹਰੀਆਂ ਭਰੀਆਂ ਸਨ ਕਿ ਇੱਥੋਂ ਜਾਣ ਦਾ ਮਨ ਨਹੀਂ ਸੀ ਕਰਦਾ।

ਵਾਪਸੀ ਤੇ ਸਾਨੂੰ ਬਿਲਾਸਪੁਰ ਤੇ ਬਰਮਾਣਾ ਵਿਚਲੀ ਨਾ ਮੁਕੱਣ ਵਾਲੀ ਚੜ੍ਹਾਈ ਪਾਰ ਕਰਨੀ ਪਈ। ਸਾਡੇ ਸਕੂਟਰ ਮਾੜੇ ਟੱਟੂ ਵਾਂਗ ਹਫਦਿਆਂ ਹਫਦਿਆਂ ਚੜ੍ਹਾਈ ਚੜ ਰਹੇ ਸਨ। ਅਸਾਂ ਰਾਹ ਵਿੱਚ ਰੁਕ ਕੇ ਉਨ੍ਹਾਂ ਨੂੰ ਕਈਂ ਵਾਰੀ ਦਮ ਦਵਾਇਆ। ਰੁੱਕ ਰੁੱਕ ਕੇ ਤੇ ਪਹਾੜੀ ਨਜ਼ਾਰੇ ਦੇਖਦਿਆਂ ਸਾਨੂੰ ਬਰਮਾਣਾ ਪਹੁੰਚਣ ਵਿੱਚ ਹੀ ਕਾਫੀ ਸਾਰਾ ਸਮਾਂ ਲੱਗ ਗਿਆ। ਬਰਮਾਣੇ ਦੀ ਤਰਾਈ ਤੇ ਆ ਕੇ ਸਾਨੂੰ ਸੈਂਕੜਿਆਂ ਹੀ ਟਰੱਕਾਂ ਦਾ ਕਾਫ਼ਿਲਾ ਮਿਲਿਆ। ਇੱਥੇ ਹਿਮਾਚਲ ਦੀ ਵੱਡੀ ਸੀਮੇਂਟ ਫੈਕਟਰੀ ਹੈ ਜਿੱਥੋਂ ਉੱਤਰੀ ਭਾਰਤ ਦੇ ਕਈ ਪ੍ਰਾਂਤਾਂ ਨੂੰ ਸੀਮੇਂਟ ਸਪਲਾਈ ਹੁੰਦਾ ਹੈ।‌ ਬਰਮਾ਼ਣੇ ਵਿੱਚ ਜਿੱਧਰ ਵੀ ਨਜ਼ਰ ਮਾਰੋ ਤੁਹਾਨੂੰ ਟਰੱਕ ਹੀ ਟਰੱਕ ਨਜ਼ਰ ਆਉਂਦੇ ਹਨ। ਇਸੇ ਕਰਕੇ ਇੱਥੇ ਟਰੱਕਾਂ ਦੇ ਸਾਮਾਨ, ਰਿਪੇਅਰ ਬਹੁਤ ਸਾਰੇ ਢਾਬੇ ਤੇ ਹੋਰ ਨਿੱਕ ਸੁੱਕ ਦੀਆਂ ਦੁਕਾਨਾਂ ਹੀ ਜ਼ਿਆਦਾ ਮਿਲਦੀਆਂ ਹਨ।

ਹਰ ਵੇਲੇ ਇੱਥੇ ਮੇਲੇ ਵਰਗਾ ਮਾਹੌਲ ਬਣਿਆ ਰਹਿੰਦਾ ਹੈ।ਇਸ ਭੀੜ ਭੜੱਕੇ ਚੋਂ ਨਿਕਲਦਿਆਂ ਸਾਨੂੰ ਬਹੁਤ ਸਮਾਂ ਲੱਗ ਗਿਆ। ਇੱਥੋਂ ਬਾਹਰ ਨਿਕਲ ਕੇ ਜਿਵੇਂ ਸਾਨੂੰ ਸੁਖ ਦਾ ਸਾਹ ਆਇਆ। ਅੱਗੇ ਇੱਕ ਮੋੜ ਉੱਤੇ ਅਸਾਂ ਸਕੂਟਰ ਖਲਾਰ ਲਏ ਤੇ ਖਾਣ ਪੀਣ ਲਈ ਫਲਾਂ ਦੀ ਦੁਕਾਨ ਤੋਂ ਆਲੂਬੁਖਾਰੇ ਤੇ ਬੱਬੁਗੋਸੇ ਲਏ। ਮੇਰੇ ਸਕੂਟਰ ਵਿੱਚ ਅਖ਼ਬਾਰਾਂ ਦੇ ਬੰਡਲਾਂ ਦੀਆਂ ਰੱਸੀਆਂ ਵੱਢਣ ਵਾਲਾ ਅਕਸਰ ਪਿਆ ਰਹਿਣ ਵਾਲਾ ਚਾਕੂ ਸਾਨੂੰ ਮੌਕੇ ਤੇ ਬੜਾ ਕੰਮ ਆਇਆ। ਇੱਕ ਇੱਕ ਬੱਬੁਗੋਸਾ ਤਾਂ ਅਸੀਂ ਉੱਥੇ ਖੜਿਆਂ ਖੜਿਆਂ ਸੀ ਦੁਕਾਨ ਵਾਲੇ ਤੋਂ ਲੂਣ ਲੈ ਕੇ ਕੱਟ ਕੇ ਚੱਟ ਕਰ ਦਿੱਤਾ। ਬੜੇ ਪੋਲੇ ਤੇ ਸਵਾਦ ਬੱਬੁਗੋਸੇ ਸਨ। ਥੋੜਾ ਜਿਹਾ ਲੂਣ ਰਸਤੇ ਲਈ ਦੁਕਾਨਦਾਰ ਤੋਂ ਲੈਕੇ ਅਸੀਂ ਚਾਲੇ ਪਾਏ।

ਸਵਾਰਘਾਟ ਤੋਂ ਪਹਿਲਾਂ ਹੀ ਇੱਕ ਪਹਾੜੀ ਕੰਢੇ ਪੱਛਮ ਵੱਲ ਖਿਸਕਦੇ ਸੂਰਜ ਨੂੰ ਕੁਝ ਬੱਦਲਾਂ ਨੇ ਘੇਰ ਲਿਆ ਤਾਂ ਸੂਰਜ ਵੀ ਆਪਣੀ ਲਾਲੀ ਦਿਖਾਉਣ ਲੱਗਾ। ਸੂਰਜ ਨੇ ਆਪਣੀ ਇੱਕੋ ਕੂਚੀ ਨਾਲ ਮਿੰਟਾਂ ਸੈਕਿੰਡਾਂ ਵਿੱਚ ਹੀ ਰੂੰ ਦੇ ਸਫੈਦ ਫੰਬਿਆਂ ਵਾਂਗ ਉੜਦੇ ਬੱਦਲਾਂ ਨੂੰ ਸਲੇਟੀ ਤੇ ਗੇਰੂਏ ਰੰਗ ਵਿੱਚ ਰੰਗ ਦਿੱਤਾ। ਬੜਾ ਵਧੀਆ ਦ੍ਰਿਸ਼ ਸੀ। ਅਸੀਂ ਝੱਟਪਟ ਸਕੂਟਰ ਰੋਕ ਲਏ। ਗਿਰੀ ਨੇ ਕਿਸੇ ਸ਼ਿਕਾਰੀ ਦੀ ਬੰਦੂਕ ਵਾਂਗ ਇੱਕਦਮ ਆਪਣਾ ਕੈਮਰਾ ਗਲ਼ ਚੋਂ ਲਾਹ ਕੇ ਲੰਘਦੇ ਜਾਂਦੇ ਦ੍ਰਿਸ਼ ਤੇ ਤਾਣ ਲਿਆ। ਬਹੁਤ ਵਧੀਆ ਦ੍ਰਿਸ਼ ਤੇ ਰੁਮਕਦੀ ਹਵਾ ਵਿੱਚ ਜਦ ਨੂੰ ਗਿਰੀ ਨੇ ਕੈਮਰੇ ਨਾਲ ਦੋ ਚਾਰ ਫਾਇਰ ਕੀਤੇ ਇੰਨੇ ਨੂੰ ਮੈਂ ਤੇ ਸੁਰਿੰਦਰ ਨੇ ਮਿਲ ਕੇ ਗਿਰੀ ਦੇ ਸਕੂਟਰ ਦੀ ਸੇਜ਼ ਫ਼ਲ ਕੱਟ ਕੇ ਸੋਮਰਸ ਦੇ ਗਿਲਾਸ ਸਜਾ ਦਿੱਤੇ।ਸਭ ਕੁਝ ਇੰਨੇ ਤੇਜ਼ੀ ਨਾਲ ਵਾਪਰਿਆ ਕਿ ਕਿਸੇ ਨੂੰ ਕੁਝ ਸਮਝ ਹੀ ਨਾ ਆਇਆ।

ਇੱਕ ਗੇੜਾ ਹੋਰ ਦੇ ਕੇ ਅਸੀਂ ਉਠ ਖੜੇ ਹੋਏ। ਆਖਰਕਾਰ ਸਵਾਰਘਾਟ ਦਾ ਬੈਰੀਅਰ ਲੰਘਦਿਆਂ ਸਾਨੂੰ ਹਨੇਰਾ ਘਿਰ ਆਇਆ। ਸੜਕ ਕਿਨਾਰੇ ਬਣੇ ਥੜਿਆਂ ਉੱਤੇ ਲੰਮੇ ਪੈ ਕੇ ਅਸੀਂ ਠੰਡੀ ਪੌਣ ਦੇ ਬੁੱਲਿਆਂ ਨੂੰ ਖੂਬ ਲੁਟਿਆ। ਦੂਰ ਰੋਪੜ ਤੋਂ ਲੈਕੇ ਚੰਡੀਗੜ੍ਹ ਅਤੇ ਬੱਦੀ ਤੀਕ ਰੋਸ਼ਨੀ ਦਾ ਦਰਿਆ ਸਾਨੂੰ ਠਾਠਾਂ ਮਾਰਦਾ ਨਜ਼ਰ ਆਇਆ। ਇਹੋ ਜਿਹਾ ਜੰਨਤ ਵਰਗਾ ਆਨੰਦ ਛੱਡ ਕੇ ਭਲਾ ਕੌਣ ਅੱਗੇ ਨੂੰ ਤੁਰ ਪ੍ਰਦੂਸ਼ਣ ਵਿੱਚ ਫਸਣਾ ਚਾਹੇਗਾ। ਜੀ ਕਰਦਾ ਸੀ ਕਿ ਇੱਥੇ ਹੀ ਰਾਤ ਗੁਜ਼ਾਰ ਦਈਏ , ਪਰ ਹਰਿਓ ਡੰਗਰ ਵਾਂਗ ਗਿਰੀ ਨੂੰ ਘਰ ਦੀ ਪਈ ਹੋਈ ਸੀ। ਵਾਰ ਵਾਰ ਉਹ ਘਰਵਾਲੀ ਦਾ ਫ਼ੋਨ ਆਉਣ ਦਾ ਬਹਾਨਾ ਬਣਾ ਰਿਹਾ ਸੀ। ਫੇਰ ਆਪਾਂ ਵੀ ਉਸਦਾ ਸਾਥ ਦਿੰਦਿਆਂ ਆਪਣੇ ਘੋੜੇ ਘਰਾਂ ਵੱਲ ਮੋੜ ਲਏ।

ਗੁਰਮਾਨ ਸੈਣੀ
ਰਾਬਤਾ : 9256346906
8360487488

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly