ਦੇਸ਼ ਭਗਤ ਯਾਦਗਾਰ ਹਾਲ ’ਚ ਭਾਜਪਾ ਦੇ ਸਮਾਗਮ ’ਤੋਂ ਵਿਵਾਦ

ਜਲੰਧਰ- ਦੇਸ਼ ਭਗਤ ਯਾਦਗਾਰ ਹਾਲ ’ਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਦੇ ਮਾਮਲੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਕਮੇਟੀ ਹਮੇਸ਼ਾ ਫਾਸ਼ੀਵਾਦੀ ਤਾਕਤਾਂ ਦੇ ਹਮਲਿਆਂ ਦਾ ਲਗਾਤਾਰ ਵਿਰੋਧ ਕਰਦੀ ਆਈ ਹੈ ਅਤੇ ਇਨ੍ਹਾਂ ਵਿਰੁੱਧ ਲੜ ਰਹੀਆਂ ਜਮਹੂਰੀ ਸ਼ਕਤੀਆਂ ਨਾਲ ਡੱਟ ਕੇ ਖੜ੍ਹੀ ਹੈ।
ਕਮੇਟੀ ਭਵਿੱਖ ਵਿਚ ਵੀ ਇਸ ਪਹੁੰਚ ’ਤੇ ਪਹਿਰਾ ਦਿੰਦੀ ਰਹੇਗੀ। ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਨੇ ਕਿਹਾ ਕਿ ਇਸ ਵਿਵਾਦ ਸਬੰਧੀ ਹੋਈ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਭਵਿੱਖ ਵਿਚ ਹਾਲ ਦੀ ਬੁਕਿੰਗ ਵੇਲੇ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਕਮੇਟੀ ਨੇ ਸੰਕਲਪ ਦੁਹਰਾਇਆ ਕਿ ਕਮੇਟੀ ਹਮੇਸ਼ਾ ਹੀ ਗ਼ਦਰ ਪਾਰਟੀ ਦੀ ਵਿਰਾਸਤ ਅਤੇ ਅਸੂਲਾਂ ’ਤੇ ਪਹਿਰਾ ਦੇਣ ਲਈ ਵਚਨਬੱਧ ਰਹੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਨੂੰ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ’ਚ ਹੋਏ ਸਮਾਗਮ ’ਤੇ ਸੋਸ਼ਲ ਮੀਡੀਆ ’ਤੇ ਇਹ ਗੱਲ ਬੜੇ ਜ਼ੋਰਦਾਰ ਢੰਗ ਨਾਲ ਉੱਠੀ ਸੀ ਕਿ ਜਿਹੜੀਆਂ ਤਾਕਤਾਂ ਦੇਸ਼ ਵਿਚ ਫਿਰਕੂ ਹਾਲਾਤ ਪੈਦਾ ਕਰ ਰਹੀਆਂ ਹਨ ਉਨ੍ਹਾਂ ਨੂੰ ਅਜਿਹੀ ਥਾਂ ਵਰਤਣ ਦਾ ਮੌਕਾ ਨਹੀਂ ਦੇਣਾ ਚਾਹੀਦਾ। ਇਸ ਸਬੰਧੀ ਲੇਖਕਾਂ, ਸਾਹਿਤਕ ਜਥੇਬੰਦੀਆਂ, ਤਰਕਸ਼ੀਲ ਆਗੂਆਂ ਅਤੇ ਵਿਦਿਆਰਥੀ ਆਗੂਆਂ ਦੇ ਵਫਦ ਨੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਇਸ ਵੇਲੇ ਫੈਸਲਾਕੁਨ ਮੋੜ ਉੱਤੇ ਖੜ੍ਹਾ ਹੈ। ਇਸ ਕਰ ਕੇ ਸਪਸ਼ਟ ਹੋਣਾ ਪਵੇਗਾ ਕਿ ਅਸੀਂ ਕਿਸ ਧਿਰ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਭਗਤ ਯਾਦਗਾਰ ਹਾਲ ਸਿਰਫ ਵਪਾਰਕ ਇਮਾਰਤ ਨਹੀਂ ਹੈ, ਇਹ ਇੱਕ ਖਾਸ ਲੋਕ-ਪੱਖੀ ਇਨਕਲਾਬੀ ਲਹਿਰਾਂ ਦੇ ਪ੍ਰਤੀਕ ਵਜੋਂ ਝੰਡਾ ਬੁਲੰਦ ਕਰਦੀ ਆਈ ਹੈ। ਇਸ ਨੂੰ ਬਣਾਏ ਜਾਣ ਦੇ ਗਦਰੀ ਬਾਬਿਆਂ ਦੇ ਅਕੀਦੇ ਸਾਨੂੰ ਭੁੱਲਣੇ ਨਹੀਂ ਚਾਹੀਦੇ। ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੇ ਮਾਮਲੇ ਵਿੱਚ ਕੁੱਝ ਚਿੰਤਕਾਂ ਨੇ ਸਵਾਲ ਉਠਾਏ ਹਨ। ਵਫਦ ’ਚ ਸ਼ਾਮਿਲ ਸਾਰੇ ਲੇਖਕਾਂ, ਕਲਾਕਾਰਾਂ ਅਤੇ ਚਿੰਤਕਾਂ ਨੇ ਕਮੇਟੀ ਦੀ ਇਸ ਕਾਰਗੁਜ਼ਾਰੀ ਦੀ ਆਲੋਚਨਾ ਕੀਤੀ।
ਮੰਗ ਪੱਤਰ ਦੇਣ ਵਾਲਿਆਂ ਵਿਚ ਕੌਮਾਂਤਰੀ ਲੇਖਕ ਮੰਚ ‘ਕਲਮ’ ਵੱਲੋਂ ਸੁਰਜੀਤ ਜੱਜ, ਸਾਹਿਤ ਪੀਠ ਫਿਰੋਜ਼ਪੁਰ ਹਰਮੀਤ ਵਿਦਿਆਰਥੀ, ਮਾਨਵਵਾਦੀ ਰਚਨਾ ਮੰਚ ਪੰਜਾਬ ਵੱਲੋਂ ਡਾ. ਸੇਵਾ ਸਿੰਘ, ਪੀਪਲਜ਼ ਵੁਆਇਸ ਵੱਲੋਂ ਕੁਲਵਿੰਦਰ, ਸਾਹਿਤਕ ਤੇ ਸੱਭਿਆਚਾਰਕ ਸੰਸਥਾ ‘ਫੁਲਕਾਰੀ’ ਵੱਲੋਂ ਮੱਖਣ ਮਾਨ, ਆਪਣੀ ਮਿੱਟੀ, ਆਪਣੇ ਲੋਕ ਵੱਲੋਂ ਅਜੇ ਕੁਮਾਰ, ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਕੇਸਰ, ਸੁਚੇਤਕ ਰੰਗ ਮੰਚ ਮੁਹਾਲੀ ਵੱਲੋਂ ਸ਼ਬਦੀਸ਼ ਤੇ ਅਨੀਤਾ, ਸ਼ਬਦ ਵਿਚਾਰ ਮੰਚ ਵੱਲੋਂ ਮਨਦੀਪ ਸਨੇਹੀ ਤੇ ਦੀਪ ਨਿਰਮੋਹੀ, ਤਸਕੀਨ, ਡਾ. ਰਜਨੀਸ਼ ਬਹਾਦਰ ਸਿੰਘ, ਡਾ. ਸਰਬਜੀਤ ਸਿੰਘ, ਪਰਮਜੀਤ ਕਡਿਆਣਾ, ਪਰਮਜੀਤ ਕਲਸੀ, ਡਾ. ਮੰਗਤ, ਭਗਵੰਤ ਰਸੂਲਪੁਰੀ, ਅਜੇ ਕੁਮਾਰ, ਦੇਸ ਰਾਜ ਕਾਲੀ, ਰਾਕੇਸ਼ ਆਨੰਦ, ਪ੍ਰਿੰ. ਜਸਪਾਲ ਰੰਧਾਵਾ, ਕੇਵਲ ਸਿੰਘ ਪਰਵਾਨਾ, ਡਾ. ਸੈਲੇਸ਼, ਅਰੁਨਦੀਪ, ਮਹੇਸ਼ਵਰ ਸਿੰਘ, ਸੰਜੀਵ ਸਵੀ, ਰਾਜੇਸ਼ ਥਾਪਾ, ਰਾਜਿੰਦਰ ਮੰਡ ਸ਼ਾਮਲ ਸਨ।