ਦੇਸ਼ ਨੂੰ ਵੰਡਿਆ ਜਾ ਰਿਹੈ: ਰਾਹੁਲ

ਸਰਕਾਰ ’ਤੇ ਭਵਿੱਖ ਸਾੜਨ ਦਾ ਦੋਸ਼

ਦੋ ਕਾਂਗਰਸੀ ਵਫ਼ਦਾਂ ਵੱਲੋਂ ਦੰਗਾ ਪ੍ਰਭਾਵਿਤ ਖੇਤਰਾਂ ਦਾ ਦੌਰਾ;
ਦੁਕਾਨਦਾਰਾਂ ਨਾਲ ਗੱਲਬਾਤ ਕੀਤੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਨੂੰ ਵੰਡਿਆ ਜਾ ਰਿਹੈ। ਉੱਤਰ-ਪੂਰਬੀ ਦਿੱਲੀ ਵਿੱਚ ਦੰਗਿਆਂ ਦੀ ਮਾਰ ਝੱਲਣ ਵਾਲੇ ਬ੍ਰਿਜਪੁਰੀ ਇਲਾਕੇ ਵਿੱਚ ਅੱਗਜ਼ਨੀ ਦੀ ਭੇਟ ਚੜ੍ਹੇ ਸਕੂਲ ਦੇ ਦੌਰੇ ਮਗਰੋਂ ਕਾਂਗਰਸੀ ਆਗੂ ਨੇ ਕਿਹਾ ਕਿ ਇਥੇ ਸਾਡਾ ਭਵਿੱਖ ਸਾੜਿਆ ਗਿਆ ਹੈ। ਨਫ਼ਰਤ ਤੇ ਹਿੰਸਾ ਨੇ ਇਸ ਨੂੰ ਤਬਾਹ ਕਰ ਛੱਡਿਆ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਨਫ਼ਰਤ ਤੇ ਹਿੰਸਾ ਵਿਕਾਸ ਦੇ ਦੁਸ਼ਮਣ ਹਨ ਅਤੇ ਵੰਡਪਾਊੁ ਨੀਤੀ ਨਾਲ ‘ਭਾਰਤ ਮਾਤਾ’ ਨੂੰ ਕੋਈ ਫਾਇਦਾ ਨਹੀਂ ਹੋਣਾ। ਉਹ ਪਾਰਟੀ ਆਗੂਆਂ ਨਾਲ ਉੱਤਰ-ਪੂਰਬੀ ਦਿੱਲੀ ਵਿੱਚ ਦੰਗਾ ਪ੍ਰਭਾਵਿਤ ਖੇਤਰਾਂ ਦੇ ਦੌਰੇ ਮੌਕੇ ਬੋਲ ਰਹੇ ਸਨ। ਉੱਤਰ-ਪੂਰਬੀ ਦਿੱਲੀ ਵਿੱਚ ਕਾਂਗਰਸੀ ਆਗੂਆਂ ਦੇ ਦੋ ਵੱਖ-ਵੱਖ ਵਫ਼ਦਾਂ ਨੇ ਅੱਜ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ।
ਰਾਹੁਲ ਗਾਂਧੀ ਦੀ ਅਗਵਾਈ ਵਾਲੇ ਇਕ ਵਫ਼ਦ ਵਿੱਚ ਕੇ.ਸੀ. ਵੇਣੂੰਗੋਪਾਲ, ਅਧੀਰ ਰੰਜਨ ਚੌਧਰੀ, ਕੇ ਸੁਰੇਸ਼, ਮੁਕੁਲ ਵਸਨੀਕ, ਕੁਮਾਰੀ ਸ਼ੈਲਜਾ, ਗੌਰਵ ਗੋਗੋਈ ਤੇ ਰਣਦੀਪ ਸੁਰਜੇਵਾਲਾ ਵੀ ਸ਼ਾਮਲ ਸਨ। ਇਸ ਵਫ਼ਦ ਵੱਲੋਂ ਉੱਤਰ-ਪੂਰਬੀ ਦਿੱਲੀ ਦੇ ਬ੍ਰਿਜਪੁਰੀ ਖੇਤਰ ਵਿੱਚ ਸਥਿਤ ਸਕੂਲ ਅਰੁਨ ਮਾਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ ਗਿਆ ਜਿਸ ਦੀ ਦੰਗਿਆਂ ਦੌਰਾਨ ਦੰਗਾਕਾਰੀਆਂ ਵੱਲੋਂ ਭੰਨ੍ਹ-ਤੋੜ ਅਤੇ ਸਾੜ-ਫੂਕ ਕੀਤੀ ਗਈ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਗਾਂਧੀ ਨੇ ਕਿਹਾ, ‘‘ਇਹ ਸਕੂਲ ਭਾਰਤ ਦਾ ਭਵਿੱਖ ਹੈ। ਨਫ਼ਰਤ ਤੇ ਹਿੰਸਾ ਨੇ ਇਸ ਨੂੰ ਤਬਾਹ ਕਰ ਦਿੱਤਾ। ਕਿਸੇ ਨੂੰ ਇਸ ਤੋਂ ਫਾਇਦਾ ਨਹੀਂ ਹੋਇਆ। ਹਿੰਸਾ ਤੇ ਨਫ਼ਰਤ ਵਿਕਾਸ ਦੇ ਦੁਸ਼ਮਣ ਹਨ। ਭਾਰਤ ਨੂੰ ਵੰਡਿਆ ਜਾ ਰਿਹਾ ਹੈ, ਸਾੜਿਆ ਜਾ ਰਿਹਾ ਹੈ। ਇਸ ਨਾਲ ਭਾਰਤ ਮਾਤਾ ਨੂੰ ਕੋਈ ਫਾਇਦਾ ਨਹੀਂ ਹੋਣਾ। ਇਸ ਦੌਰਾਨ ਸ੍ਰੀ ਗਾਂਧੀ ਵੱਲੋਂ ਹੋਰ ਆਗੂਆਂ ਨਾਲ ਸਕੂਲ ਨੇੜੇ ਸਥਿਤ ਇਕ ਮਸਜਿਦ ਦਾ ਦੌਰਾ ਵੀ ਕੀਤਾ ਗਿਆ ਜੋ ਹਿੰਸਾ ਵਿੱਚ ਨੁਕਸਾਨੀ ਗਈ ਸੀ। ਸੂਤਰਾਂ ਅਨੁਸਾਰ ਦਿੱਲੀ ਪੁਲੀਸ ਨੇ ਸ੍ਰੀ ਗਾਂਧੀ ਨੂੰ ਬ੍ਰਿਜਪੁਰੀ ਨਾਲੇ ਤੋਂ ਅੱਗੇ ਨਾ ਜਾਣ ਦਾ ਮਸ਼ਵਰਾ ਦਿੱਤਾ।
ਕਾਂਗਰਸ ਪਾਰਟੀ ਦੇ ਦੂਜੇ ਵਫ਼ਦ ਵਿੱਜ ਜ਼ਿਆਦਾਤਰ ਸੰਸਦ ਮੈਂਬਰ ਸਨ, ਜਿਨ੍ਹਾਂ ਵਿੱਚ ਹਿਬੀ ਐਡਨ, ਗੁਰਜੀਤ ਸਿੰਘ ਔਜਲਾ ਤੇ ਅਬਦੁਲ ਖਾਲਿਕ ਸ਼ਾਮਲ ਸਨ। ਉਹ ਸਥਾਨਕ ਕੇਰਲਾ ਹਾਊਸ ਤੋਂ ਇਕ ਬੱਸ ਵਿੱਚ ਨਿਕਲੇ। ਉਨ੍ਹਾਂ ਦਾ ਪਹਿਲਾ ਠਹਿਰਾਓ ਚਾਂਦ ਬਾਗ ਸੀ, ਜਿੱਥੇ ਉਨ੍ਹਾਂ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਦੰਗਿਆਂ ਦੌਰਾਨ ਹੋਏ ਨੁਕਸਾਨ ਬਾਰੇ ਜਾਣਕਾਰੀ ਹਾਸਲ ਕੀਤੀ।