ਦੁਨੀਆਂ ਨੂੰ ਹਨੇਰੇ ਤੋਂ ਚਾਨਣ ਵੱਲ ਲਿਜਾਣ ਵਾਲੇ ਕੌਣ ਸਨ ਮਹਾਨ ਖੋਜੀ

ਅਮਰੀਕਾ/ ਨਕੋਦਰ (ਹਰਜਿੰਦਰ ਛਾਬੜਾ)-: ਮੂਵੀ, ਬੱਲਬ, ਗਰਾਮੋਫੋਨ ਵਰਗੀਆਂ ਅਨੇਕਾਂ ਕਾਢਾਂ ਕੱਢਣ ਵਾਲੇ ਵਿਗਿਆਨੀ ਥਾਮਸ ਅਲਵਾ ਐਡੀਸਨ ਦਾ ਅੱਜ ਜਨਮ ਦਿਨ ਹੈ। ਵਿਗਿਆਨੀ ਐਡੀਸਨ ਨੇ ਸਭ ਤੋਂ ਪਹਿਲਾਂ 1877 ਵਿੱਚ ਗਰਾਮੋਫੋਨ ਈਜਾਦ ਕੀਤਾ। ਗਰਾਮੋਫੋਨ ‘ਤੇ ਪਹਿਲੇ ਸ਼ਬਦ ਮੇਰੀ ਹੈਡ ਏ ਲਿਟਿਲ ਲੈਬ ਵਿੱਚ ਰਿਕਾਰਡ ਕੀਤੇ। ਥਾਮਸ ਅਲਵਾ ਐਡੀਸਨ ਦਾ ਜਨਮ 11 ਫਰਵਰੀ 1847 ਨੂੰ ਅਮਰੀਕਾ ਦੇ ਉਹੀਓ ਰਾਜ ਦੇ ਮਿਲਾਨ ਸ਼ਹਿਰ ਵਿਚ ਹੋਇਆ। ਐਡੀਸਨ ਨੈਨਸੀ ਐਡੀਸਨ ਤੇ ਸੈਮੂਅਲ ਐਡੀਸਨ ਦਾ 7ਵਾਂ ਬੱਚਾ ਸੀ। ਬਚਪਨ ਤੋਂ ਹੀ ਉਸਨੂੰ ਹਰ ਚੀਜ਼ ਬਾਰੇ ਜਾਨਣ ਦੀ ਜਗਿਆਸਾ ਰਹਿੰਦੀ। ਇਹ ਕੀ? ਕਿਉਂ? ਤੇ ਕਿਵੇਂ ਹੋਇਆ? ਉਹ ਖੁਦ ਤਜਰਬਾ ਕਰਦਾ ਤੇ ਦੇਖਦਾ ਤਾਂ ਫੇਰ ਸੰਤੁਸ਼ਟ ਹੁੰਦਾ।
ਸਕੂਲ ਦੇ ਪ੍ਰਿੰਸੀਪਲ ਵਲੋਂ ਕੀਤੀ ਨਿਰਾਦਰੀ ਕਾਰਨ ਉਸਦੀ ਮਾਂ ਨੇ ਉਸਨੂੰ ਫਿਟਕਾਰਿਆ ਤਾਂ ਉਸਦਾ ਮਾੜਾ ਨਤੀਜਾ ਇਹ ਨਿਕਲਿਆ ਕਿ ਐਡੀਸਨ ਨੂੰ ਸਕੂਲ ਵਿਚੋਂ ਬਾਹਰ ਕੱਢ ਦਿਤਾ ਗਿਆ। ਉਸ ਵੇਲੇ ਉਹ ਦਸ ਸਾਲ ਦਾ ਸੀ। ਉਸਦੀ ਮਾਂ ਨੇ ਘਰੇ ਹੀ ਉਸਨੂੰ ਪੜਾਉਣਾ ਸ਼ੁਰੂ ਕਰ ਦਿੱਤਾ। ਉਸਨੇ ਆਪਣੀ ਲਗਨ ਸਦਕਾ ਘਰ ਦੇ ਤਹਿਖਾਨੇ ਵਿੱਚ ਇਕ ਲੈਬ ਬਣਾ ਲਈ, ਜਿਥੇ ਉਹ ਤਜਰਬੇ ਕਰਦਾ ਰਹਿੰਦਾ। ਜਦ ਉਸਨੂੰ ਪੈਸੇ ਦੀ ਲੋੜ ਪਈ ਤਾਂ ਉਹ ਰੇਲ ਗੱਡੀ ਵਿਚ ਅਖਬਾਰਾਂ, ਟੌਫੀਆਂ ਵੇਚਣ ਲੱਗ ਪਿਆ। ਵਿਹਲੇ ਸਮੇਂ ਲਾਇਬ੍ਰੇਰੀ ਵਿੱਚ ਪੜ੍ਹਦਾ ਤੇ ਨਵੇਂ ਨਵੇਂ ਤਜ਼ਰਬਿਆਂ ਬਾਰੇ ਸੋਚਦਾ ਰਹਿੰਦਾ। 1861 ਵਿਚ ਦੱਖਣੀ ਤੇ ਉੱਤਰੀ ਅਮਰੀਕਾ ਦੀ ਜੰਗ ਵੇਲੇ ਰੇਲ ਗੱਡੀ ਵਿੱਚ ਹੀ ਮਸ਼ੀਨ ਰੱਖ ਕੇ ਗਰੈਂਡ ਟਰੰਕ ਹੈਰਲਡ ਅਖਬਾਰ ਕੱਢਣੀ ਸ਼ੁਰੂ ਕਰ ਦਿੱਤੀ। ਆਪਣੀ ਟੈਲੀਗਰਾਫ ਮਸ਼ੀਨ ਨਿਊਯਾਰਕ ਵਿੱਚ ਜਾ ਕੇ ਵੇਚੀ ਉਸ ਨੂੰ ਇਕ ਹਜ਼ਾਰ ਦੀ ਥਾਂ ਚਾਲੀ ਹਜ਼ਾਰ ਡਾਲਰ ਮਿਲੇ।ਉਸ ਨੇ ਆਪਣੀ ਖੋਜ ਦਾ ਪਹਿਲਾ ਪੇਟੈਂਟ 1868 ਵਿੱਚ ਕੀਤਾ।
ਪਹਿਲਾਂ ਬਲਬ ਦੀ ਖੋਜ ਕੀਤੀ ਫਿਰ ਉਸਨੇ ਪਾਵਰ ਹਾਉਸ ਬਣਾ ਕੇ ਨਵੇਂ ਸਾਲ ਦੇ ਦਿਨ ਸਾਰੀ ਸੜਕ ਨੂੰ ਬਲਬਾਂ ਨਾਲ ਸਜਾਇਆ। ਚਲਿਤਰ (ਮੂਵੀ) ਕੈਮਰਾ, ਟਾਈਪਰਾਈਟਰ ਕਈ ਕਾਢਾਂ ਕੱਢੀਆਂ। ਸੰਸਾਰ ਵਿੱਚ ਸਭ ਤੋਂ ਵੱਧ ਖੋਜਾਂ 1093 ਉਸਨੇ ਪੇਟੈਂਟ ਕਰਵਾਈਆਂ। ਉਹ ਅਣਥਕ ਵਰਕਰ ਸੀ ਜਿਹੜਾ 18-19 ਘੰਟੇ ਕੰਮ ਕਰਦਾ ਰਿਹਾ। ਉਸਨੇ ਕਿਹਾ ਸੀ, ‘ਪੜ੍ਹਨ ਤੋਂ ਸਸਤਾ ਹੋਰ ਕੋਈ ਮਨੋਰੰਜਨ ਨਹੀਂ ਜਿੰਨੀ ਖੁਸ਼ੀ ਪੜ੍ਹਨ ਤੋਂ ਮਿਲਦੀ ਹੈ ਉਨੀ ਹੋਰ ਕਿਸੇ ਸਾਧਨ ਤੋਂ ਨਹੀਂ। ‘1915 ਵਿਚ ਭੌਤਿਕ ਵਿਸ਼ੇ ਲਈ ਇਨਾਮ ਮਿਲਿਆ। ਉਸ ਦਾ ਕਹਿਣਾ ਸੀ, ‘ਤੁਸੀਂ ਜਿਸ ਜਿੱਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਉਸਨੂੰ ਦਿਲੀ ਸੰਕਲਪ ਕਰਕੇ ਖੋਜੋ, ਉਹ ਜ਼ਰੂਰ ਮਿਲੇਗਾ। ਵਿਗਿਆਨੀ ਥਾਮਸ ਅਲਵਾ ਐਡੀਸਨ ਨੂੰ ਟੈਕਨੀਕਲ ਗ੍ਰੈਮੀ ਅਵਾਰਡ, ਜੌਹਨ ਸਕੌਟ ਲੇਗਸੀ ਮੈਡਲ ਵਰਗੇ ਕਈ ਹੋਰ ਵੱਡੇ ਇਨਾਮਾਂ ਨਾਲ ਨਿਵਾਜਿਆ ਗਿਆ ਹੈ।
18 ਅਕਤੂਬਰ,1931 ਨੂੰ ਉਹ ਅਮਰੀਕਾ ਦੇ ਨਿਊਜਰਸੀ ਸ਼ਹਿਰ ਵਿਚ ਸੰਸਾਰ ਨੂੰ ਅਨੇਕਾਂ ਕਾਢਾਂ ਦੇ ਕੇ ਅਲਵਿਦਾ ਆਖ ਗਿਆ। ਉਸਦੇ ਨਾਂ ‘ਤੇ ਕਈ ਵਿਦਿਅਕ ਸੰਸਥਾਵਾਂ, ਝੀਲ, ਹੋਟਲ, ਤਿੰਨ ਪੁਲਿਸ ਫੋਰਸਾਂ ਤੋਂ ਇਲਾਵਾ ਉਲਕਾ ਦਾ ਨਾਮ 742 ਐਡੀਸਨ ਰੱਖਿਆ ਗਿਆ। ਦੁਨੀਆਂ ਨੂੰ ਹਨੇਰੇ ਤੋਂ ਚਾਨਣ ਵੱਲ ਲਿਜਾਣ ਵਾਲੇ ਇਸ ਮਹਾਨ ਖੋਜੀ ਦਾ ਨਾਂ ਸਾਡੇ ਦੇਸ ਵਿਚ ਹੋਰ ਖੋਜੀ ਵਿਗਿਆਨੀਆਂ ਵਾਂਗ ਕੁਝ ਸਕੂਲਾਂ ਨੂੰ ਛੱਡ ਕੇ ਕਿਸੇ ਵੀ ਥਾਂ ‘ਤੇ ਲਿਖਿਆ ਨਹੀਂ ਮਿਲਦਾ।