ਦਿੱਲੀ ਦੰਗੇ: ਜ਼ਰਗਰ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਟਲੀ

ਨਵੀਂ ਦਿੱਲੀ (ਸਮਾਜਵੀਕਲੀ):  ਦਿੱਲੀ ਹਾਈ ਕੋਰਟ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ’ਚ ਐੱਮ.ਫਿਲ ਦੀ ਵਿਦਿਆਰਥਣ ਸਫ਼ੂਰਾ ਜ਼ਰਗਰ ਵੱਲੋਂ ਦਾਇਰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਇਕ ਦਿਨ ਲਈ ਅੱਗੇ ਪਾ ਦਿੱਤੀ ਹੈ। ਦਿੱਲੀ ਪੁਲੀਸ ਨੇ ਅੱਜ ਸੁਣਵਾਈ ਦੌਰਾਨ ਇਕ ਦਿਨ ਦਾ ਸਮਾਂ ਮੰਗਿਅਾ ਸੀ।

ਚਾਰ ਮਹੀਨਿਆਂ ਦੀ ਗਰਭਵਤੀ ਜ਼ਰਗਰ ਨੂੰ ਅਤਿਵਾਦ ਵਿਰੋਧੀ ਕਾਨੂੰਨ (ਯੂਏਪੀਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਰਗਰ ਨੇ ਫਰਵਰੀ ਵਿੱਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਉੱਤਰ-ਪੂਰਬੀ ਦਿੱਲੀ ਵਿੱਚ ਭੜਕੇ ਫਿਰਕੂ ਦੰਗਿਆਂ ਨਾਲ ਸਬੰਧਤ ਇਕ ਕੇਸ ’ਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ। ਜਸਟਿਸ ਰਾਜੀਵ ਸ਼ਕਧਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਦਿਆਂ ਜ਼ਰਗਰ ਦੇ ਵਕੀਲ ਦੀ ਸਹਿਮਤੀ ਨਾਲ ਸੁਣਵਾਈ ਨੂੰ ਮੰਗਲਵਾਰ ਲਈ ਅੱਗੇ ਪਾ ਦਿੱਤਾ। ਸੁਣਵਾਈ ਦੌਰਾਨ ਦਿੱਲੀ ਪੁਲੀਸ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਕੇਸ ’ਚ ਸਰਕਾਰ ਤੋਂ ਲੋੜੀਂਦੀਆਂ ਹਦਾਇਤਾਂ ਲੈਣ ਲਈ ਇਕ ਦਿਨ ਦਾ ਸਮਾਂ ਮੰਗਿਆ ਸੀ।

ਜਾਮੀਆ ਕੋਆਰਡੀਨੇਸ਼ਨ ਕਮੇਟੀ ਦੀ ਮੈਂਬਰ ਜ਼ਰਗਰ ਨੂੰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ 10 ਅਪਰੈਲ ਨੂੰ ਗ੍ਰਿਫਤਾਰ ਕੀਤਾ ਸੀ। ਟਰਾਇਲ ਕੋਰਟ ਨੇ 4 ਜੂਨ ਨੂੰ ਜ਼ਰਗਰ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਸੀ। ਇਸ ਫੈਸਲੇ ਨੂੰ ਹੁਣ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ ਹੈ।

ਉਧਰ ਦਿੱਲੀ ਦੀ ਅਦਾਲਤ ਨੇ ਉੱਤਰ-ਪੂਰਬੀ ਦਿੱਲੀ ’ਚ ਹੋਈ ਫਿਰਕੂ ਹਿੰਸਾ ਨਾਲ ਸਬੰਧਤ ਕੇਸ ’ਚ ਗ੍ਰਿਫ਼ਤਾਰ ਨਿੱਜੀ ਸਕੂਲ ਦੇ ਮਾਲਕ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਦਿੱਲੀ ਪੁਲੀਸ ਨੇ ਸ਼ਿਵ ਵਿਹਾਰ ਮੁਹੱਲੇ ਵਿਚਲੇ ਰਾਜਧਾਨੀ ਸਕੂਲ ਦੇ ਮਾਲਕ ਫ਼ੈਸਲ ਫ਼ਾਰੂਕ ਸਮੇਤ 18 ਵਿਅਕਤੀਆਂ ਨੂੰ ਨਾਲ ਲਗਦੇ ਡੀਆਰਪੀ ਕਾਨਵੈਂਟ ਸਕੂਲ ’ਚ ਕਥਿਤ ਸਾੜ-ਫੂਕ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲੀਸ ਨੇ 3 ਜੂਨ ਨੂੰ ਫਾਰੂਕ ਤੇ ਹੋਰਨਾਂ ਖਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਸੀ।

ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਕਿਹਾ ਕਿ ਤੱਥਾਂ ਦੀ ਪੜਚੋਲ ਤੋਂ ਪ੍ਰਤੱਖ ਤੌਰ ’ਤੇ ਇਹੀ ਲਗਦਾ ਹੈ ਕਿ ਫ਼ਾਰੂਕ ਉਪਰੋਕਤ ਘਟਨਾ ਵੇਲੇ ਮੌਕੇ ’ਤੇ ਮੌਜੂਦ ਨਹੀਂ ਸੀ।