ਦਿੱਲੀ ਦੀਆਂ ਹੱਦਾਂ ’ਤੇ ਚੌਕਸੀ ਵਧਾਈ

ਨਵੀਂ ਦਿੱਲੀ (ਸਮਾਜਵੀਕਲੀ)  :  ਦਿੱਲੀ ਪੁਲੀਸ ਵੱਲੋਂ ਕੌਮੀ ਰਾਜਧਾਨੀ ਦੀਆਂ ਹੱਦਾਂ ’ਤੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ ਅਤੇ ਆਉਣ-ਜਾਣ ਵਾਲਿਆਂ ਉਪਰ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਮੁਤਾਬਕ ਸੁਰੱਖਿਆ ਏਜੰਸੀਆਂ ਤੋਂ ਦਿੱਲੀ ਵਿੱਚ ਦਹਿਸ਼ਤੀ ਹਮਲੇ ਦੀਆਂ ਖੁਫ਼ੀਆ ਰਿਪੋਰਟਾਂ ਮਿਲਣ ਮਗਰੋਂ ਹਾਈ ਅਲਰਟ ਦਾ ਫ਼ੈਸਲਾ ਲਿਆ ਗਿਆ ਹੈ।

ਦਿੱਲੀ ਨਾਲ ਹਰਿਆਣਾ ਦੇ ਸੋਨੀਪਤ, ਗੁਰੂਗ੍ਰਾਮ ਤੇ ਫ਼ਰੀਦਾਬਾਦ ਅਤੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੇ ਗੌਤਮਬੁੱਧ ਨਗਰ ਜ਼ਿਲ੍ਹਿਆਂ ਦੀਆਂ ਹੱਦਾਂ ਲੱਗਦੀਆਂ ਹਨ। ਦਿੱਲੀ ਪੁਲੀਸ ਨੇ 15 ਜ਼ਿਲ੍ਹਿਆਂ ਨੂੰ ਹਾਈ ਅਲਰਟ ’ਤੇ ਰੱਖਿਆ ਹੈ ਅਤੇ ਪੁਲੀਸ ਦੀ ਅਪਰਾਧ ਸ਼ਾਖਾ ਤੇ ਵਿਸ਼ੇਸ਼ ਸੈੱਲ ਦੀ ਵੀ ਤਿੱਖੀ ਨਜ਼ਰ ਹੈ ਕਿਉਂਕਿ ਚਾਰ ਜਾਂ ਪੰਜ ਦਹਿਸ਼ਤਗਰਦਾਂ ਵਲੋਂ ਦਿੱਲੀ ਵਿੱਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ।

ਚੌਕਸੀ ਤਹਿਤ ਦਿੱਲੀ ਦੇ ਹਸਪਤਾਲਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ ਹੈ ਕਿਉਂਕਿ ਕਰੋਨਾ ਦੌਰਾਨ ਕੋਵਿਡ ਦੇ ਇਲਾਜ ਲਈ ਤੈਅ ਹਸਪਤਾਲਾਂ ਵਿੱਚ ਵੱਡੀ ਗਿਣਤੀ ਲੋਕ ਦਾਖ਼ਲ ਹਨ ਅਤੇ ਬਾਕੀ ਹਸਪਤਾਲਾਂ ਵਿੱਚ ਆਮ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵੀ ਜ਼ਿਆਦਾ ਹੋਣ ਲੱਗੀ ਹੈ।