ਦਿੱਲੀ ’ਚ ਹਿੰਸਾ, ਅੱਗਜ਼ਨੀ ਅਤੇ ਤਣਾਅ

ਪੁਲੀਸ ਹੈੱਡਕੁਆਰਟਰ ਬਾਹਰ ਰਾਤ ਨੂੰ ਵਿਦਿਆਰਥੀਆਂ ਵੱਲੋਂ ਮੁਜ਼ਾਹਰਾ,
ਜਾਮੀਆ ਮਿਲੀਆ ਯੂਨੀਵਰਸਿਟੀ ’ਚੋਂ ਵਿਦਿਆਰਥੀ ਹਿਰਾਸਤ ’ਚ ਲਏ;
ਚਾਰ ਬੱਸਾਂ ਅਤੇ ਦੋ ਪੁਲੀਸ ਵਾਹਨ ਸਾੜੇ

ਨਵੀਂ ਦਿੱਲੀ– ਸੋਧੇ ਹੋਏ ਨਾਗਰਿਕਤਾ ਐਕਟ ਦਾ ਸੇਕ ਉੱਤਰ-ਪੂਰਬ ਤੋਂ ਬਾਅਦ ਮੁਲਕ ਦੀ ਰਾਜਧਾਨੀ ਦਿੱਲੀ ’ਚ ਪਹੁੰਚ ਗਿਆ ਹੈ। ਦਿੱਲੀ ’ਚ ਪ੍ਰਦਰਸ਼ਨਕਾਰੀ ਨਿਊ ਫਰੈਂਡਜ਼ ਕਲੋਨੀ ’ਚ ਪੁਲੀਸ ਨਾਲ ਭਿੜ ਗਏ ਅਤੇ ਚਾਰ ਬੱਸਾਂ ਤੇ ਦੋ ਪੁਲੀਸ ਵਾਹਨਾਂ ਨੂੰ ਅੱਗ ਲਗਾ ਦਿੱਤੀ। 40 ਦੇ ਕਰੀਬ ਲੋਕ ਿਜਨ੍ਹਾਂ ’ਚ ਵਿਦਿਆਰਥੀ, ਪੁਲੀਸ ਮੁਲਾਜ਼ਮ ਅਤੇ ਫਾਇਰ ਕਾਮੇ ਸ਼ਾਮਲ ਹਨ, ਜ਼ਖ਼ਮੀ ਹੋ ਗਏ। ਇਸ ਦੌਰਾਨ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਖਰੀ ਖ਼ਬਰਾਂ ਮਿਲਣ ਤਕ ਕੇਂਦਰੀ ਦਿੱਲੀ ਵਿੱਚ ਪੁਲੀਸ ਹੈਡਕੁਆਰਟਰ ਦੇ ਬਾਹਰ ਡਟੇ ਹੋਏ ਸਨ। ਜੇਐੱਨਯੂ ਵਿਦਿਆਰਥੀ, ਪੁਲੀਸ ਵੱਲੋਂ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਖ਼ਿਲਾਫ਼ ਕੀਤੀ ਕਾਰਵਾਈ ਦਾ ਵਿਰੋਧ ਕਰ ਰਹੇ ਸਨ। ਇਸ ਤੋਂ  ਪਹਿਲਾਂ ਪੁਲੀਸ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਹੋ ਗਈ ਅਤੇ ਵਿਦਿਆਰਥੀਆਂ ਨੂੰ ਜਬਰੀ ਬਾਹਰ ਕੱਢਿਆ ਗਿਆ। ਪੁਲੀਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ। ਪੁਲੀਸ ਮੁਤਾਬਕ ਦਿੱਲੀ ’ਚ ਅੱਗਜ਼ਨੀ ਮਗਰੋਂ ਇਹ ਵਿਦਿਆਰਥੀ ਯੂਨੀਵਰਸਿਟੀ ਅੰਦਰ ਦਾਖ਼ਲ ਹੋ ਗਏ ਸਨ ਅਤੇ ਹਿੰਸਾ ਇਥੋਂ ਹੀ ਭੜਕੀ ਸੀ। ਉਧਰ ਗੁਹਾਟੀ, ਡਿਬਰੂਗੜ੍ਹ ਅਤੇ ਸ਼ਿਲਾਂਗ ਸਮੇਤ ਹੋਰ ਥਾਵਾਂ ’ਤੇ ਅੱਜ ਸ਼ਾਂਤੀ ਕਾਇਮ ਰਹੀ ਜਿਸ ਕਾਰਨ ਕਰਫਿਊ ’ਚ ਢਿੱਲ ਦਿੱਤੀ ਗਈ। ਪੱਛਮੀ ਬੰਗਾਲ ’ਚ ਅੱਜ ਤੀਜੇ ਦਿਨ ਵੀ ਪ੍ਰਦਰਸ਼ਨਾਂ ਦਾ ਦੌਰ ਜਾਰੀ ਰਿਹਾ ਅਤੇ ਛੇ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਗੁਹਾਟੀ ’ਚ ਪੁਲੀਸ ਗੋਲੀਬਾਰੀ ’ਚ ਜ਼ਖ਼ਮੀ ਹੋਏ ਦੋ ਹੋਰ ਵਿਅਕਤੀਆਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ।

ਦਿੱਲੀ ’ਚ ਐੱਨਐੱਸਯੂਆਈ ਦੇ ਕੌਮੀ ਸਕੱਤਰ ਐੱਸ ਫਾਰੂਕੀ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀ ਜਦੋਂ ਮਥੁਰਾ ਰੋਡ ’ਤੇ ਸ਼ਾਂਤੀਪੂਰਬਕ ਧਰਨਾ ਦੇ ਰਹੇ ਸਨ ਤਾਂ ਪੁਲੀਸ ਨੇ ਧੱਕਾ ਕੀਤਾ ਜਿਸ ਦਾ ਉਨ੍ਹਾਂ ਵਿਰੋਧ ਕੀਤਾ। ਜਾਮੀਆ ਮਿਲੀਆ ਇਸਲਾਮੀਆ ਵਿਦਿਆਰਥੀਆਂ ਦੇ ਇਕ ਗੁੱਟ ਨੇ ਕਿਹਾ ਕਿ ਉਨ੍ਹਾਂ ਦਾ ਅੱਗਜ਼ਨੀ ਅਤੇ ਹਿੰਸਾ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਥਾਨਕ ਅਨਸਰਾਂ ਨੇ ਪ੍ਰਦਰਸ਼ਨ ’ਚ ਸ਼ਾਮਲ ਹੋ ਕੇ ਇਸ ’ਚ ਅੜਿੱਕਾ ਡਾਹਿਆ। ਫਾਰੂਕੀ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਉਨ੍ਹਾਂ ਕਿਹਾ ਕਿ ਪੁਲੀਸ ਜਾਣ ਬੁਝ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਜਮਾ ਅਖ਼ਤਰ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਲਾਇਬ੍ਰੇਰੀ ’ਚੋਂ ਬਾਹਰ ਲਿਜਾਇਆ ਗਿਆ ਹੈ ਅਤੇ ਉਹ ਸੁਰੱਖਿਅਤ ਹਨ। ਜਾਮੀਆ ਦੇ ਚੀਫ਼ ਪ੍ਰਾਕਟਰ ਵਸੀਮ ਅਹਿਮਦ ਖ਼ਾਨ ਨੇ ਕਿਹਾ ਕਿ ਪੁਲੀਸ ਜਬਰੀ ਕੈਂਪਸ ਅੰਦਰ ਦਾਖ਼ਲ ਹੋਈ ਅਤੇ ਉਸ ਨੇ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਹੈ। ਦਿੱਲੀ ਪੁਲੀਸ ਨੇ ਕਿਹਾ ਕਿ ਜਾਮੀਆ ਯੂਨੀਵਰਸਿਟੀ ’ਚ ਹਾਲਾਤ ਹੁਣ ਕਾਬੂ ਹੇਠ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅੰਦਰ ਹਿੰਸਕ ਭੀੜ ਦਾਖ਼ਲ ਹੋ ਗਈ ਸੀ ਜਿਸ ’ਚੋਂ ਕੁਝ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪੁਲੀਸ ਨੇ ਕਿਹਾ ਕਿ ਚਾਰ ਬੱਸਾਂ ਅਤੇ ਦੋ ਪੁਲੀਸ ਵਾਹਨਾਂ ਨੂੰ ਸਾੜਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਮੀਆ ਕੈਂਪਸ ਦੇ ਅੰਦਰੋਂ ਪੁਲੀਸ ’ਤੇ ਪਥਰਾਅ ਹੋਇਆ। ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਇਸ ਦੌਰਾਨ ਯੂਨੀਵਰਸਿਟੀ ਨੂੰ 6 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਐਲਾਨ ਕੀਤਾ ਕਿ ਜਾਮੀਆ ਯੂਨੀਵਰਸਿਟੀ ਨੇੜੇ ਹਿੰਸਾ ਮਗਰੋਂ ਪੈਦਾ ਹੋਏ ਤਣਾਅ ਕਾਰਨ ਦੱਖਣ-ਪੂਰਬੀ ਦਿੱਲੀ ਇਲਾਕੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸੋਮਵਾਰ ਨੂੰ ਬੰਦ ਰਹਿਣਗੇ। ਇਨ੍ਹਾਂ ਜ਼ਿਲ੍ਹਿਆਂ ’ਚ ਜਾਮੀਆ, ਓਖਲਾ, ਨਿਊ ਫਰੈਂਡਜ਼ ਕਾਲੋਨੀ ਅਤੇ ਮਦਨਪੁਰ ਖਾਦਰ ਸਮੇਤ ਹੋਰ ਇਲਾਕੇ ਸ਼ਾਮਲ ਹਨ। ਇਸ ਦੌਰਾਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਆਰਐੱਮਸੀ) ਨੇ ਸੋਧੇ ਹੋਏ ਨਾਗਰਿਕਤਾ ਐਕਟ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਦੇ ਹਿੰਸਕ ਰੂਪ ਧਾਰਨ ਮਗਰੋਂ ਦੇਰ ਸ਼ਾਮ ਜੀਟੀਬੀ ਨਗਰ, ਸ਼ਿਵਾਜੀ ਸਟੇਡੀਅਮ, ਪਟੇਲ ਚੌਕ ਤੇ ਯੂਨੀਵਰਸਿਟੀ ਸਮੇਤ ਕਈ ਮੈਟਰੋ ਸਟੇਸ਼ਨਾਂ ਦੇ ਗੇਟ ਇਹਤਿਆਤ ਵਜੋਂ ਬੰਦ ਕਰ ਦਿੱਤੇ ਹਨ। ਕਾਰਪੋਰੇਸ਼ਨ ਮੁਤਾਬਕ ਇਨ੍ਹਾਂ ਸਟੇਸ਼ਨਾਂ ’ਤੇ ਗੱਡੀਆਂ ਨਹੀਂ ਖੜ੍ਹਨਗੀਆਂ।

ਉਧਰ ਪੱਛਮੀ ਬੰਗਾਲ ’ਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸਰਕਾਰ ਨੇ ਮਾਲਦਾ, ਉੱਤਰ ਦਿਨਾਜਪੁਰ, ਮੁਰਸ਼ਿਦਾਬਾਦ, ਹਾਵੜਾ, ਨੌਰਥ 24 ਪਰਗਨਾ ਅਤੇ ਸਾਊਥ 24 ਪਰਗਨਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਉੱਤਰੀ 24 ਪਰਗਨਾ ਅਤੇ ਨਾਦੀਆ ਜ਼ਿਲ੍ਹਿਆਂ ਦੇ ਅਮਦਾਂਗਾ ਅਤੇ ਕਲਿਆਣੀ ਇਲਾਕਿਆਂ ’ਚ ਪ੍ਰਦਰਸ਼ਨਕਾਰੀਆਂ ਨੇ ਰਸਤੇ ਰੋਕ ਕੇ ਸੜਕਾਂ ’ਤੇ ਲੱਕੜਾਂ ਨੂੰ ਅੱਗ ਲਾ ਦਿੱਤੀ। ਦਿਗੰਗਾ ਇਲਾਕੇ ’ਚ ਕਈ ਦੁਕਾਨਾਂ ਦੀ ਭੰਨ-ਤੋੜ ਕੀਤੀ ਗਈ ਹੈ। ਸਾਊਥ 24 ਪਰਗਨਾ ਜ਼ਿਲ੍ਹੇ ’ਚ ਰੇਲ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਅਕਰਾ ਸਟੇਸ਼ਨ ’ਤੇ ਭੰਨ-ਤੋੜ ਤੋਂ ਇਲਾਵਾ ਪਟੜੀ ਨੂੰ ਅੱਗ ਲਗਾ ਦਿੱਤੀ ਗਈ। ਸਟੇਸ਼ਨ ਦੇ ਟਿਕਟ ਕਾਊਂਟਰ ’ਤੇ ਪਏ ਪੈਸਿਆਂ ਨੂੰ ਵੀ ਲੁੱਟ ਲਿਆ ਗਿਆ। ਪੁਲੀਸ ’ਤੇ ਪਥਰਾਅ ਕੀਤਾ ਗਿਆ ਜਿਸ ਨਾਲ ਕਈ ਮੁਲਾਜ਼ਮ ਜ਼ਖ਼ਮੀ ਹੋਏ ਹਨ। ਕਈ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਕਈ ਦੇਰੀ ਨਾਲ ਚੱਲ ਰਹੀਆਂ ਹਨ। ਹੁਕਮਰਾਨ ਤ੍ਰਿਣਮੂਲ ਕਾਂਗਰਸ ਵੱਲੋਂ ਐਤਵਾਰ ਨੂੰ ਸੂਬੇ ਦੇ ਵੱਖ ਵੱਖ ਹਿੱਸਿਆਂ ’ਚ ਸ਼ਾਂਤੀਪੂਰਬਕ ਰੈਲੀਆਂ ਕਰਕੇ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਗਿਆ। ਮੁੱਖ ਮੰਤਰੀ ਮਮਤਾ ਬੈਨਰਜੀ ਸੋਮਵਾਰ ਨੂੰ ਨਵੇਂ ਸਿਟੀਜ਼ਨਸ਼ਿਪ ਐਕਟ ਖ਼ਿਲਾਫ਼ ਪ੍ਰਦਰਸ਼ਨ ’ਚ ਹਿੱਸਾ ਲੈਣਗੇ। ਭਾਜਪਾ ਦੇ ਸੂਬਾਈ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੱਛਮੀ ਬਰਦਵਾਨ ਜ਼ਿਲ੍ਹੇ ਦੇ ਅੰਦਾਲ ਹਵਾਈ ਅੱਡੇ ’ਤੇ ਮੁਲਾਕਾਤ ਕੀਤੀ। ਉਨ੍ਹਾਂ ਪੱਛਮੀ ਬੰਗਾਲ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਤੋਂ ਸ੍ਰੀ ਮੋਦੀ ਨੂੰ ਜਾਣੂ ਕਰਵਾਇਆ। ਝਾਰਖੰਡ ’ਚ ਚੋਣ ਰੈਲੀ ਨੂੰ ਸੰਬੋਧਨ ਕਰਨ ਜਾਣ ਸਮੇਂ ਪ੍ਰਧਾਨ ਮੰਤਰੀ ਦਾ ਜਹਾਜ਼ ਇਥੇ ਰੁਕਿਆ ਸੀ। ਪੂਰਬ ਬਰਧਮਾਨ ਜ਼ਿਲ੍ਹੇ ’ਚ 36 ਵਰ੍ਹਿਆਂ ਦੀ ਮਹਿਲਾ ਨੇ ਪ੍ਰਸਤਾਵਿਤ ਨਾਗਰਿਕਾਂ ਬਾਰੇ ਕੌਮੀ ਰਜਿਸਟਰ ਤੋਂ ਡਰ ਕੇ ਖੁਦਕੁਸ਼ੀ ਕਰ ਲਈ। ਰਿਸ਼ਤੇਦਾਰਾਂ ਮੁਤਾਬਕ ਨਾਗਰਿਕਤਾ ਸੋਧ ਬਿੱਲ ਪਾਸ ਹੋਣ ਮਗਰੋਂ ਉਹ ਤਣਾਅ ਹੇਠ ਸੀ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਪੱਛਮੀ ਬੰਗਾਲ ਸਰਕਾਰ ਵੱਲੋਂ ਐੱਨਆਰਸੀ ਅਤੇ ਨਾਗਰਿਕਤਾ ਐਕਟ ਲਾਗੂ ਨਾ ਕਰਨ ਬਾਰੇ ਕੱਢੇ ਗਏ ਇਸ਼ਤਿਹਾਰ ਨੂੰ ਗ਼ੈਰ ਸੰਵਿਧਾਨਕ ਕਰਾਰ ਦਿੰਦਿਆਂ ਕਿਹਾ ਹੈ ਕਿ ਸਰਕਾਰ ਦਾ ਮੁਖੀ ਅਜਿਹੀਆਂ ਮੁਹਿੰਮਾਂ ਲਈ ਸਰਕਾਰੀ ਪੈਸੇ ਦੀ ਦੁਰਵਰਤੋਂ ਨਹੀਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮਮਤਾ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ। ਅਸਾਮ ਦੇ ਗੁਹਾਟੀ ਅਤੇ ਡਿਬਰੂਗੜ੍ਹ ਜ਼ਿਲ੍ਹੇ ਦੇ ਕਈ ਹਿੱਸਿਆਂ ’ਚ ਐਤਵਾਰ ਨੂੰ ਕਰਫ਼ਿਊ ’ਚ ਕਈ ਘੰਟਿਆਂ ਦੀ ਢਿੱਲ ਦਿੱਤੀ ਗਈ। ਸੂਬੇ ’ਚ ਫਸੇ ਮੁਸਾਫ਼ਰਾਂ ਨੂੰ ਕੱਢਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਗੁਹਾਟੀ ’ਚ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਡਿਬਰੂਗੜ੍ਹ ਪੱਛਮੀ, ਨਾਹਰਕਾਤੀਆ, ਟੇਨੂਘਾਟ ਇਲਾਕਿਆਂ ’ਚ ਕਰਫ਼ਿਊ ’ਚ ਸਵੇਰੇ 7 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਢਿੱਲ ਦਿੱਤੀ ਗਈ। ਭੂਟਾਨ ਦੀ ਇਕ ਉਡਾਣ ਸਮੇਤ ਛੇ ਨੂੰ ਰੱਦ ਕਰ ਦਿੱਤਾ ਗਿਆ। ਅਸਾਮ ’ਚ ਪਿਛਲੇ ਦਿਨਾਂ ’ਚ ਹੋਈ ਹਿੰਸਾ ਮਗਰੋਂ ਪੁਲੀਸ ਨੇ 175 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ 1406 ਨੂੰ ਇਹਤਿਆਤ ਵਜੋਂ ਹਿਰਾਸਤ ’ਚ ਰੱਖਿਆ ਹੈ। ਪੁਲੀਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ’ਚ ਕ੍ਰਿਸ਼ਕ ਮੁਕਤੀ ਸੰਗਰਾਮ ਸਮਿਤੀ ਦੇ ਮੁਖੀ ਅਖਿਲ ਗੋਗੋਈ ਅਤੇ ਉਲਫ਼ਾ ਦੇ ਗੱਲਬਾਤ ਪੱਖੀ ਧੜੇ ਦਾ ਆਗੂ ਜਿਤੇਨ ਦੱਤਾ ਸ਼ਾਮਲ ਹਨ। ਸੋਧੇ ਗਏ ਨਾਗਰਿਕਤਾ ਐਕਟ ਖ਼ਿਲਾਫ਼ ਹਿੰਸਾ ਭੜਕਨ ਮਗਰੋਂ ਸਦਰ ਅਤੇ ਲੁਮਦਿਨਗਿਰੀ ਪੁਲੀਸ ਸਟੇਸ਼ਨਾਂ ਤਹਿਤ ਆਉਂਦੇ ਇਲਾਕਿਆਂ ’ਚ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕਰਫ਼ਿਊ ’ਚ ਢਿੱਲ ਦਿੱਤੀ ਗਈ।