ਦਿੱਲੀ ’ਚ ਬਹੁ-ਮੰਜ਼ਿਲਾ ਫੈਕਟਰੀ ਨੂੰ ਅੱਗ, 43 ਮੌਤਾਂ

* ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ
*  ਇਮਾਰਤ ਦੀਆਂ ਤਿੰਨ ਮੰਜ਼ਿਲਾਂ ’ਚ ਚੱਲ ਰਹੀਆਂ ਸਨ ਫੈਕਟਰੀਆਂ
*  ਅੱਗ ਬੁਝਾਊ ਦਸਤੇ ਦੀਆਂ 30 ਗੱਡੀਆਂ ਅਤੇ 150 ਮੁਲਾਜ਼ਮਾਂ ਨੇ ਚਲਾਏ ਰਾਹਤ ਅਤੇ ਬਚਾਅ ਕਾਰਜ
*  ਇਮਾਰਤ ਲਈ ਫਾਇਰ ਵਿਭਾਗ ਤੋਂ ਨਹੀਂ ਲਈ ਗਈ ਸੀ ਐੱਨਓਸੀ
* ਉਪਹਾਰ ਸਿਨੇਮਾ ਅਗਨੀ ਕਾਂਡ ਮਗਰੋਂ ਕੌਮੀ ਰਾਜਧਾਨੀ ’ਚ ਸਭ ਤੋਂ ਭਿਆਨਕ ਅਗਨੀ ਕਾਂਡ

ਦਿੱਲੀ ਦੇ ਭੀੜ-ਭਾੜ ਵਾਲੇ ਅਨਾਜ ਮੰਡੀ ਇਲਾਕੇ ’ਚ ਰਾਣੀ ਝਾਂਸੀ ਰੋਡ ’ਤੇ ਬਹੁ-ਮੰਜ਼ਿਲਾ ਇਮਾਰਤ ’ਚ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗਣ ਕਾਰਨ 43 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਡੇਢ ਦਰਜਨ ਦੇ ਕਰੀਬ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ’ਚ ਦਿੱਲੀ ਅੱਗ ਬੁਝਾਊ ਦਸਤੇ ਦੇ ਦੋ ਮੁਲਾਜ਼ਮ ਵੀ ਸ਼ਾਮਲ ਹਨ। ਉੱਤਰੀ ਦਿੱਲੀ ’ਚ ਪੈਂਦੀ ਇਮਾਰਤ ’ਚ ਗ਼ੈਰਕਾਨੂੰਨੀ ਫੈਕਟਰੀਆਂ ਚੱਲ ਰਹੀਆਂ ਸਨ। ਕੌਮੀ ਰਾਜਧਾਨੀ ’ਚ 1997 ਦੇ ਉਪਹਾਰ ਸਿਨਮਾ ਅਗਨੀ ਕਾਂਡ ਮਗਰੋਂ ਇਹ ਸਭ ਤੋਂ ਭਿਆਨਕ ਹਾਦਸਾ ਹੈ। ਉਸ ਸਮੇਂ ਸਿਨਮਾਘਰ ’ਚ ਅੱਗ ਲੱਗਣ ਕਾਰਨ 59 ਵਿਅਕਤੀ ਮਾਰੇ ਗਏ ਸਨ। ਦਿੱਲੀ ਪੁਲੀਸ ਨੇ ਇਮਾਰਤ ਦੇ ਮਾਲਕ ਰੇਹਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਹੈ। ਉੱਤਰੀ ਜ਼ਿਲ੍ਹੇ ਦੀ ਡੀਸੀਪੀ ਮੋਨਿਕਾ ਭਾਰਦਵਾਜ ਨੇ ਦੱਸਿਆ ਕਿ ਇਮਾਰਤ ਲਈ ਦਿੱਲੀ ਫਾਇਰ ਸਰਵਿਸ ਤੋਂ ਕੋਈ ਇਤਰਾਜ਼ ਨਹੀਂ (ਐੱਨਓਸੀ) ਦਾ ਪ੍ਰਮਾਣ ਪੱਤਰ ਨਹੀਂ ਲਿਆ ਗਿਆ ਸੀ।ਪੁਲੀਸ ਅਤੇ ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਮੌਤਾਂ ਅੱਗ ਦੇ ਧੂੰਏਂ ’ਚ ਸਾਹ ਘੁੱਟਣ ਕਰਕੇ ਹੋਈਆਂ ਹਨ ਕਿਉਂਕਿ ਤੜਕੇ 5.22 ਵਜੇ ਅੱਗ ਲੱਗਣ ਵੇਲੇ ਉਥੇ ਮਜ਼ਦੂਰ ਗੂੜ੍ਹੀ ਨੀਂਦ ਸੁੱਤੇ ਪਏ ਸਨ। ਅਧਿਕਾਰੀਆਂ ਮੁਤਾਬਕ ਅੱਗ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ। ਦਿੱਲੀ ਫਾਇਰ ਸਰਵਿਸ ਨੂੰ ਜਦੋਂ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਤੁਰੰਤ 30 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਅਮਲੇ ਦੇ ਕਰੀਬ 150 ਜਵਾਨਾਂ ਨੇ ਇਮਾਰਤ ’ਚੋਂ 63 ਵਿਅਕਤੀਆਂ ਨੂੰ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ 43 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ’ਚ ਇਕ ਬੱਚਾ ਵੀ ਸ਼ਾਮਲ ਹੈ। ਇਸ ਦੀ ਤਸਦੀਕ ਨਹੀਂ ਹੋ ਸਕੀ ਕਿ ਜ਼ਖ਼ਮੀ ਹੋਏ ਵਿਅਕਤੀ ਫੈਕਟਰੀਆਂ ਦੇ ਕਾਮੇ ਸਨ ਪਰ ਇਮਾਰਤ ’ਚ ਸੁੱਤੇ ਪਏ ਬਹੁਤੇ ਲੋਕ ਮਜ਼ਦੂਰ ਸਨ ਜੋ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਸਨ।
ਗਲੀਆਂ ਭੀੜੀਆਂ ਹੋਣ ਕਰਕੇ ਅੱਗ ਬੁਝਾਊ ਦਸਤੇ ਨੂੰ ਬਚਾਅ ਕਾਰਜਾਂ ’ਚ ਮੁਸ਼ਕਲਾਂ ਆਈਆਂ ਅਤੇ ਉਨ੍ਹਾਂ ਨੂੰ ਖਿੜਕੀਆਂ ਦੀਆਂ ਗਰਿੱਲਾਂ ਕੱਟ ਕੇ ਅੰਦਰ ਜਾਣਾ ਪਿਆ। ਮੁਢਲੀ ਜਾਂਚ ਮੁਤਾਬਕ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਜਾਪਦੀ ਹੈ। ਬਿਜਲੀ ਕੰਪਨੀ ਬੀਵਾਈਪੀਐੱਲ ਨੇ ਕਿਹਾ ਕਿ ਅੱਗ ‘ਅੰਦਰੂਨੀ ਪ੍ਰਣਾਲੀ’ ’ਚ ਖਾਮੀ ਕਾਰਨ ਲੱਗੀ। ਜ਼ਖ਼ਮੀ ਲੋਕਾਂ ਨੂੰ ਬਾਹਰ ਕੱਢ ਕੇ ਆਟੋ ਅਤੇ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ, ਰਾਮ ਮਨੋਹਰ ਲੋਹੀਆ ਤੇ ਹਿੰਦੂ ਰਾਓ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ।
ਪ੍ਰਭਾਵਿਤ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਪਲਾਸਟਿਕ ਦੇ ਖਿਡੌਣੇ ਬਣਦੇ ਸਨ। ਪਹਿਲੀ ਮੰਜ਼ਿਲ ’ਤੇ ਕਾਰਡ ਬੋਰਡ ਦਾ ਕੰਮ ਹੁੰਦਾ ਹੈ, ਦੂਜੀ ਮੰਜ਼ਿਲ ’ਤੇ ਕੱਪੜੇ ਦੀ ਵਰਕਸ਼ਾਪ ਸੀ ਅਤੇ ਤੀਜੀ ਮੰਜ਼ਿਲ ’ਤੇ ਜੈਕਟਾਂ ਬਣਦੀਆਂ ਸਨ ਤੇ ਪ੍ਰਿੰਟਿੰਗ ਦਾ ਕੰੰਮ ਹੁੰਦਾ ਸੀ। ਅੱਗ ਤੀਜੀ ਮੰਜ਼ਿਲ ਨੂੰ ਲੱਗੀ ਜਿਸ ਨੇ ਦੂਜੀ ਮੰਜ਼ਿਲ ਨੂੰ ਵੀ ਨੁਕਸਾਨ ਪਹੁੰਚਾਇਆ। ਫੈਕਟਰੀ ’ਚ 12 ਤੋਂ 15 ਮਸ਼ੀਨਾਂ ਸਨ ਅਤੇ ਦੋ ਮੰਜ਼ਿਲਾਂ ’ਤੇ ਪਿਆ ਸਾਰਾ ਸਾਮਾਨ ਸੜ ਗਿਆ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਥੀ ਮੰਤਰੀਆਂ ਇਮਰਾਨ ਹੁਸੈਨ ਅਤੇ ਸਤਿੰਦਰ ਜੈਨ ਨਾਲ ਅੱਗ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮਗਰੋਂ ਉਹ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ’ਚ ਜ਼ਖ਼ਮੀਆਂ ਨੂੰ ਵੀ ਦੇਖਣ ਗਏ। ਅਗਨੀ ਕਾਂਡ ’ਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਕੇਂਦਰੀ ਸ਼ਹਿਰੀ ਮੰਤਰੀ ਹਰਦੀਪ ਸਿੰਘ ਪੁਰੀ, ਅਨੁਰਾਗ ਠਾਕੁਰ, ਸੰਸਦ ਮੈਂਬਰ ਪ੍ਰਵੇਸ਼ ਵਰਮਾ, ਮਨੋਜ ਤਿਵਾੜੀ, ਵਿਜੈ ਗੋਇਲ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਆਗੂਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਅਨਾਜ ਮੰਡੀ ’ਚ ਅਗਨੀ ਕਾਂਡ ਦਾ ਦੁੱਖ ਹੈ। ਉਨ੍ਹਾਂ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦੇ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਵੀ ਮੌਤਾਂ ’ਤੇ ਦੁੱਖ ਪ੍ਰਗਟਾਇਆ ਹੈ।
ਦਿੱਲੀ ਦੇ ਮਾਲ ਮੰਤਰੀ ਕੈਲਾਸ਼ ਗਹਿਲੋਤ ਨੇ ਸੈਂਟਰਲ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਜਾਂਚ ਕਰਕੇ 7 ਦਿਨਾਂ ’ਚ ਰਿਪੋਰਟ ਦੇਣ ਲਈ ਕਿਹਾ ਹੈ। ਉਧਰ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਅਵਤਾਰ ਸਿੰਘ ਨੇ ਕਿਹਾ ਨਿਗਮ ਕਮਿਸ਼ਨਰ ਵੱਲੋਂ ਵੀ ਘਟਨਾ ਦੀ ਜਾਂਚ ਲਈ ਟੀਮ ਬਣਾਈ ਜਾਵੇਗੀ। ਐੱਨਡੀਆਰਐੱਫ ਦੇ ਡਿਪਟੀ ਕਮਾਂਡਰ ਆਦਿੱਤਿਆ ਪ੍ਰਤਾਪ ਸਿੰਘ ਨੇ ਕਿਹਾ ਕਿ ਇਮਾਰਤ ’ਚ ਅੱਗ ਲੱਗਣ ਮਗਰੋਂ ਕਾਰਬਨ ਮੋਨੋਆਕਸਾਈਡ ਕਾਰਨ ਸਾਹ ਲੈਣਾ ਔਖਾ ਹੋ ਗਿਆ ਸੀ ਜਿਸ ਕਾਰਨ ਜ਼ਿਆਦਾਤਰ ਮੌਤਾਂ ਹੋਈਆਂ ਹਨ। ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਡੀਸੀਪੀ ਰਾਜੇਸ਼ ਦੇਵ ਤੇ ਏਸੀਪੀ ਸੰਦੀਪ ਲਾਂਬਾ ਦੀ ਅਗਵਾਈ ਹੇਠਲੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਪਰਾਧ ਸ਼ਾਖਾ ਨੇ ਫੈਕਟਰੀ ਦੀ ਦੂਜੀ ਮੰਜ਼ਿਲ ਵਿੱਚ ਬਣੇ ਦਫ਼ਤਰ ਤੋਂ ਸੀਸੀਟੀਵੀ ਦਾ ਡੀਵੀਆਰ ਲਿਆ ਹੈ ਹੋਰ ਸੀਸੀਟੀਵੀਜ਼ ਦੀ ਫੁਟੇਜ ਵੀ ਕਬਜ਼ੇ ’ਚ ਲਈ ਗਈ। ਮੌਕੇ ਤੋਂ ਪੰਜ ਛੋਟੇ ਸਲੰਡਰ ਵੀ ਬਰਾਮਦ ਕੀਤੇ ਗਏ ਹਨ। ਫੋਰੈਂਸਿਕ ਟੀਮ ਨੇ ਵੀ ਸਬੂਤ ਇਕੱਠੇ ਕੀਤੇ ਹਨ। ਜਦੋਂ ਅੱਗ ਲੱਗੀ ਉੱਦੋਂ ਬਹੁਤੇ ਮਜ਼ਦੂਰ ਸਵੇਰੇ 4.40 ਦੀ ਸ਼ਿਫ਼ਟ ਖ਼ਤਮ ਕਰਕੇ ਸੁੱਤੇ ਪਏ ਸਨ ਤੇ ਕੁੱਝ ਸਵੇਰੇ ਦੀ ਚਾਹ ਬਣਾਉਣ ਦੇ ਆਹਰ ’ਚ ਲੱਗੇ ਹੋਏ ਸਨ।