ਦਿਗਵਿਜੈ ਕਾਂਗਰਸ ਤੇ ਸਿੰਧੀਆ ਭਾਜਪਾ ਵੱਲੋਂ ਜਾਣਗੇ ਰਾਜ ਸਭਾ

ਗਾਂਧੀਨਗਰ (ਸਮਾਜਵੀਕਲੀ) :   ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ, ਭਾਜਪਾ ਉਮੀਦਵਾਰ ਜਯੋਤਿਰਦਿੱਤਿਆ ਸਿੰਧੀਆ ਤੇ ਸੁਮੇਰ ਸਿੰਘ ਸੋਲੰਕੀ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ। ਕਾਂਗਰਸ ਦੇ ਦੂਜੇ ਉਮੀਦਵਾਰ ਦਲਿਤ ਆਗੂ ਫੂਲ ਸਿੰਘ ਬਰੱਈਆ ਚੋਣ ਹਾਰ ਗਏ ਹਨ। ਦਿਗਵਿਜੈ ਲਗਾਤਾਰ ਦੂਜੀ ਵਾਰ ਰਾਜ ਸਭਾ ਚੋਣ ਜਿੱਤੇ ਹਨ। ਸਿੰਧੀਆ ਜੋ ਕਿ ਕਾਂਗਰਸ ਤੋਂ ਭਾਜਪਾ ’ਚ ਗਏ ਸਨ, ਪਹਿਲੀ ਵਾਰ ਰਾਜ ਸਭਾ ਲਈ ਚੁਣੇ ਗਏ ਹਨ।

ਦਿਗਵਿਜੈ ਨੂੰ 57, ਸਿੰਧੀਆ ਨੂੰ 56 ਤੇ ਸੋਲੰਕੀ ਨੂੰ 55 ਵੋਟਾਂ ਮਿਲੀਆਂ। ਇਸ ਮੌਕੇ ਸਾਰੇ 206 ਵਿਧਾਇਕਾਂ ਨੇ ਵੋਟ ਪਾਈ। ਕਰੋਨਾਵਾਇਰਸ ਪੀੜਤ ਕਾਂਗਰਸ ਦਾ ਇਕ ਵਿਧਾਇਕ ਵੀ ਐਂਬੂਲੈਂਸ ਵਿਚ ਵੋਟ ਪਾਉਣ ਆਇਆ ਤੇ ਪੀਪੀਈ ਸੂਟ ਪਾ ਕੇ ਸਭ ਤੋਂ ਅਖ਼ੀਰ ਵਿਚ ਵੋਟ ਪਾਈ। ਰਾਜਸਥਾਨ ਵਿਚ ਕਾਂਗਰਸ ਨੇ ਦੋ ਤੇ ਭਾਜਪਾ ਨੇ ਇਕ ਰਾਜ ਸਭਾ ਸੀਟ ਉਤੇ ਜਿੱਤ ਹਾਸਲ ਕੀਤੀ ਹੈ। ਕੇ.ਸੀ. ਵੇਣੂਗੋਪਾਲ ਤੇ ਨੀਰਜ ਡਾਂਗੀ ਨੇ ਕਾਂਗਰਸ ਵੱਲੋਂ ਅਤੇ ਰਾਜੇਂਦਰ ਗਹਿਲੋਤ ਨੇ ਭਾਜਪਾ ਵੱਲੋਂ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ ਰਾਜਸਥਾਨ ਰਾਜ ਸਭਾ ਚੋਣਾਂ ਦੌਰਾਨ ਕਾਂਗਰਸੀ ਵਿਧਾਇਕ ਵਾਜਿਬ ਅਲੀ ਵੱਲੋਂ ਵੋਟ ਪਾਏ ਜਾਣ ਉਤੇ ਇਤਰਾਜ਼ ਜਤਾਇਆ ਹੈ।

ਪਾਰਟੀ ਨੇ ਕਿਹਾ ਕਿ ਨਾਗਰ ਹਲਕੇ ਤੋਂ ਵਿਧਾਇਕ ਵਿਦੇਸ਼ ਤੋਂ ਪਰਤਿਆ ਸੀ ਤੇ ਉਸ ਨੇ ਏਕਾਂਤਵਾਸ ਦੇ ਨੇਮਾਂ ਦੀ ਉਲੰਘਣਾ ਕੀਤੀ ਹੈ। ਵਿਧਾਇਕ ਪੀਪੀਈ ਸੂਟ ਪਾ ਕੇ ਵਿਧਾਨ ਸਭਾ ਇਮਾਰਤ ਵਿਚ ਵੋਟ ਪਾਉਣ ਲਈ ਆਇਆ। ਵਿਧਾਇਕ ਵਾਜਿਬ ਅਲੀ ਬਸਪਾ ਦੀ ਟਿਕਟ ਉਤੇ ਚੋਣ ਜਿੱਤੇ ਸਨ ਤੇ ਮਗਰੋਂ ਦਲ ਬਦਲੀ ਕਰ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਝਾਰਖੰਡ ਤੋਂ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ (ਜੇਐਮਐਮ) ਤੇ ਭਾਜਪਾ ਦੇ ਦੀਪਕ ਪ੍ਰਕਾਸ਼ ਰਾਜ ਸਭਾ ਲਈ ਚੁਣੇ ਗਏ ਹਨ।

ਉੱਤਰ-ਪੂਰਬੀ ਰਾਜਾਂ- ਮਣੀਪੁਰ, ਮਿਜ਼ੋਰਮ ਤੇ ਮੇਘਾਲਿਆ ਵਿਚ ਵੀ ਤਿੰਨ ਰਾਜ ਸਭਾ ਸੀਟਾਂ ਲਈ ਅੱਜ ਵੋਟਾਂ ਪਈਆਂ। ਮਣੀਪੁਰ ਦੀ ਇਕੋ-ਇਕ ਰਾਜ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਜਦਕਿ ਮੇਘਾਲਿਆ ਤੋਂ ਨੈਸ਼ਨਲ ਪੀਪਲਜ਼ ਪਾਰਟੀ ਦਾ ਉਮੀਦਵਾਰ ਰਾਜ ਸਭਾ ਲਈ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਗੁਜਰਾਤ ਵਿਚ ਵੀ ਚਾਰ ਸੀਟਾਂ ਲਈ ਅੱਜ ਵੋਟਾਂ ਪਈਆਂ ਹਨ। ਭਾਜਪਾ ਦੇ ਤਿੰਨ ਅਤੇ ਕਾਂਗਰਸ ਦੇ ਇਕ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।

ਇਸ ਤੋਂ ਪਹਿਲਾਂ ਕਾਂਗਰਸ ਨੇ ਭਾਜਪਾ ਮੰਤਰੀ ਭੁਪੇਂਦਰਸਿੰਹ ਚੂੜਸਾਮਾ ਵੱਲੋਂ ਵੋਟ ਪਾਉਣ ਉਤੇ ਵੀ ਇਤਰਾਜ਼ ਜਤਾਇਆ ਹੈ ਕਿਉਂਕਿ ਉਨ੍ਹਾਂ ਦੀ ਵਿਧਾਇਕ ਵਜੋਂ ਚੋਣ ਹਾਈ ਕੋਰਟ ਰੱਦ ਕਰ ਚੁੱਕਾ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ਉਤੇ ਰੋਕ ਲਾਈ ਹੈ।