ਬਲਦੇਵ ਕੁਮਾਰ ਨੂੰ ਆਈਐੱਸਆਈ ਵੱਲੋਂ ਧਮਕੀਆਂ

ਖੰਨਾ– ਘੱਟ ਗਿਣਤੀ ਵਰਗ ਦੇ ਲੋਕਾਂ ਉਪਰ ਹੋ ਰਹੇ ਜ਼ੁਲਮਾਂ ਤੋਂ ਦੁਖੀ ਹੋ ਕੇ ਪਾਕਿਸਤਾਨ ਛੱਡ ਕੇ ਆਪਣੇ ਪਰਿਵਾਰ ਸਮੇਤ ਪੰਜਾਬ ਦੇ ਸ਼ਹਿਰ ਖੰਨਾ ਆਏ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ ਹਨ। ਬਲਦੇਵ ਕੁਮਾਰ ਨੂੰ ਜਿੱਥੇ ਪਾਕਿਸਤਾਨ ਦੇ ਗਾਇਕ ਜੱਸੀ ਲਾਇਲਪੁਰੀਆ ਨੇ ਵੱਟਸਐਪ ਕਾਲ ਰਾਹੀਂ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ, ਉਥੇ ਆਈ.ਐੱਸ.ਆਈ. ਏਜੰਟ ਤੇ ਪਾਕਿਸਤਾਨ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਪਾਲ ਚਾਵਲਾ ਨੇ ਵੀਡੀਓ ਜਾਰੀ ਕਰਕੇ ਧਮਕੀ ਦਿੱਤੀ ਹੈ। ਇਸ ਵੀਡਿਓ ਵਿਚ ਚਾਵਲਾ ਨੇ ਇਹ ਵੀ ਸਵੀਕਾਰ ਕੀਤਾ ਕਿ ਉਹ ਖਾਲਿਸਤਾਨੀ ਸਮਰਥਕ ਹੈ। ਇਨ੍ਹਾਂ ਧਮਕੀਆਂ ਦਾ ਜਵਾਬ ਦਿੰਦਿਆਂ ਬਲਦੇਵ ਕੁਮਾਰ ਨੇ ਕਿਹਾ ਕਿ ਉਹ ਹੁਣ ਕਿਸੇ ਵੀ ਧਮਕੀ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਪਾਕਿਸਤਾਨ ਦੇ ਗੁਰਦੁਆਰਿਆਂ ਵਿਚ ਗ੍ਰੰਥੀ ਵੀ ਆਈ.ਐੱਸ.ਆਈ. ਦੇ ਇਸ਼ਾਰਿਆਂ ਉਪਰ ਭਰਤੀ ਕੀਤੇ ਜਾਣ ਦੀ ਗੱਲ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਵਲੋਂ ਹਿੰਦੂਆਂ ਤੇ ਸਿੱਖਾਂ ਉਪਰ ਕੀਤੇ ਜਾਣ ਵਾਲੇ ਜ਼ੁਲਮਾਂ ਦੀ ਸਚਾਈ ਦੁਨੀਆਂ ਸਾਹਮਣੇ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਇਲਪੁਰੀਆ ਤੇ ਚਾਵਲਾ ਵਰਗੇ ਲੋਕਾਂ ਦੀ ਬਦੌਲਤ ਹੀ ਪਾਕਿਸਤਾਨ ਵਿੱਚ ਜ਼ੁਲਮ ਵਧ ਰਹੇ ਹਨ ਪ੍ਰੰਤੂ ਉਹ ਹੁਣ ਚੁੱਪ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਜੇਕਰ ਲੱਖਾਂ ਲੋਕਾਂ ਉਪਰ ਹੋ ਰਹੇ ਜ਼ੁਲਮਾਂ ਖ਼ਾਤਰ ਉਨ੍ਹਾਂ ਨੂੰ ਕੁਰਬਾਨੀ ਦੇਣੀ ਵੀ ਪੈ ਗਈ ਤਾਂ ਉਹ ਇਸ ਲਈ ਤਿਆਰ ਹਨ।

ਪਾਕਿਸਤਾਨ ਵਿੱਚ ਰਹਿੰਦੇ ਰਿਸ਼ਤੇਦਾਰਾਂ ਵਲੋਂ ਉਨ੍ਹਾਂ ਦੇ ਫ਼ੈਸਲੇ ਨੂੰ ਗਲਤ ਕਰਾਰ ਦੇਣ ਸਬੰਧੀ ਬਲਦੇਵ ਕੁਮਾਰ ਨੇ ਕਿਹਾ ਕਿ ਉਹ ਉਧਰ ਦੇ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਹਨ। ਆਪਣੀ ਜਾਨ ਬਚਾਉਣ ਲਈ ਪਾਕਿਸਤਾਨ ਵਿਚ ਹਰ ਕਿਸੇ ਨੂੰ ਉਹੀ ਬੋਲੀ ਬੋਲਣੀ ਪੈਂਦੀ ਹੈ, ਜੋ ਉੱਥੋਂ ਦੀ ਸੈਨਾ ਜਾਂ ਫਿਰਕੂਵਾਦ ਪੈਦਾ ਕਰਨ ਵਾਲੇ ਆਗੂ ਚਾਹੁੰਦੇ ਹਨ। ਇਸੇ ਦੌਰਾਨ ਬਲਦੇਵ ਕੁਮਾਰ ਨੂੰ ਧਮਕੀਆਂ ਮਿਲਣ ਮਗਰੋਂ ਪੁਲੀਸ ਅਧਿਕਾਰੀਆਂ ਨੇ ਉਸ ਨਾਲ ਗੱਲਬਾਤ ਕੀਤੀ ਹੈ ਤੇ ਉਸ ਨੂੰ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ ਹੈ। ਬਲਦੇਵ ਕੁਮਾਰ ਨੇ ਸੁਰੱਖਿਆ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਭਾਰਤ ਅੰਦਰ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਜੇਕਰ ਲੋੜ ਮਹਿਸੂਸ ਹੋਈ ਤਾਂ ਉਹ ਖੁਦ ਪੁਲੀਸ ਕੋਲ ਅਰਜ਼ੀ ਦੇ ਦੇਣਗੇ।

 

ਧਰਮਸੋਤ ਨੇ ਮਾਮਲਾ ਸ਼ੱਕੀ ਦੱਸਿਆ

ਸਮਰਾਲਾ ਵਿਚ ਅੱਜ ਇੱਕ ਸਮਾਗਮ ’ਚ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਲਦੇਵ ਕੁਮਾਰ ਦੇ ਭਾਰਤ ਆਉਣ ਨੂੰ ਸ਼ੱਕੀ ਦੱਸਿਆ। ਉਨ੍ਹਾਂ ਕਿਹਾ ਕਿ ਏਨੀ ਛੇਤੀ ਬਿਨਾਂ ਕਿਸੇ ਪੜਤਾਲ ਤੋਂ ਕਿਸੇ ਉਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਬਲਦੇਵ ਦੀ ਸਾਰੀ ਬਿਆਨਬਾਜ਼ੀ ਮਾਹੌਲ ਖ਼ਰਾਬ ਕਰਨ ਵਾਲੀ ਹੈ। ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਹੋ ਸਕਦਾ ਹੈ ਕਿ ਪਾਕਿਸਤਾਨ ਨੇ ਉਸ ਨੂੰ ਤਬਾਹੀ ਲਈ ਭੇਜਿਆ ਹੋਵੇ। ਖ਼ੁਫ਼ੀਆ ਏਜੰਸੀਆਂ ਵਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਸਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ ਅਤੇ ਉਦੋਂ ਤੱਕ ਬਲਦੇਵ ਕੁਮਾਰ ਨੂੰ ਬਿਆਨਬਾਜ਼ੀ ਕਰਨ ਤੋਂ ਰੋਕਣਾ ਚਾਹੀਦਾ ਹੈ। ਉਧਰ, ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਸ਼ਾਮ ਬਲਦੇਵ ਕੁਮਾਰ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਅੰਦਰ ਸਥਿਤੀ ਸਬੰਧੀ ਜਾਣਕਾਰੀ ਹਾਸਲ ਕੀਤੀ। ਕੋਟਲੀ ਨੇ ਕਿਹਾ ਕਿ ਜੇਕਰ ਬਲਦੇਵ ਸੱਚਾ ਹੈ ਤਾਂ ਉਹ ਉਸ ਦੀ ਹਰ ਸੰਭਵ ਮਦਦ ਕਰਨਗੇ। ਬਲਦੇਵ ਕੁਮਾਰ ਦੀ ਬਿਆਨਬਾਜ਼ੀ ਮਗਰੋਂ ਭਾਰਤ ਤੇ ਪਾਕਿਸਤਾਨ ਅੰਦਰ ਵਿਗੜੇ ਮਾਹੌਲ ਨੂੰ ਦੇਖਦਿਆਂ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਬਲਦੇਵ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।