ਡੇਵਿਸ ਕੱਪ: ਨਡਾਲ ਦੀ ਬਦੌਲਤ ਸਪੇਨ ਫਾਈਨਲ ’ਚ

ਰਾਫੇਲ ਨਡਾਲ ਨੇ ਫੈਲਿਸਿਆਨੋ ਲੋਪੇਜ਼ ਨਾਲ ਮਿਲ ਕੇ ਫ਼ੈਸਲਾਕੁਨ ਟੈਨਿਸ ਡਬਲਜ਼ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ ਅਤੇ ਸੈਮੀਫਾਈਨਲ ਵਿੱਚ ਬਰਤਾਨੀਆ ਨੂੰ 2-1 ਨਾਲ ਹਰਾ ਕੇ ਸਪੇਨ ਨੂੰ ਸਾਲ 2012 ਮਗਰੋਂ ਪਹਿਲੇ ਡੇਵਿਸ ਕੱਪ ਫਾਈਨਲ ਵਿੱਚ ਪਹੁੰਚਾਇਆ। ਲੋਪੇਜ਼ ਸਿੰਗਲਜ਼ ਮੁਕਾਬਲੇ ਵਿੱਚ ਸ਼ਨਿੱਚਰਵਾਰ ਨੂੰ ਕਾਈਲ ਐਡਮੰਡ ਤੋਂ ਹਾਰ ਗਿਆ ਸੀ, ਜਿਸ ਨਾਲ ਸਪੇਨ 0-1 ਨਾਲ ਪੱਛੜ ਰਿਹਾ ਸੀ। ਨਡਾਲ ਨੇ ਡੌਨ ਇਵਾਂਸ ਨੂੰ ਹਰਾਉਣ ਮਗਰੋਂ ਲੋਪੇਜ਼ ਨਾਲ ਮਿਲ ਕੇ ਫ਼ੈਸਲਾਕੁਨ ਡਬਲਜ਼ ਮੈਚ ਵਿੱਚ ਜੇਮੀ ਮਰੇ ਅਤੇ ਨੀਲ ਸਕੁਪਸਕੀ ਦੀ ਜੋੜੀ ’ਤੇ 7-6, 7-6 ਨਾਲ ਜਿੱਤ ਦਰਜ ਕੀਤੀ। ਇਸ ਤਰ੍ਹਾਂ ਪੰਜ ਵਾਰ ਦੀ ਚੈਂਪੀਅਨ ਸਪੇਨ ਦੀ ਟੀਮ 2012 ਮਗਰੋਂ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ।
ਹੁਣ ਉਸ ਦੀ ਖ਼ਿਤਾਬੀ ਟੱਕਰ ਕੈਨੇਡਾ ਨਾਲ ਹੋਵੇਗੀ, ਜਿਸ ਨੇ ਦੂਜੇ ਸੈਮੀਫਾਈਨਲ ਵਿੱਚ ਰੂਸ ਨੂੰ ਹਰਾਇਆ ਸੀ। ਡੈਨਿਸ ਸ਼ਾਪੋਵਾਲੋਵ ਅਤੇ ਵਾਸੇਕ ਪੋਸਪਿਸਿਲ ਦੀ ਬਦੌਲਤ ਕੈਨੇਡਾ ਦੀ ਟੀਮ ਪਹਿਲੇ ਡੇਵਿਸ ਕੱਪ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੀ। ਐਡਮੰਡ ਨੇ ਲੋਪੇਜ਼ ਨੂੰ 6-3, 7-6 ਨਾਲ ਹਰਾਇਆ। ਇਸ ਮਗਰੋਂ ਨਡਾਲ ਨੇ ਇਵਾਂਸ ਨੂੰ 6-4, 6-0 ਲਾਲ ਹਰਾ ਕੇ ਸਕੋਰ 1-1 ਨਾਲ ਬਰਾਬਰ ਕੀਤਾ। ਦੁਨੀਆਂ ਦਾ ਅੱਵਲ ਨੰਬਰ ਖਿਡਾਰੀ ਨਡਾਲ ਆਪਣੇ ਪੰਜਵੇਂ ਡੇਵਿਸ ਕੱਪ ਖ਼ਿਤਾਬ ਦੀ ਕੋਸ਼ਿਸ਼ ਵਿੱਚ ਹੈ। ਉਸ ਨੇ ਸਾਲ 2004 ਵਿੱਚ ਪਹਿਲੀ ਟਰਾਫ਼ੀ ਹਾਸਲ ਕੀਤੀ ਸੀ।