ਟਰੱਕ ਡਰਾਈਵਰਾਂ ਨੂੰ ਇਹਨਾਂ ਸੰਕਟਮਈ ਦਿਨਾਂ ਦੌਰਾਨ ਰਸਤੇ ਵਿੱਚ ਫੂਡ ਅਤੇ ਵਾਸ਼ਰੂਮ ਦੀ ਵਰਤੋਂ ਦੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਕੈਲਗਰੀ ਫਾਰੈਸਟ ਲਾਨ ਤੋਂ ਐਮ ਪੀ ਜਸਰਾਜ ਸਿੰਘ ਹੱਲਣ

ਕਨੈਡਾ, ਕੈਲਗਰੀ ( ਹਰਜਿੰਦਰ ਛਾਬੜਾ);  ਕੈਲਗਰੀ ਫਾਰੈਸਟ ਲਾਨ ਤੋਂ ਐਮ ਪੀ ਜਸਰਾਜ ਸਿੰਘ ਹੱਲਣ ਵੱਲੋਂ ਕੋਵਿਡ -19 ਦੇ ਮਾੜੇ ਪ੍ਰਭਾਵ ਕਾਰਣ ਟਰੱਕ ਡਰਾਈਵਰਾਂ ਨੂੰ ਨਿੱਤ ਦਿਨ ਆ ਰਹੀਆਂ ਮੁਸਕਿਲਾਂ ਤੋਂ ਜਾਣੂ ਕਰਵਾਉਣ ਲਈ ਸੈਡੋ ਮਨਿਸਟਰ ਆਫ ਟਰਾਂਸਪੋਰਟ ਟੌਡ ਡੋਹਰਟੀ ਅਤੇ ਫੈਡਰਲ ਟਰਾਂਸਪੋਰਟ ਮਨਿਸਟਰ ਮਾਰਕ ਗਾਰਨਿਓ   ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਦੀ ਸ਼ਬਦਾਵਲੀ ਅਨੁਸਾਰ ਜਸਰਾਜ ਸਿੰਘ ਹੱਲਣ ਨੇ ਮਹਿਸੂਸ ਕੀਤਾ ਹੈ ਇੰਡੀਅਨ ਭਾਈਚਾਰੇ ਸਮੇਤ ਹੋਰ ਵੀ ਦੂਸਰੇ ਟਰੱਕ ਡਰਾਈਵਰਾਂ ਨੂੰ ਨਿੱਤ ਦਿਹਾੜੇ ਇਹਨਾਂ ਸੰਕਟਮਈ ਦਿਨਾਂ ਦੌਰਾਨ ਰਸਤੇ ਵਿੱਚ ਫੂਡ ਅਤੇ ਵਾਸ਼ਰੂਮ ਦੀ ਵਰਤੋਂ ਦੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮੁਸਕਿਲ ਦੀ ਘੜੀ ਵਿੱਚ ਟਰੱਕ ਡਰਾਈਵਰ ਫਰੰਟ ਲਾਈਨ ਉੱਪਰ ਆਪਣੀ ਜਾਨ ਜੋਖਮ ਵਿੱਚ ਪਾਕੇ ਕੰਮ ਕਰਦੇ ਹੋਏ ਸਾਡੇ ਲਈ ਨਿੱਤ ਵਰਤੋਂ ਦੀਆਂ ਵਸਤੂਆਂ ਦੀ ਸਪਲਾਈ ਨੂੰ ਬਰਕਰਾਰ ਰੱਖ ਰਹੇ ਹਨ। ਇਸ ਲਈ ਹੁਣ ਇਸ ਮੌਕੇ ਉਹਨਾਂ ਨੂੰ ਆ ਰਹੀਆਂ ਮੁਸਕਿਲਾਂ ਦੇ ਹੱਲ ਲਈ ਸਾਨੂੰ ਸਰਕਾਰੀ ਤੌਰ ਤੇ ਕੋਈ ਉਪਰਾਲਾ ਕਰਨਾ ਚਾਹੀਦਾ ਹੈ।

ਵਰਨਣਯੋਗ ਹੈ ਕਿ ਕੋਵਿਡ-19 ਦੀ ਸਮੱਸਿਆ ਕਾਰਣ ਲੰਮਿਆਂ ਰੂਟਾਂ ਉੱਪਰ ਚਲਦੇ ਹੋਏ ਟਰੱਕ ਡਰਾਈਵਰ ਜਦੋਂ ਰਸਤੇ ਵਿੱਚ ਫੁਡ ਲੈਣ ਲਈ ਰੁੱਕਦੇ ਹਨ ਤਾਂ ਉਹਨਾਂ ਨੂੰ ਫੁਡ ਨਹੀਂ ਮਿਲਦਾ ਕਿਉਂਕਿ ਡਰਾਈਵ ਥਰੂ ਟਰੱਕ ਜਾ ਨਹੀਂ ਸਕਦਾ ਅਤੇ ਪੈਦਲ ਚੱਲ ਕੇ ਗਿਆਂ ਨੂੰ ਅੱਗਿਓਂ ਫੁਡ ਤੋਂ ਜਵਾਬ ਮਿਲ ਜਾਂਦਾ ਹੈ। ਇੱਥੋਂ ਤੱਕ ਕਿ ਵਾਸ਼ਰੂਮ ਦੀ ਵਰਤੋਂ ਕਰਨ ਦੀ ਵੀ ਕਿਧਰੇ ਇਜਾਜ਼ਤ ਨਹੀ। ਜਸਰਾਜ ਸਿੰਘ ਹੱਲਣ ਨੇ ਸਾਰੇ ਟਰੱਕ ਡਰਾਈਵਰਾਂ ਦਾ ਔਖੇ ਸਮੇਂ ਸੇਵਾਵਾਂ ਦੇਣ ਲਈ ਵਿਸੇਸ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਕੋਸ਼ਿਸਾਂ ਹਨ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇ।