ਟਰਾਂਸਪੋਰਟਰਾਂ ਨੂੰ ਰਾਹਤ, ਦੋ ਮਹੀਨਿਆਂ ਦਾ ਟੈਕਸ ਹੋਇਆ ਮਾਫ਼

ਚੰਡੀਗੜ੍ਹ (ਸਮਾਜਵੀਕਲੀ): ਕੋਵਿਡ 19 ਕਾਰਨ ਬੰਦ ਹੋਏ ਟਰਾਂਸਪੋਰਟ ਕਾਰੋਬਾਰ ਨੂੰ ਮੁੜ ਉਤਸ਼ਾਹਿਤ ਕਰਨ ਤੇ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ 57 ਦਿਨਾਂ ਦਾ ਟੈਕਸ ਮਾਫ਼ ਕਰ ਦਿੱਤਾ ਹੈ। ਟਰਾਂਸਪੋਰਟ ਵਿਭਾਗ ਦੇ ਵਧੀਕ ਪ੍ਰਮੱਖ ਸਕੱਤਰ ਕੇ ਸ਼ਿਵਾ ਪ੍ਰਸ਼ਾਦ ਦੇ ਦਸਤਖ਼ਤਾਂ ਹੇਠ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਰਕਾਰ ਨੇ 23 ਮਾਰਚ ਤੋਂ 19 ਮਈ ਤਕ ਬੱਸਾਂ, ਟੂਰਿਸਟ ਬੱਸਾਂ (ਕੰਟਰੈਕਟ ਪਰਮਿਟ), ਸਕੂਲ, ਕਾਲਜ ਬੱਸਾਂ, ਮਿੰਨੀ ਬੱਸਾਂ, ਟੈਕਸੀ ਕੈਬ, ਆਟੋ ਰਿਕਸ਼ਾ ਤੇ ਭਾਰ ਢੋਹਣ ਵਾਲੇ ਸਾਰੇ ਵਾਹਨਾਂ ਦਾ ਕਰੀਬ ਦੋ ਮਹੀਨਿਆਂ ਦਾ ਟੈਕਸ ਮਾਫ਼ ਕਰ ਦਿੱਤਾ ਹੈ।

ਵਰਨਣਯੋਗ ਹੈ ਕਿ ਕਰਫਿਊ/ ਲਾਕਡਾਊਨ ਕਾਰਨ ਟਰਾਂਸਪੋਰਟ ਕਾਰੋਬਾਰ ਬੰਦ ਹੋ ਗਿਆ ਸੀ। ਟਰਾਂਸਪੋਰਟਰ ਸਰਕਾਰ ‘ਤੋਂ ਰੋਡ ਟੈਕਸ ਸਮੇਤ ਹੋਰ ਟੈਕਸ ਮਾਫ਼ ਕਰਨ ਦੀ ਮੰਗ ਕਰ ਰਹੇ ਸਨ। ਕੱਲ੍ਹ ਹੀ ਸਰਕਾਰ ਨੇ 11 ਪੈਸੇ ਪ੍ਰਤੀ ਕਿਲੋਮੀਟਰ ਬੱਸਾਂ ਦੇ ਸਧਾਰਨ ਟੈਕਸ ਵਿਚ ਛੋਟ ਦਿੱਤੀ ਸੀ।