ਜੰਮੂ ਨੇੜੇ ਮੁਕਾਬਲੇ ’ਚ ਜੈਸ਼ ਦੇ ਤਿੰਨ ਅਤਿਵਾਦੀ ਹਲਾਕ

ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਬਨ ਟੌਲ ਪਲਾਜ਼ਾ ਉਤੇ ਪੁਲੀਸ ਨਾਲ ਹੋਏ ਮੁਕਾਬਲੇ ਵਿਚ ਜੈਸ਼-ਏ-ਮੁਹੰਮਦ ਦੇ ਤਿੰਨ ਅਤਿਵਾਦੀ ਮਾਰੇ ਗਏ ਹਨ। ਵੇਰਵਿਆਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਜ਼ੋਰਦਾਰ ਗੋਲੀਬਾਰੀ ਹੋਈ। ਜੰਮੂ ਸ਼ਹਿਰ ਤੋਂ ਕਰੀਬ 28 ਕਿਲੋਮੀਟਰ ਦੂਰ ਤਿੰਨ-ਚਾਰ ਅਤਿਵਾਦੀਆਂ ਨੂੰ ਪੁਲੀਸ ਨੇ ਉਸ ਵੇਲੇ ਘੇਰਿਆ ਜਦ ਉਹ ਇਕ ਟਰੱਕ ’ਚ ਕਸ਼ਮੀਰ ਵਿਚ ਦਾਖ਼ਲ ਹੋਣ ਦਾ ਯਤਨ ਕਰ ਰਹੇ ਸਨ। ਪੁਲੀਸ ਨੂੰ ਸ਼ੱਕ ਹੈ ਕਿ ਅਤਿਵਾਦੀ ਕਠੂਆ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ ਰਾਹੀਂ ਦਾਖ਼ਲ ਹੋਏ ਤੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਇਕ ਦਹਿਸ਼ਤਗਰਦ ਮੌਕੇ ’ਤੇ ਮਾਰਿਆ ਗਿਆ ਤੇ ਹੋਰ ਲਾਗਲੇ ਜੰਗਲੀ ਇਲਾਕੇ ਵਿਚ ਫਰਾਰ ਹੋ ਗਏ। ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਜੰਮੂ-ਸ੍ਰੀਨਗਰ ਮਾਰਗ ਬੰਦ ਕਰ ਦਿੱਤਾ ਗਿਆ ਤੇ ਪੂਰੇ ਜੰਗਲੀ ਇਲਾਕੇ ਨੂੰ ਘੇਰਾ ਪਾ ਲਿਆ ਗਿਆ। ਇਸ
ਤੋਂ ਬਾਅਦ ਹੋਈ ਗੋਲੀਬਾਰੀ ਵਿਚ ਦੋ ਹੋਰ ਦਹਿਸ਼ਤਗਰਦ ਮਾਰੇ ਗਏ। ਟਰੱਕ ਦੇ ਡਰਾਈਵਰ ਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਜੀਪੀ ਮੁਤਾਬਕ ਅਤਿਵਾਦੀ ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਨਾਲ ਸਬੰਧਤ ਹਨ। ਮੁਕਾਬਲੇ ’ਚ ਇਕ ਪੁਲੀਸ ਕਰਮੀ ਵੀ ਜ਼ਖ਼ਮੀ ਹੋਇਆ ਹੈ। ਅਪਰੇਸ਼ਨ ਦੌਰਾਨ ਹੈਲੀਕੌਪਟਰਾਂ, ਡਰੋਨ ਤੇ ਸੂਹੀਆ ਕੁੱਤਿਆਂ ਦੀ ਮਦਦ ਵੀ ਲਈ ਜਾ ਰਹੀ ਹੈ ਤਾਂ ਕਿ ਚੌਥੇ ਅਤਿਵਾਦੀ ਨੂੰ ਵੀ ਲੱਭਿਆ ਜਾ ਸਕੇ। ਪੁਲੀਸ ਨੇ ਛੇ ਹਥਿਆਰ ਬਰਾਮਦ ਕੀਤੇ ਹਨ। ਇਨ੍ਹਾਂ ’ਚ ਇਕ ਸਨਾਈਪਰ ਰਾਈਫ਼ਲ, ਅਸਲਾ ਤੇ ਧਮਾਕਾਖ਼ੇਜ਼ ਸਮੱਗਰੀ ਵੀ ਸ਼ਾਮਲ ਹੈ।