ਜੰਮੂ ਕਸ਼ਮੀਰ ਬਾਰੇ ਪਾਕਿ ਦੇ ਯਤਨਾਂ ਨੂੰ ਭਾਰਤ ਨੇ ਨਾਕਾਮ ਕੀਤਾ: ਜੈਸ਼ੰਕਰ

ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਜੰਮੂ ਕਸ਼ਮੀਰ ਦੇ ਪੁਨਰਗਠਨ ਦੌਰਾਨ ਪਾਕਿਸਤਾਨ ਵਲੋਂ ਖੇਤਰ ਵਿੱਚ ਸਹਿਮ ਦਾ ਮਾਹੌਲ ਦਰਸਾਉਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਭਾਰਤ ਨੇ ਸਫ਼ਲਤਾਪੂਰਵਕ ਨਾਕਾਮ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਵਾਰ-ਵਾਰ ਕੌਮਾਂਤਰੀ ਪੱਧਰ ਦੀਆਂ ਸੰਸਥਾਵਾਂ ਜਿਵੇਂ ਸੰਯੁਕਤ ਰਾਸ਼ਟਰ, ਯੂਐੱਨ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਅਤੇ ਇਸਲਾਮਿਕ ਸਹਿਯੋਗ ਬਾਰੇ ਸੰਸਥਾ ਦੇ ਮੰਚਾਂ ਤੋਂ ਜੰਮੂ ਕਸ਼ਮੀਰ ਦੇ ਮੁੱਦੇ ’ਤੇ ਭਾਰਤ ਖ਼ਿਲਾਫ਼ ‘ਝੂਠਾ ਅਤੇ ਖ਼ਤਰਨਾਕ’ ਪ੍ਰਚਾਰ ਕੀਤਾ ਪਰ ਇਸਲਾਮਾਬਾਦ ਦੇ ਅਜਿਹੇ ਯਤਨਾਂ ਨੂੰ ਨਵੀਂ ਦਿੱਲੀ ਨੇ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਗਿਆ। ਉਧਰ ਉਨ੍ਹਾਂ ਮੁਲਕਾਂ ਨੇ ਪਾਕਿਸਤਾਨ ਨੂੰ ਆਖਿਆ ਹੈ ਕਿ ਆਪਣੇ ਮੁਲਕ ਦੀ ਜ਼ਮੀਨ ਨੂੰ ਕਿਸੇ ਵੀ ਤਰ੍ਹਾਂ ਦੇ ਅਤਿਵਾਦ ਲਈ ਵਰਤਣ ਦੀ ਆਗਿਆ ਨਾ ਦਿੱਤੀ ਜਾਵੇ।
ਜੈਸ਼ੰਕਰ ਵਲੋਂ ਲੋਕ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੱਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਦੇ ਮੁਲਕਾਂ ਨੇ ਇਸ ਗੱਲ ਨੂੰ ਸਮਝਿਆ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਅੰਦਰੂਨੀ ਮਸਲਾ ਹੈ ਅਤੇ ਜੇਕਰ ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਕੋਈ ਮੁੱਦੇ ਹਨ ਤਾਂ ਉਨ੍ਹਾਂ ਦਾ ਦੁਵੱਲੇ ਢੰਗ ਨਾਲ ਸ਼ਾਂਤੀਪੂਰਵਕ ਹੱਲ ਕੱਢਿਆ ਜਾਵੇ।