ਜੌਹਨਸਨ ਵੱਲੋਂ ਸਕੂਲ ਉਸਾਰੀ ਲਈ ਦਸ ਸਾਲਾ ਯੋਜਨਾ ਦਾ ਐਲਾਨ

ਲੰਡਨ (ਸਮਾਜਵੀਕਲੀ):  ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਇੰਗਲੈਂਡ ਦੇ ਸਕੂਲਾਂ ਦੀ ਕਾਇਆਕਲਪ ਲਈ 10 ਸਾਲਾ ਮੁੜ-ਉਸਾਰੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਸਕੂਲਾਂ ਨੂੰ ਭਵਿੱਖ ਦੇ ਮੁਆਫ਼ਕ ਬਣਾਉਣ ਹੈ। ਮੁੜ ਉਸਾਰੀ ਪ੍ਰੋਗਰਾਮ ਇਸੇ ਵਿੱਤੀ ਸਾਲ 2020-21 ਵਿੱਚ ਸ਼ੁਰੂ ਹੋਵੇਗਾ ਤੇ ਪਹਿਲੇ 50 ਪ੍ਰਾਜੈਕਟਾਂ ਲਈ 1 ਅਰਬ ਪੌਂਡ ਤੋਂ ਵੱਧ ਦੀ ਫੰਡਿੰਗ ਦਿੱਤੀ ਜਾਵੇਗੀ।

ਜੌਹਨਸਨ ਨੇ ਕਿਹਾ, ‘ਹੁਣ ਜਦੋਂ ਅਸੀਂ ਮਹਾਮਾਰੀ ਤੋਂ ਉਭਰ ਆਏ ਹਾਂ ਤਾਂ ਇਹ ਅਹਿਮ ਹੈ ਕਿ ਅਸੀਂ ਇਕ ਅਜਿਹੇ ਮੁਲਕ ਦੀਆਂ ਨੀਹਾਂ ਰੱਖੀਏ, ਜਿੱਥੇ ਹਰੇਕ ਨੂੰ ਅੱਗੇ ਵੱਧਣ ਦਾ ਮੌਕਾ ਮਿਲੇ ਅਤੇ ਸਾਡੀ ਨੌਜਵਾਨ ਪੀੜ੍ਹੀਆਂ ਇਸ ਮਿਸ਼ਨ ਦੇ ਮੂਹਰੇ ਤੇ ਕੇਂਦਰ ਵਿੱਚ ਹੋਣ।’ ਪ੍ਰਧਾਨ ਮੰਤਰੀ ਨੇ ਕਿਹਾ, ‘ਇਸ ਵੱਡੇ ਤੇ ਨਵੇਂ ਨਿਵੇਸ਼ ਨਾਲ ਇਹ ਯਕੀਨੀ ਬਣੇਗਾ ਕਿ ਸਾਡੇ ਸਕੂਲ ਤੇ ਕਾਲਜ ਭਵਿੱਖੀ ਲੋੜਾਂ ਮੁਤਾਬਕ ਪੂਰੀ ਤਰ੍ਹਾਂ ਫਿੱਟ ਹੋਣ। ਇਨ੍ਹਾਂ ਸਕੂਲਾਂ ਵਿੱਚ ਬਿਹਤਰ ਸਹੂਲਤਾਂ ਮਿਲਣ ਤਾਂ ਕਿ ਹਰ ਬੱਚੇ ਨੂੰ ਅਾਲਮੀ ਪੱਧਰ ਦੀ ਸਿੱਖਿਆ ਮਿਲ ਸਕੇ।’ ਡਾਊਨਿੰਗ ਸਟਰੀਟ ਨੇ ਕਿਹਾ ਕਿ ਯੂਕੇ ਦੇ ਵਿੱਤ ਮੰਤਰੀ ਰਿਸ਼ੀ ਸੂਨਕ ਇਸ ਨਵੇਂ 10 ਸਾਲਾ ਉਸਾਰੀ ਪ੍ਰੋਗਰਾਮ ਬਾਰੇ ਵਧੇਰੇ ਤਫ਼ਸੀਲ ਖਰਚੇ ’ਤੇ ਨਜ਼ਰਸਾਨੀ ਲਈ ਸੱਦੀ ਜਾਣ ਵਾਲੀ ਅਗਲੀ ਮੀਟਿੰਗ ’ਚ ਦੇਣਗੇ।