ਜੇਈਈ ਦਾਖ਼ਲਾ ਪ੍ਰੀਖਿਆ ਪੰਜਾਬੀ ‘ਚ ਨਾ ਲੈਣਾ ਪੰਜਾਬੀ ਨਾਲ ਵਿਤਕਰਾ : ਤਿ੍ਪਤ ਬਾਜਵਾ

ਚੰਡੀਗੜ੍ਹ : ਉੱਚੇੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤਿ੍ਪਤ ਰਾਜਿੰਦਰ ਬਾਜਵਾ ਨੇ ਐਤਵਾਰ ਨੂੰ ਕੇਂਦਰ ਸਰਕਾਰ ਦੇ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਤੋਂ ਜੇਈਈ (ਮੁੱਖ) ਦੀ ਪ੍ਰੀਖਿਆ ਦੂਜੀਆਂ ਖੇਤਰੀ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਭਾਸ਼ਾ ਵਿਚ ਵੀ ਲੈਣ ਦੀ ਮੰਗ ਕੀਤੀ ਹੈ।

ਬਾਜਵਾ ਨੇ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਦੇ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਐਤਵਾਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਇਹ ਦਾਖ਼ਲਾ ਟੈਸਟ ਸ਼ੁਰੂ ਵਿਚ ਅੰਗਰੇਜ਼ੀ, ਹਿੰਦੀ ਅਤੇ ਗੁਜਰਾਤੀ ਭਾਸ਼ਾਵਾਂ ‘ਚ ਲਿਆ ਜਾਂਦਾ ਸੀ ਪਰ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੀ ਮੰਗ ‘ਤੇ ਕੇਂਦਰੀ ਮੰਤਰਾਲੇ ਨੇ 2021 ਤੋਂ ਇਹ ਦਾਖ਼ਲਾ ਟੈਸਟ ਅਸਾਮੀ, ਬੰਗਾਲੀ, ਤਾਮਿਲ, ਕੰਨੜ, ਉਰਦੂ, ਮਰਾਠੀ, ਉੜੀਆ ਅਤੇ ਤੇਲਗੂ ਭਾਸ਼ਾਵਾਂ ਵਿਚ ਲੈਣ ਦਾ ਫ਼ੈਸਲਾ ਕੀਤਾ ਹੈ। ਪਰ ਪੰਜਾਬੀ ਭਾਸ਼ਾ ਨੂੰ ਇਸ ਸੂਚੀ ਵਿਚ ਨਾ ਸ਼ਾਮਲ ਕਰ ਕੇ ਪੰਜਾਬੀ ਭਾਸ਼ਾ ਨਾਲ ਵਿਤਕਰਾ ਕੀਤਾ ਗਿਆ ਹੈ।

ਉਚੇਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਜੇਈਈ (ਮੁੱਖ) ਦਾਖ਼ਲਾ ਟੈਸਟ ਮੁਲਕ ਦਾ ਉਹ ਵਕਾਰੀ ਟੈਸਟ ਹੈ ਜਿਸ ਰਾਹੀਂ ਦੇਸ਼ ਦੇ ਪ੍ਰਮੁੱਖ ਇੰਜਨੀਅਰਿੰਗ ਕਾਲਜਾਂ ਅਤੇ ਆਈਆਈਟੀ ਸੰਸਥਾਵਾਂ ‘ਚ ਇੰਜਨੀਅਰਿੰਗ ਅਤੇ ਆਰਕੀਟੈਕਚਰਲ ਦੇ ਦਾਖ਼ਲੇ ਕੀਤੇ ਜਾਂਦੇ ਹਨ। ਪਹਿਲਾਂ ਇਹ ਟੈਸਟ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੁਆਰਾ ਲਿਆ ਜਾਂਦਾ ਸੀ, ਪਰ ਹੁਣ ਇਹ ਟੈਸਟ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਦੁਆਰਾ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਰਾਹੀਂ ਲਿਆ ਜਾਂਦਾ ਹੈ।

ਬਾਜਵਾ ਨੇ ਕਿਹਾ ਕਿ ਜੇ ਪੰਜਾਬੀ ਭਾਸ਼ਾ ਨੂੰ ਇਸ ਟੈਸਟ ਦੀਆਂ ਭਾਸ਼ਾਵਾਂ ਦੀ ਸੂਚੀ ‘ਚ ਨਾ ਪਾਇਆ ਗਿਆ ਤਾਂ ਪੰਜਾਬ ਦੇ ਸੈਂਕੜੇ ਵਿਦਿਆਰਥੀ ਦੇਸ਼ ਦੇ ਵੱਕਾਰੀ ਇੰਜਨੀਅਰਿੰਗ ਕਾਲਜਾਂ ‘ਚ ਦਾਖ਼ਲਾ ਲੈਣ ਤੋਂ ਵਾਂਝੇ ਰਹਿ ਜਾਣਗੇ। ਇਸ ਤੋਂ ਬਿਨਾਂ ਸੂਬੇ ਦੇ ਵਿਦਿਆਰਥੀਆਂ ਨੂੰ ਮਜਬੂਰਨ ਅੰਗਰੇਜ਼ੀ ਜਾਂ ਹਿੰਦੀ ਮਾਧਿਅਮ ‘ਚ ਪੜ੍ਹਨਾ ਪਵੇਗਾ ਜੋ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਰਾਹ ਵਿਚ ਬੜਾ ਵੱਡਾ ਰੋੜਾ ਸਿੱਧ ਹੋਵੇਗਾ।

ਉਨ੍ਹਾਂ ਕੇਂਦਰੀ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਨੂੰ ਜੇਈਈ (ਮੁੱਖ) ਦਾਖ਼ਲਾ ਟੈਸਟ ਦੀਆਂ ਭਾਸ਼ਾਵਾਂ ਦੀ ਸੂਚੀ ਵਿਚ ਜੋੜਣ ਲਈ ਤੁਰੰਤ ਲੋਂੜੀਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬੀ ਨੂੰ ਵੀ ਆਪਣੀ ਢੁਕਵੀਂ ਥਾਂ ਮਿਲ ਸਕੇ।