ਘੁੰਮਣਘੇਰੀ ‘ਚੋ ਕਾਲਮ ਦੀ ਗਾਥਾ

ਸਰਬਜੀਤ ਸਿੰਘ ਘੁੰਮਣ

(ਸਮਾਜ ਵੀਕਲੀ)

1992 ਵਿੱਚ ਮੈਂ ਸ਼ਿਵਾਲਿਕ ਕਾਲਜ ਨੰਗਲ(ਭਾਖੜਾ) ਵਿਖੇ ਪੰਜਾਬੀ ਅਧਿਆਪਕ ਨਿਯੁਕਤ ਹੋ ਗਿਆ ਸੀ। 1999 ਵਿੱਚ ਕਨੇਡਾ ਪੀ. ਆਰ. ਵਾਸਤੇ ਅਪਲਾਈ ਕਰ ਦਿੱਤਾ। ਸਾਹਿਤ ਵਿੱਚ ਦਿਲਚਸਪੀ ਸੀ, ਇਸ ਕਰਕੇ ਕਈ ਸੰਪਾਦਕ ਅਕਸਰ ਆਖਦੇ ਸਨ ਕਿ ਕੁਝ ਲਿਖਿਆ ਕਰ। ਅਮਰਜੀਤ ਗਰੇਵਾਲ਼ ਜੀ ਨੇ ਵੀ ਇੱਕ ਦੋ ਵਾਰ ਇਸਰਾਰ ਕੀਤਾ, ਪਰ ਮੈਂ ਘੇਸ ਵੱਟੀ ਰੱਖੀ। ਅਮਰਜੀਤ ਗਰੇਵਾਲ਼ ਜੀ ਉਹਨੀਂ ਦਿਨੀਂ ‘ਪੰਜ ਦਰਿਆ’ ਰਸਾਲਾ ਕੱਢਦੇ ਸਨ। ਜਸਵੀਰ ਸਿੰਘ ਜੋ ਕਿ ਉਸ ਸਮੇਂ ਸ਼ਮੀਲ ਦੇ ਨਾਮ ਥੱਲੇ ਲਿਖਦੇ ਸਨ ਅਤੇ ਅੱਜ-ਕੱਲ ਕਨੇਡਾ ਵਿੱਚ ਰੇਡੀਓ ਹੋਸਟ ਹਨ, ਅਮਰਜੀਤ ਗਰੇਵਾਲ਼ ਜੀ ਦੀ ਟੀਮ ਦਾ ਹਿੱਸਾ ਸਨ ਤੇ ਅਕਸਰ ‘ਪੰਜ ਦਰਿਆ’ ਲਈ ਲਿਖਦੇ ਸਨ। ਸ਼ਮੀਲ ਜੀ ਨੇ ਗ਼ਜ਼ਲ ਗਾਇਕ ਜਗਜੀਤ ਤੇ ਲੇਖ ਲਿਖਿਆ ਜੋ ‘ਪੰਜ ਦਰਿਆ’ ਵਿੱਚ ਛਪਿਆ।

ਉਸ ਲੇਖ ਵਿੱਚ ਸ਼ਮੀਲ ਸਾਹਿਬ ਨੇ ਲਿਖਿਆ ਕਿ ਸਿਰਫ਼ ਤੇ ਸਿਰਫ਼ ਜਗਜੀਤ ਨੂੰ ਹੀ ਗਾਉਣਾ ਆਉਂਦਾ ਹੈ ਬਾਕੀ ਤਮਾਮ ਪੰਜਾਬੀ ਗਾਇਕ ਰੌਲ਼ਾ ਪਾਉਂਦੇ ਹਨ। ਮੈਨੂੰ ਜਨਾਬ ਦਾ ਇਹ ਲੇਖ ਨਾਗਵਾਰ ਹੀ ਨਾ ਗੁਜ਼ਰਿਆ ਸਗੋਂ ਹਿਮਾਕਤ ਜਾਪੀ। ਮੈਂ ਅਮਰਜੀਤ ਗਰੇਵਾਲ਼ ਜੀ ਨੂੰ ਫ਼ੋਨ ਮਿਲ਼ਾ ਲਿਆ ਤੇ ਕਿਹਾ ਕਿ ਵਿਸ਼ੇ ਦੀ ਮਾਮੂਲੀ ਤੇ ਮੁਢਲੀ ਜਾਣਕਾਰੀ ਵਿਹੀਨ ਲੇਖ ਲਿਖਣਾ ਬੇ ਹਯਾਈ ਹੈ। ਨਿਰਸੰਦੇਹ ਜਗਜੀਤ ਜੀ ਦੀ ਅਵਾਜ਼ ਬਹੁਤ ਚੰਗੀ ਹੈ ਤੇ ਅੱਛੀ ਗ਼ਜ਼ਲ ਗਾ ਲੈਂਦੇ ਹਨ, ਪਰ ਐਸਾ ਵੀ ਨਹੀਂ ਕਿ ਪੰਜਾਬੀਆਂ ਵਿੱਚ ਵੀ ਗ਼ਜ਼ਲ-ਗਾਇਨ ਵਿੱਚ ਉਹਨਾਂ ਦਾ ਕੋਈ ਸਾਨੀ ਹੀ ਨਹੀਂ। ਗ਼ੁਲਾਮ ਅਲੀ, ਪ੍ਰਵੇਜ਼ ਮੈਹਦੀ, ਹੁਸੈਨ ਬਖ਼ਸ਼, ਐਜਾਜ਼ ਹਸਨ ਹਜ਼ਰਵੀ, ਇਕਬਾਲ ਬਾਨੋ, ਫ਼ਰੀਦਾ ਖ਼ਾਨੁਮ ਗ਼ਜ਼ਲ-ਗਾਇਨ ਵਿੱਚ ਵੀ ਜਗਜੀਤ ਤੋਂ ਕਮਤਰ ਨਹੀਂ। ਮੈਨੂੰ ਅਮਰਜੀਤ ਗਰੇਵਾਲ਼ ਜੀ ਨੇ ਫ਼ੋਨ ਤੇ ਫਿਰ ਆਖਿਆ ਕਿ ਤੂੰ ਲਿਖਿਆ ਕਰ।

ਮੇਰੇ ਨਾਂਹ ਆਖਣ ਤੇ ਉਹਨਾਂ ਆਖਿਆ ਕਿ ਚੱਲ ਚਿੱਠੀ ਹੀ ਲਿਖ ਦੇਹ, ਇਹ ਵੀ ਆਰਟੀਕਲ ਹੀ ਹੁੰਦਾ ਹੈ। ਮੈਂ ‘ਪੰਜ ਦਰਿਆ’ ਨੂੰ ਚਿੱਠੀ ਲਿਖ ਦਿੱਤੀ, ਜਿਸ ਦਾ ਭਾਵ ਸੀ ਕਿ ਗ਼ਜ਼ਲ ਇੱਕ ਗਾਇਨ-ਸ਼ੈਲੀ ਹੈ, ਸਾਰੀ ਗਾਇਕੀ ਨਹੀਂ। ਸਾਡੇ ਕੋਲ਼ ਭਾਈ ਬਲਬੀਰ ਸਿੰਘ, ਗੁਲਬਾਗ਼ ਸਿੰਘ-ਦਿਲਬਾਗ਼ ਸਿੰਘ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਜਿਹੇ ਮਹਾਨ ਕੀਰਤਨੀਏ ਹਨ। ਹੁਸੈਨ ਬਖ਼ਸ਼ ਢਾਡੀ, ਹਾਮਦ ਅਲੀ ਬੇਲਾ, ਆਬਿਦਾ ਪ੍ਰਵੀਨ ਜਿਹੇ ਪ੍ਰਬੀਨ ਕਾਫ਼ੀ ਗਾਇਕ ਹਨ। ਸਰਦੂਲ ਸਿਕੰਦਰ, ਮਾਣਕ, ਸ਼ੌਕਤ ਅਲੀ ਜਿਹੇ ਜਿਹੇ ਲੋਕ-ਗਾਇਕ ਹਨ। ਮੀਆਂਦਾਦ, ਸ਼ੇਰ ਅਲੀ-ਮਿਹਰ ਅਲੀ, ਨੁਸਰਤ-ਫ਼ਤ੍ਹੇ ਅਲੀ ਜਿਹੇ ਕਵਾਲ ਹਨ। ਕਲਾਸੀਕਲ ਵਿੱਚ ਨਜ਼ਾਕਤ ਅਲੀ-ਸਲਾਮਤ ਅਲੀ ਅਤੇ ਫ਼ਤ੍ਹੇ ਅਲੀ ਖ਼ਾਨ ਹਨ। ਇਹ ਤਾਂ ਰੌਲ਼ਾ ਨਹੀਂ ਪਾਉਂਦੇ।

ਮੈਂ ਇਹ ਵੀ ਲਿਖ ਦਿੱਤਾ ਕਿ ਸ਼ਮੀਲ ਦਾ ਹਾਲ ਤਾਂ ਉਸ ਗਿੱਦੜ ਨਿਆਈਂ ਹੈ, ਜਿਸ ਦਾ ਰਾਤ ਦੇ ਬਾਰਾਂ ਵਜੇ ਜਨਮ ਹੋਇਆ ਅਤੇ ਸਵਾ ਬਾਰਾਂ ਵਜੇ ਕਣੀਆਂ ਪੈਣ ਡਹਿ ਪਈਆਂ। ਗਿੱਦੜ ਨੇ ਕਿਹਾ, “ਬਈ ਬੱਲੇ-ਬੱਲੇ, ਸਾਰੀ ਉਮਰ ਇੰਨਾਂ ਭਾਰੀ ਮੀਂਹ ਕਦੇ ਨਹੀਂ ਵੇਖਿਆ।”

ਮੇਰੀ ਇਹ ਚਿੱਠੀ ਗਰੇਵਾਲ਼ ਨੇ ਹੂ-ਬਹੂ ਛਾਪ ਦਿੱਤੀ।

‘ਪਰਵਾਸੀ’ ਕਨੇਡਾ ਦਾ ਜ਼ਿੰਮਾਂ ਰਜਿੰਦਰ ਸਿੰਘ ਤੱਗੜ ਜੀ ਸਪੁਰਦ ਹੋਇਆ ਤਾਂ ਰਜਿੰਦਰ ਸੈਣੀ ਮੁੱਖ ਸੰਪਾਦਕ-ਮਾਲਕ ‘ਪਰਵਾਸੀ’ ਵੱਲੋਂ ਪੁਰ-ਜ਼ੋਰ ਮੰਗ ਆਈ ਕਿ ਹਫ਼ਤਾ ਵਾਰੀ ਸਥਾਈ ਕਾਲਮ ਲਿਖਵਾਓ। ਸਾਡਾ ਸਾਂਝਾ ਦੋਸਤ ਸੰਦੀਪ ਸੰਧੂ ਜੋ ਕਿ ‘ਪਰਵਾਸੀ’ ਵਿੱਚ ਹੀ ਕਾਰਜਗਤ ਸੀ ਦੇ ਰਾਹੀਂ ਮੇਰੇ ਤੇ ਜ਼ੋਰ ਪਵਾ ਕੇ ਮੈਨੂੰ ਹਫ਼ਤਾਵਾਰੀ ਕਾਲਮ ਲਿਖਣ ਲਈ ਮਨਾ ਲਿਆ, ਜੋ ਕਿ ‘ਪਰਵਾਸੀ’ ਵਿੱਚ ‘ਘੁੰਮਣ ਘੇਰੇ ਚੋਂ’ ਅਨੁਵਾਨ ਹੇਠ ਛਪਦਾ ਰਿਹਾ ਹੈ। ਮੇਰਾ ਇਸ ਕਾਲਮ ਨੂੰ ਲਿਖਣ ਦੇ ਦੋ ਕਾਰਨ ਹੋਰ ਵੀ ਸਨ। ਪਹਿਲਾ ਰਜਿੰਦਰ ਸੈਣੀ ਜੀ ਚੰਗਾ ਮਿਹਨਤਾਨਾ ਦਿੰਦੇ ਸਨ ਅਤੇ ਦੂਸਰਾ ਮੈਂ ਕਨੇਡਾ ਆਉਣਾ ਸੀ ਤੇ ਆਪਣੇ ਖੇਤਰ ਵਿੱਚ ਸਥਾਪਿਤੀ ਲਈ ਮੁਫ਼ੀਦ ਸੀ।

ਰਜਿੰਦਰ ਤੱਗੜ ਜੀ ਮੈਨੂੰ ਬਕਾਇਦਗੀ ਨਾਲ਼ ਰਜਿੰਦਰ ਸੈਣੀ ਜੀ ਵੱਲੋਂ ਮਿਲ਼ਿਆ ਮੁਆਵਜ਼ਾ ਦਿੰਦੇ ਰਹੇ। ਫਿਰ ਇਹ ਅਖ਼ਬਾਰ ਤੱਗੜ ਜੀ ਦੀ ਥਾਂ ਸ਼ਮੀਲ ਜੀ ਕੋਲ਼ ਚਲਾ ਗਿਆ, ਜੋ ਕਿ ਉਸ ਸਮੇਂ ਭਾਰਤ ਵਿੱਚ ਹੀ ਸਨ। ਕੁਝ ਕਾਲਮ ਸ਼ਮੀਲ ਦੀ ਲੰਬੜਦਾਰੀ ਵਿੱਚ ਵੀ ਛਪੇ, ਜਿਸ ਦੇ ਮੈਨੂੰ ਪੈਸੇ ਨਹੀਂ ਦਿੱਤੇ। ਸ਼ਮੀਲ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਹੁਣ ਤੁਸੀਂ ਕਾਲਮ ਬੰਦ ਕਰ ਦਿਉ, ਰਜਿੰਦਰ ਸੈਣੀ ਦਾ ਫ਼ੁਰਮਾਨ ਹੈ। 2005 ਵਿੱਚ ਮੈਂ ਵੀ ਕਨੇਡਾ ਆ ਗਿਆ ਅਤੇ ਰਜਿੰਦਰ ਸੈਣੀ ਜੀ ਨੂੰ ਮਿਲਣ ਚਲਾ ਗਿਆ। ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡਾ ਕਾਲਮ ਬਹੁਤ ਚੰਗਾ ਜਾ ਰਿਹਾ ਸੀ, ਬੰਦ ਕਿਉਂ ਕਰ ਦਿੱਤਾ? ਮੈਂ ਵਜ੍ਹਾ ਬਿਆਨ ਕੀਤੀ ਤਾਂ ਸੈਣੀ ਸਾਹਿਬ ਹੈਰਾਨ ਰਹਿ ਗਏ।

ਸਰਬਜੀਤ ਸਿੰਘ ਘੁੰਮਣ

ਸੰਪਰਕ ਨੰਬਰ-  +1(647)704-4307

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly