ਗ੍ਰਹਿ ਮੰਤਰੀ ਵੱਲੋਂ ਬੈਜਲ, ਕੇਜਰੀਵਾਲ ਸਣੇ ਉੱਚ ਪੁਲੀਸ ਤੇ ਪ੍ਰਸ਼ਾਸਕੀ ਅਧਿਕਾਰੀਆਂ ਨਾਲ ਮੀਟਿੰਗ

ਦਿੱਲੀ ਪੁਲੀਸ ਦੀ ਇਕ ਹਥਿਆਰਬੰਦ ਬਟਾਲੀਅਨ ਨੂੰ ਹਿੰਸਾ ਨਾਲ ਪ੍ਰਭਾਵਿਤ ਖੇਤਰਾਂ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ’ਚ ਕਰੀਬ 1000 ਪੁਲੀਸ ਮੁਲਾਜ਼ਮ ਹਨ। ਇਸ ਤੋਂ ਇਲਾਵਾ ਅੰਤਰਰਾਜੀ ਸਰਹੱਦਾਂ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਅਨਿਲ ਬੈਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੁਲੀਸ ਕਮਿਸ਼ਨਰ (ਦਿੱਲੀ) ਅਮੁੱਲਿਆ ਪਟਨਾਇਕ ਹਾਜ਼ਰ ਸਨ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਕੌਮੀ ਰਾਜਧਾਨੀ ਵਿਚ ਪੁਲੀਸ ਤੇ ਵਿਧਾਇਕਾਂ ਵਿਚਾਲੇ ਤਾਲਮੇਲ ਵਧਾਇਆ ਜਾਵੇ। ਇਸ ਤੋਂ ਇਲਾਵਾ ਸਮਾਜ ਦੇ ਸਾਰੇ ਵਰਗਾਂ ਦੇ ਨੁਮਾਇੰਦਿਆਂ, ਧਰਮਾਂ ਤੇ ਉੱਘੇ ਸਥਾਨਕ ਨਾਗਰਿਕਾਂ ਦੀਆਂ ਸ਼ਾਂਤੀ ਬਹਾਲੀ ਕਮੇਟੀਆਂ ਬਣਾਈਆਂ ਜਾਣ। ਦੱਸਣਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ’ਤੇ ਹੋਈ ਹਿੰਸਾ ਵਿਚ ਹੁਣ ਤੱਕ ਪੁਲੀਸ ਮੁਲਾਜ਼ਮ ਸਣੇ 10 ਜਣੇ ਮਾਰੇ ਗਏ ਹਨ। ਹਿੰਸਾਗ੍ਰਸਤ ਖੇਤਰਾਂ ਵਿਚ ਵਿਸ਼ੇਸ਼ ਅਧਿਕਾਰੀਆਂ ਦੇ ਨਾਲ ਵਾਧੂ ਬਲ ਤਾਇਨਾਤ ਕੀਤੇ ਜਾ ਰਹੇ ਹਨ। ਦਿੱਲੀ ਦੀਆਂ ਉੱਤਰ ਪ੍ਰਦੇਸ਼ ਤੇ ਹਰਿਆਣਾ ਨਾਲ ਲੱਗਦੀਆਂ ਸਰਹੱਦਾਂ ਦੀ ਪੁਲੀਸ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਨਿਗਰਾਨੀ ਕੀਤੀ ਜਾ ਰਹੀ ਹੈ। ਦਿੱਲੀ ਪੁਲੀਸ ਵੱਲੋਂ ਚੌਕਸੀ ਵਜੋਂ ਨਾਕੇਬੰਦੀ ਕਰ ਕੇ ਚੈਕਿੰਗ ਸਣੇ ਹੋਰ ਕਦਮ ਚੁੱਕੇ ਜਾ ਰਹੇ। ਜ਼ਿਕਰਯੋਗ ਹੈ ਕਿ ਨਵੇਂ ਨਾਗਰਿਕਤਾ ਕਾਨੂੰਨ ਦੇ ਵਿਰੋਧ ਦਾ ਕੇਂਦਰ ਬਣੇ ਸ਼ਾਹੀਨ ਬਾਗ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਵੀ ਆਉਣ ਵਾਲਾ ਹੈ। ਪੇਸ਼ੇਵਰ ਸਮੀਖ਼ਿਆ ਮੁਤਾਬਕ ਰਾਜਧਾਨੀ ਵਿਚ ਹਿੰਸਾ ਲਗਾਤਾਰ ਹੋਈ ਹੈ ਤੇ ਬਲਾਂ ਨੇ ਤਾਕਤ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਹੈ, ਅਗਾਂਹ ਵੀ ਅਜਿਹਾ ਕੀਤਾ ਜਾਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਅਫ਼ਵਾਹਾਂ ਤੇ ਝੂਠੀਆਂ ਸੂਚਨਾਵਾਂ ਪੁਲੀਸ ਲਈ ਅੜਿੱਕਾ ਬਣ ਰਹੀਆਂ ਹਨ। ਉਨ੍ਹਾਂ ਲੋਕਾਂ ਤੇ ਮੀਡੀਆ ਨੂੰ ਅਪੀਲ ਕੀਤੀ ਕਿ ਜ਼ਿੰਮੇਵਾਰੀ ਨਾਲ ਸੂਚਨਾ ਸਾਂਝੀ ਕੀਤੀ ਜਾਵੇ ਤੇ ਜਿਸ ਦੀ ਪੁਸ਼ਟੀ ਨਾ ਹੋਵੇ ਉਸ ਨੂੰ ਅੱਗੇ ਭੇਜਣ ’ਚ ਗੁਰੇਜ਼ ਕੀਤਾ ਜਾਵੇ। ਸ਼ਾਹ ਨੇ ਦਿੱਲੀ ਪੁਲੀਸ ਦੇ ਕਮਿਸ਼ਨਰ ਨੂੰ ਕੰਟਰੋਲ ਰੂਮ ’ਚ ਸੀਨੀਅਰ ਅਧਿਕਾਰੀਆਂ ਦੀ ਡਿਊਟੀ ਲਾਉਣ ਲਈ ਕਿਹਾ ਤਾਂ ਜੋ ਅਫ਼ਵਾਹਾਂ ਨਾਲ ਜਲਦੀ ਨਜਿੱਠਿਆ ਜਾ ਸਕੇ। ਗ੍ਰਹਿ ਮੰਤਰੀ ਨੇ ਸਿਆਸੀ ਧਿਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸਥਾਨਕ ਨੁਮਾਇੰਦਿਆਂ ਨੂੰ ਸੰਵੇਦਨਸ਼ੀਲ ਖੇਤਰਾਂ ’ਚ ਬੈਠਕਾਂ ਲਈ ਕਹਿਣ। ਉਨ੍ਹਾਂ ਸੀਨੀਅਰ ਪੁਲੀਸ ਅਫ਼ਸਰਾਂ ਨੂੰ ਵੀ ਜਲਦ ਤੋਂ ਜਲਦ ਸੰਵੇਦਨਸ਼ੀਲ ਇਲਾਕਿਆਂ ਦੇ ਥਾਣਿਆਂ ਦਾ ਦੌਰਾ ਕਰਨ ਲਈ ਕਿਹਾ। ਗ੍ਰਹਿ ਮੰਤਰੀ ਨੇ ਸਾਰਿਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਸਥਾਨਕ ਨੁਮਾਇੰਦਿਆਂ ਦੀ ਸਲਾਹ ਲਈ ਜਾ ਰਹੀ ਹੈ। ਅਗਲੀ ਕਾਰਵਾਈ ਐੱਲਜੀ ਤੇ ਪੁਲੀਸ ਕਮਿਸ਼ਨਰ ਨਾਲ ਵਿਚਾਰ-ਚਰਚਾ ਤੋਂ ਬਾਅਦ ਹੋਵੇਗੀ। ਸ਼ਾਹ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਨਿਖੇਧੀ ਕਰਨ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਗ਼ੈਰਜ਼ਰੂਰੀ ਆਲੋਚਨਾ ਨਾਲ ਪੁਲੀਸ ਬਲਾਂ ਦੇ ਹੌਸਲੇ ’ਤੇ ਮਾੜਾ ਪ੍ਰਭਾਵ ਪੈ ਸਕਦੀ ਹੈ। ਸ਼ਾਹ ਨੇ ਕਿਹਾ ਕਿ ਦਿੱਲੀ ਪੁਲੀਸ ਇਕ ਪੇਸ਼ੇਵਰ ਸੰਗਠਨ ਹੈ ਤੇ ਹਾਲਾਤ ਮੁਤਾਬਕ ਢੁੱਕਵਾਂ ਫ਼ੈਸਲਾ ਲੈਣ ਦੇ ਪੂਰੀ ਤਰ੍ਹਾਂ ਯੋਗ ਹੈ। ਮੀਟਿੰਗ ਮੌਕੇ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ, ਇੰਟੈਲੀਜੈਂਸ ਬਿਊਰੋ ਦੇ ਨਿਰਦੇਸ਼ਕ ਅਰਵਿੰਦ ਕੁਮਾਰ, ਕਾਂਗਰਸੀ ਆਗੂ ਸੁਭਾਸ਼ ਭੱਲਾ, ਭਾਜਪਾ ਦੇ ਮਨੋਜ ਤਿਵਾੜੀ ਵੀ ਹਾਜ਼ਰ ਸਨ।