ਗ੍ਰਹਿ ਮੰਤਰਾਲੇ ਨੇ ਮਰਦਮਸ਼ੁਮਾਰੀ ਅਤੇ ਐੱਨਪੀਆਰ ’ਤੇ ਚਰਚਾ ਲਈ ਮੀਟਿੰਗ ਸੱਦੀ

ਕੇਂਦਰੀ ਗ੍ਰਹਿ ਮੰਤਰਾਲੇ ਨੇ 2020 ਦੀ ਮਰਦਮਸ਼ੁਮਾਰੀ ਤੇ ਕੌਮੀ ਜਨਸੰਖਿਆ ਰਜਿਸਟਰ (ਐੱਨਪੀਆਰ) ਦੀ ਰੂਪ-ਰੇਖਾ ’ਤੇ ਵਿਚਾਰ ਕਰਨ ਲਈ ਅੱਜ ਇੱਕ ਮੀਟਿੰਗ ਸੱਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਮੀਟਿੰਗ ’ਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਤੇ ਸਾਰੇ ਸੂਬਿਆਂ ਦੇ ਜਨਗਣਨਾ ਨਿਰਦੇਸ਼ਕ ਤੇ ਮੁੱਖ ਸਕੱਤਰ ਹਾਜ਼ਰ ਰਹਿਣਗੇ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 1 ਅਪਰੈਲ ਤੋਂ 30 ਸਤੰਬਰ ਤੱਕ ਘਰਾਂ ਦੀ ਗਿਣਤੀ ਦੇ ਗੇੜ ਅਤੇ ਐੱਨਪੀਆਰ ਦੀ ਰੂਪ-ਰੇਖਾ ’ਤੇ ਚਰਚਾ ਕੀਤੀ ਜਾਵੇਗੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸੂਬਾ ਮੀਟਿੰਗ ’ਚ ਹਿੱਸਾ ਨਹੀਂ ਲਵੇਗਾ। ਪੱਛਮੀ ਬੰਗਾਲ ਸਮੇਤ ਕੁਝ ਸੂਬਾ ਸਰਕਾਰਾਂ ਨੇ ਐਲਾਨ ਕੀਤਾ ਹੈ ਕਿ ਉਹ ਅਜੇ ਐੱਨਪੀਆਰ ਕਵਾਇਦ ’ਚ ਹਿੱਸਾ ਨਹੀਂ ਲੈਣਗੇ ਕਿਉਂਕਿ ਇਹ ਦੇਸ਼ ਪੱਧਰੀ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਤੋਂ ਪਹਿਲਾਂ ਦਾ ਗੇੜ ਹੈ। ਦੂਜੇ ਪਾਸੇ ਅਧਿਕਾਰੀਆਂ ਨੇ ਕਿਹਾ ਕਿ ਐੱਨਪੀਆਰ ਦਾ ਮਕਸਦ ਦੇਸ਼ ’ਚ ਹਰ ਆਮ ਨਾਗਰਿਕ ਦੀ ਪਛਾਣ ਦੇ ਅੰਕੜੇ ਤਿਆਰ ਕਰਨਾ ਹੈ। ਡਾਟਾਬੇਸ ’ਚ ਮਰਦਮਸ਼ੁਮਾਰੀ ਦੇ ਨਾਲ-ਨਾਲ ਬਾਇਓਮੈਟ੍ਰਿਕ ਵੇਰਵੇ ਵੀ ਹੋਣਗੇ। ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਵਧੇਰੇ ਸੂਬਿਆਂ ਨੇ ਐੱਨਪੀਆਰ ਨਾਲ ਸਬੰਧਤ ਵਿਵਸਥਾਵਾਂ ਨੂੰ ਨੋਟੀਫਾਈ ਕੀਤਾ ਹੈ ਜੋ ਦੇਸ਼ ਦੇ ਆਮ ਲੋਕਾਂ ਦਾ ਇੱਕ ਰਜਿਸਟਰ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਇੱਕ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਾਉਣ ਦੀ ਵਿਵਸਥਾ ਕੀਤੀ ਗਈ ਹੈ।