ਗਿਆਨ ਦਾ ਦੀਵਾ ਬਾਲਣ ਲਈ ਸਵਾ ਮੀਲ ਤੁਰਦੇ ਨੇ ਬੱਚੇ

ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਰਾਜਗੜ੍ਹ ਖੁਰਦ ’ਚ ਸਕੂਲ ਨਾ ਹੋਣ ਕਾਰਨ ਸੈਂਕੜੇ ਬੱਚਿਆਂ ਨੂੰ ਗੁਆਂਢੀ ਪਿੰਡ ਦੇ ਸਕੂਲ ਵਿੱਚੋਂ ਵਿੱਦਿਆ ਹਾਸਲ ਕਰਨ ਲਈ 2 ਕਿਲੋਮੀਟਰ ਦਾ ਸਫਰ ਤੁਰ ਕੇ ਤੈਅ ਕਰਨਾ ਪੈਂਦਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਸਮੱਸਿਆ ਨੂੰ ਸਮਝਣ ਲਈ ਲੋਕ ਇਨਸਾਫ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਅਤੇ ਸਾਥੀਆਂ ਨੇ ਬੁਰਜ ਰਾਜਗੜ੍ਹ ਦੇ ਸਕੂਲ ਤੋਂ ਛੁੱਟੀ ਹੋਣ ਮਗਰੋਂ ਸੈਂਕੜੇ ਬੱਚਿਆਂ ਨਾਲ 2 ਕਿਲੋਮੀਟਰ ਦਾ ਸਫਰ ਤੈਅ ਕਰਕੇ ਉਨ੍ਹਾਂ ਦੇ ਪਿੰਡ ਰਾਜਗੜ੍ਹ ਖੁਰਦ ਵਿਖੇ ਪੁੱਜਦਾ ਕੀਤਾ। ਇਸ ਮੌਕੇ ਬੱਚਿਆਂ ਦੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ਸਰਕਾਰ ਨੂੰ ਭੰਡਣ ਲਈ ਨਾਅਰੇ ਲਿਖੇ ਹੋਏ ਸਨ।
ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਲਿਖਤੀ ਤੌਰ ’ਤੇ ਬੇਨਤੀ ਪੱਤਰ ਸਿੱਖਿਆ ਵਿਭਾਗ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਧਿਆਨ ਹਿੱਤ ਲਿਆ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਪਿੰਡ, ਮਾਲ ਮੰਤਰੀ ਦਾ ਗੁਆਂਢੀ ਪਿੰਡ ਹੈ ਤੇ ਸਕੂਲ ਚਲਾਉਣ ਲਈ ਪਿੰਡ ਦੀ ਪੰਚਾਇਤ ਨੇ ਇਮਾਰਤ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਸੂਬਾ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ।
ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਦੀ ਸੰਭਾਲ ਉਪਰੰਤ ਜੇਕਰ ਸਰਕਾਰ ਨੇ ਸਕੂਲ ਦਾ ਪ੍ਰਬੰਧ ਨਾ ਕੀਤਾ ਤਾਂ ਪਿੰਡ ਵਾਸੀਆਂ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਲੋਕ ਇਨਸਾਫ ਪਾਰਟੀ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ‘ਸਿਰੜੀ ਵਿਦਿਆਰਥੀ’ ਦੇ ਐਵਾਰਡ ਨਾਲ ਨਿਵਾਜਦਿਆਂ ਕਾਪੀਆਂ ਅਤੇ ਪੈੱਨ ਭੇਟ ਕੀਤੇ। ਇਸ ਮੌਕੇ ਸੁਰਜੀਤ ਸਿੰਘ ਭਾਈਰੂਪਾ, ਗੁਰਵਿੰਦਰ ਬਾਠ, ਸਮਸ਼ੇਰ ਮੱਲੀ, ਡਾ. ਕੁਲਵਿੰਦਰ ਸਿੰਘ ਤੇ ਅਸ਼ਰਫ ਖਾਨ ਆਦਿ ਹਾਜ਼ਰ ਸਨ।