ਗਿਆਨ ਚੰਦ ਗੁਪਤਾ ਤੇ ਪ੍ਰਦੀਪ ਚੌਧਰੀ ਵਿਧਾਇਕ ਚੁਣੇ

ਪੰਚਕੂਲਾ ਤੇ ਕਾਲਕਾ ਵਿਧਾਨ ਸਭਾ ਸੀਟਾਂ

ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਸ਼ਾਮ ਐਲਾਨੇ ਗਏ ਅਤੇ ਪੰਚਕੂਲਾ ਹਲਕੇ ਤੋਂ ਭਾਜਪਾ ਉਮੀਦਵਾਰ ਗਿਆਨ ਚੰਦ ਗੁਪਤਾ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਸਾਬਕਾ ਡਿਪਟੀ ਮੁੱਖ ਮੰਤਰੀ ਚੌਧਰੀ ਚੰਦਰ ਮੋਹਨ ਨੂੰ 5936 ਵੋਟਾਂ ਨਾਲ ਮਾਤ ਦਿੱਤੀ। ਇਸੇ ਦੌਰਾਨ ਕਾਲਕਾ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਨੇ ਭਾਜਪਾ ਦੀ ਉਮੀਦਵਾਰ ਲਤਿਕਾ ਸ਼ਰਮਾ ਨੂੰ 5837 ਵੋਟਾਂ ਦੇ ਫਰਕ ਨਾਲ ਹਰਾਇਆ। ਕਾਲਕਾ ਹਲਕੇ ਲਈ ਵੋਟਾਂ ਦੀ ਗਿਣਤੀ ਪੰਚਕੂਲਾ ਦੇ ਸੈਕਟਰ-14 ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਕੀਤੀ ਗਈ ਸੀ ਜਦੋਂ ਕਿ ਪੰਚਕੂਲਾ ਹਲਕੇ ਲਈ ਵੋਟਾਂ ਦੀ ਗਿਣਤੀ ਸੈਕਟਰ-1 ਦੇ ਸਰਕਾਰੀ ਕਾਲਜ ਵਿੱਚ ਕੀਤੀ ਗਈ।
ਕਾਲਕਾ ਤੋਂ ਜਿੱਤੇ ਪ੍ਰਦੀਪ ਚੌਧਰੀ ਨੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਬਲਕਿ ਹਲਕੇ ਦੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਡਰਾਇਆ ਤੇ ਧਮਕਾਇਆ ਗਿਆ ਸੀ ਪਰ ਉਹ ਡਰਨ ਵਾਲੇ ਨਹੀਂ ਸਨ ਅਤੇ ਸਿਰਫ਼ ਪੰਦਰਾਂ ਦਿਨਾਂ ਵਿੱਚ ਹੀ ਭਾਜਪਾ ਦੀ ਕਾਲਕਾ ਖੇਤਰ ਵਿੱਚ ਹਵਾ ਬਦਲ ਦਿੱਤੀ ਗਈ ਅਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ। ਵੋਟਾਂ ਦੀ ਗਿਣਤੀ ਤੋਂ ਬਾਅਦ ਭਾਜਪਾ ਦੀ ਉਮੀਦਵਾਰ ਲਤਿਕਾ ਸ਼ਰਮਾ ਮਾਯੂਸ਼ ਨਜ਼ਰ ਆਈ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਕੋਈ ਕਮੀ ਰਹਿ ਗਈ ਹੋਵੇਗੀ ਜਿਸ ਲਈ ਜਨਤਾ ਨੇ ਉਨ੍ਹਾਂ ਨੂੰ ਹਰਾਇਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸੇਵਾ ਦੇ ਕੰਮ ਕਰਦੀ ਰਹੇਗੀ ਅਤੇ ਲੋਕਾਂ ਦੇ ਫਤਵੇ ਨੂੰ ਕਬੂਲ ਕਰਦੀ ਹੈ।
ਇਸੇ ਦੌਰਾਨ ਪੰਚਕੂਲਾ ਹਲਕੇ ਤੋਂ ਜਿੱਤੇ ਭਾਜਪਾ ਦੇ ਉਮੀਦਵਾਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਉਹ ਵਿਕਾਸ ਕੰਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੋ ਵਾਰ ਜਿੱਤ ਲੋਕਾਂ ਦੇ ਪਿਆਰ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੇ ਹੀ ਉਨ੍ਹਾਂ ਨੂੰ ਜਿੱਤ ਦਿਵਾਈ ਹੈ। ਕਾਂਗਰਸੀ ਉਮੀਦਵਾਰ ਚੰਦਰ ਮੋਹਨ ਨੇ ਕਿਹਾ ਕਿ ਉਹ ਹਾਰ ਦੇ ਕਾਰਨਾਂ ਬਾਰੇ ਆਤਮਚਿੰਤਨ ਕਰਨਗੇ। ਉਨ੍ਹਾਂ ਕਿਹਾ ਕਿ ਜਿਹੜੇ ਵੋਟਰਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਹਨ, ਉਹ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਨ। ਪੰਚਕੂਲਾ ਅਤੇ ਕਾਲਕਾ ਵਿਧਾਨ ਸਭਾ ਹਲਕਿਆਂ ਵਿੱਚ 386138 ਵੋਟਰ ਹਨ ਜਿਨ੍ਹਾਂ ਵਿੱਚੋਂ 253850 ਵੋਟਰਾਂ ਨੇ ਵੋਟਾਂ ਪਾਈਆਂ ਹਨ। ਜ਼ਿਲ੍ਹਾਪ੍ਰਸ਼ਾਸਨ ਨੇ 60 ਮੁਲਾਜ਼ਮਾਂ ਦੀ ਗਿਣਤੀ ਵੋਟਾਂ ਗਿਣਨ ਲਈ ਲਗਾਈ ਸੀ। ਕਾਲਕਾ ਵਿਧਾਨ ਸ਼ਭਾ ਹਲਕੇ ਲਈ ਵੋਟਾਂ ਦੀ ਗਿਣਤੀ ਲਈ 16 ਰਾਊਂਡ ਰੱਖੇ ਗਏ ਸਨ ਜਦਕਿ ਪੰਚਕੂਲਾ ਹਲਕੇ ਲਈ 14 ਰਾਊਂਡ ਗਿਣਤੀ ਦੇ ਰੱਖੇ ਗਏ ਸਨ। ਪੰਚਕੂਲਾ ਦੇ ਸੈਕਟਰਾਂ ਵਿੱਚ ਭਾਜਪਾ ਦੇ ਜੇਤੂ ਵਿਧਾਇਕ ਗਿਆਨ ਚੰਦ ਗੁਪਤਾ ਨੂੰ ਕਾਫ਼ਲੇ ਦੇ ਰੂਪ ਵਿੱਚ ਘੁੰਮਾਇਆ ਗਿਆ ਅਤੇ ਕਾਲਕਾ ਵਿੱਚ ਵਿਧਾਇਕ ਪ੍ਰਦੀਪ ਚੌਧਰੀ ਦਾ ਭਰਵਾਂ ਸਨਮਾਨ ਕੀਤਾ ਗਿਆ।
ਪੰਚਕੂਲਾ ਤੇ ਕਾਲਕਾ ਹਲਕਿਆਂ ’ਚ ਚੋਣ ਪ੍ਰਕਿਰਿਆ ਸਫਲਤਾਪੂਰਵਕ ਨੇਪਰੇ ਚੜ੍ਹਨ ਨਾਲ ਭਾਜਪਾ ਤੇ ਕਾਂਗਰਸ ਪਾਰਟੀ ਦੇ ਸਮਰਥਕਾਂ ’ਚ ਖੁਸ਼ੀ ਦਾ ਮਾਹੌਲ ਹੈ।