ਗ਼ਜ਼ਲ

ਬਲਜਿੰਦਰ ਸਿੰਘ "ਬਾਲੀ ਰੇਤਗੜ੍ਹ"

(ਸਮਾਜ ਵੀਕਲੀ)

ਅਦਾਲਤ ਨੂੰ ਘੁਮਾ ਕੇ   ਤੁਰ ਰਿਹੈ    ਸ਼ੈਤਾਨ ਹੈ ਦੇਖੋ
ਨਾ ਮਰਿਯਾਦਾ ਰਹੀ ਉਸ ਦੀ, ਉਹੀ ਭਗਵਾਨ ਹੈ ਦੇਖੋ

ਢਹਾ ਤੀਰਥ ਕਿਸੇ ਦੇ ਓਹ,ਲੜਾਉਂਦਾ ਫਿਰ ਕਿਸੇ ਨੂੰ ਕਿਉਂ
ਕਿਵੇਂ ਚਾਤੁਰ ਪੁਜਾਰੀ    ਖੁਦ  ਲਈ,   ਪਰੇਸ਼ਾਨ ਹੈ ਦੇਖੋ

ਕਿਵੇਂ ਮਜਬੂਰ ਹੈ ਜੋ ਵਿਕ  ਰਿਹੈ ਪੱਥਰ ਜਿਹਾ ਹੋ ਹੋ
ਜਿਵੇਂ ਖੜੵ ਵੇਸਵਾ ਵਿਕਦੀ,  ਵਿਕਾਊ ਥਾਨ  ਹੈ ਦੇਖੋ

ਨਿਆਂ ਵੀ ਗਿੜਗਿੜਾ ਕੇ ਮੰਗਦੈ ਲਾਚਾਰ ਬੰਦੇ ਜਿਉਂ
ਸਵਾਰਥ ਆਪਣੇ ਖਾਤਿਰ, ਇਹ ਲਾਉਂਦਾ ਤਾਨ ਹੈ ਦੇਖੋ

ਹੈ ਕਠਪੁਤਲੀ ਵਜ਼ਾਰਤ ਦੀ, ਸਿਆਸਤ ਦੀ, ਮੇਰਾ ਰਾਮਾ
ਰਹੀ ਵਿਗਿਆਨ ਦੁਨੀਆ ਦੀ , ਸਦਾ  ਹੈਰਾਨ ਹੈ ਦੈਖੋ

ਧਰਾਂ ਮੈਂ ਪੈਰ ਵੀ ਜਿੱਥੇ,   ਮੜੀ ਮੰਦਿਰ  ਉਸਾਰੇ ਨੇ
ਪੁਆੜੇ ਪਾਉਣ ਏ , ਜਾਂਦੀ , ਅਜਾਈਂ ਜਾਨ ਹੈ ਦੈਖੋ

ਮਦਾਰੀ ਹੈ,  ਪੁਜਾਰੀ ਵੀ  ,  ਨਚਾਵੇ  ਹਰਿ  ਵਜਾ ਡਮਰੂ
ਜਮੂਰਾ  ਕੀ ਨਹੀਂ  ਪ੍ਰਭੂ,   ਨਚਾਉਂਦਾ ਇਨਸਾਨ ਹੈ ਦੇਖੋ

ਬਣੇ ਨੇ ਠੱਗ ਹੀ ਬਾਬੇ, ਨਹੀਂ ਕਿਰਤੀ ਕਦੇ ਬਣਦਾ
ਹੈ ਠੇਕੇਦਾਰ ਧਰਮ ਦਾ, ਰਿਹੈ ਲਾ  ਦੀਵਾਨ ਹੈ ਦੇਖੋ

ਘੁਮੰਡੀ ਤਾਕਤਾਂ ਦਾ ਅੰਦਰੋਂ , ਹੈ ਨਿਰਦਈ “ਬਾਲੀ”
ਡਰਾਵੇ ਵੀ ਮਸੂਮਾਂ ਨੂੰ,  ਗਰਾਂ ਦਾ  ਭਲਵਾਨ ਹੈ ਦੇਖੋ

ਬਲਜਿੰਦਰ ਸਿੰਘ “ਬਾਲੀ ਰੇਤਗੜੵ “
9465129168