ਸਰਦਾਰ ਸਿੰਘ ਓਸੀਏ ’ਚ ਸ਼ਾਮਲ

ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਤੋਂ ਇਲਾਵਾ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਕੁੱਲ 13 ਮੈਂਬਰਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਬੈਂਕਾਕ ਵਿੱਚ ਹੋਈ 38ਵੀਂ ਆਮ ਸਭਾ ਵਿੱਚ ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦੀਆਂ ਵੱਖ-ਵੱਖ ਸਥਾਈ ਕਮੇਟੀਆਂ ਵਿੱਚ ਚੁਣਿਆ ਗਿਆ ਹੈ। ਸਰਦਾਰ ਸਿੰਘ ਦੀ ਚੋਣ ਅਥਲੀਟ ਸਥਾਈ ਕਮੇਟੀ ਵਿੱਚ ਹੋਈ ਹੈ, ਜਦੋਂਕਿ ਆਈਓਏ ਜਨਰਲ ਸਕੱਤਰ ਰਾਜੀਵ ਮਹਿਤਾ ਨੂੰ ਸਭਿਆਚਾਰਕ ਸਥਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਹਾਕੀ ਇੰਡੀਆ ਦੇ ਜਨਰਲ ਸਕੱਤਰ ਮੁਹੰਮਦ ਮੁਸ਼ਤਾਕ ਅਹਿਮਦ ਮੀਡੀਆ ਸਥਾਈ ਕਮੇਟੀ ਵਿੱਚ ਹੋਣਗੇ, ਜਦਕਿ ਭਾਰਤੀ ਅਥਲੈਟਿਕਸ ਫੈਡਰੇਸ਼ਨ (ਏਐਫਆਈ) ਪ੍ਰਧਾਨ ਆਦਿਲ ਸੁਮਰੀਵਾਲਾ ਅਤੇ ਲਲਿਤ ਭਨੋਟ ਨੂੰ ਕ੍ਰਮਵਾਰ ਖੇਡ ਤੇ ਵਾਤਾਵਰਣ ਅਤੇ ਖੇਡ ਸਥਾਈ ਕਮੇਟੀ ਵਿੱਚ ਚੁਣਿਆ ਗਿਆ ਹੈ। ਓਸੀਏ ਦੀ ਆਮ ਸਭਾ ਦੋ ਅਤੇ ਤਿੰਨ ਮਾਰਚ ਨੂੰ ਬੈਂਕਾਕ ਵਿੱਚ ਹੋਈ ਸੀ। ਸਾਰੇ ਮੈਂਬਰਾਂ ਨੂੰ 2019 ਤੋਂ 2023 ਤੱਕ ਚਾਰ ਸਾਲ ਲਈ ਨਾਮਜ਼ਦ ਕੀਤਾ ਗਿਆ ਹੈ। ਓਸੀਏ ਪ੍ਰਧਾਨ ਸ਼ੇਖ ਅਹਿਮਦ ਅਲ ਫਹਦ ਅਲ ਸਬਾਹ ਨੇ ਇੱਕ ਬਿਆਨ ਵਿੱਚ ਕਿਹਾ, ‘‘ਓਸੀਏ ਸੰਵਿਧਾਨ ਅਤੇ ਓਸੀਏ ਆਮ ਸਭਾ ਵੱਲੋਂ ਮਿਲੇ ਅਧਿਕਾਾਰ ਅਨੁਸਾਰ ਮੈਂ ਓਸੀਏ ਸਥਾਈ ਕਮੇਟੀਆਂ ਦੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ। ਓਸੀਏ ਦੀਆਂ ਸਥਾਈ ਕਮੇਟੀਆਂ ਦੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ।’’ ਓਸੀਏ ਸਥਾਈ ਕਮੇਟੀਆਂ ਵਿੱਚ ਆਈਓਏ ਮੈਂਬਰਾਂ ਦੀ ਸੂਚੀ ਵਿੱਚ ਸਰਦਾਰ ਸਿੰਘ, ਰਾਜੀਵ ਮਹਿਤਾ, ਕੇ ਰਾਜਿੰਦਰਨ, ਪ੍ਰੇਮ ਚੰਦ ਵਰਮਾ, ਡੀਕੇ ਸਿੰਘ, ਮੁਹੰਮਦ ਮੁਸ਼ਤਾਕ ਅਹਿਮਦ, ਰਾਕੇਸ਼ ਸ਼ਰਮਾ, ਆਦਿਲੇ ਸੁਮਰੀਵਾਲਾ, ਲਲਿਤ ਭਨੋਟ ਆਨੰਦੇਸ਼ਵਰ ਪਾਂਡੇ, ਸੁਨੈਨਾ ਕੁਮਾਰੀ, ਐਨ ਰਾਮਚੰਦਰਨ ਅਤੇ ਓਕਾਰ ਸਿੰਘ ਸ਼ਾਮਲ ਹਨ।