ਕ੍ਰਾਈਸਟਚਰਚ ਵਿਖੇ ਮਾਰੇ ਗਏ ਬੇਦੋਸ਼ਿਆਂ ਦੀ ਰਾਸ਼ਟਰੀ ਸ਼ਰਧਾਂਜਲੀ ਮੌਕੇ ਲੱਖਾਂ ਲੋਕਾਂ ਨੇ ਰੱਖਿਆ ਮੌਨ

ਔਕਲੈਂਡ -15 ਮਾਰਚ 2019 ਜਿਸ ਨੂੰ ਨਿਊਜ਼ੀਲੈਂਡ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਮੰਨਿਆ ਜਾਵੇਗਾ, ਇਸ ਦਿਨ ਇਕ ਅੱਤਵਾਦੀ ਹਮਲੇ ਵਿਚ 50 ਲੋਕਾਂ ਨੇ ਆਪਣੀ ਜਾਨ ਗਵਾਈ ਸੀ। ਅੱਜ ਦੇਸ਼ ਨੇ ਦੁਪਹਿਰ 1.32 ਤੋਂ 1.34 ਤੱਕ ਦੋ ਮਿੰਟ ਦਾ ਰਾਸ਼ਟਰਵਿਆਪੀ ਮੋਨ ਰੱਖਿਆ ਗਿਆ। ਦੇਸ਼ ਦੀਆਂ ਬੱਸਾਂ ਅਤੇ ਟ੍ਰੇਨਾਂ ਨੇ ਵੀ ਅਜਿਹਾ ਕੀਤਾ। ਹੈਗਲੇ ਪਾਰਕ ਕ੍ਰਾਈਸਟਚਰ ਵਿਖੇ 20 ਹਜ਼ਾਰ ਤੋਂ ਵੱਧ ਦੀ ਗਿਣਤੀ ਵਿਚ ਵੱਖ-ਵੱਖ ਧਰਮਾਂ ਦੇ ਲੋਕ ਜੁੜੇ, ਸਕੂਲਾਂ ਕਾਲਜਾਂ ਵਿਚ ਬੱਚੇ ਵੀ ਇਸ ਸ਼ਰਧਾਂਜਲੀ ਸਮਾਗਮ ਵਿਚ ਜੁੜੇ। ਇਸ ਹਮਲੇ ਦੇ ਵਿਚ ਜ਼ਖਮੀ ਰਹੇ ਇਮਾਮ ਅਲਾਬੀ ਲਾਤੀਫ ਜ਼ੀਰੂਲਾਹ ਨੇ ਅੱਜ ਹੋਈ ਇਬਾਦਤ ਦੀ ਅਗਵਾਈ ਦਿੱਤੀ। ਇਸ ਦਾ ਸੰਕੇਤ ਸੀ ਕਿ ਅਸੀਂ ਭਾਵੇਂ ਦੋ ਮਿੰਟ ਦੇ ਲਈ ਚੁੱਪ ਹਾਂ ਪਰ ਸਾਡੀ ਅੱਤਵਾਦ ਵਿਰੁੱਧ ਦਹਾੜਾ ਇਕ ਸ਼ੇਰਵਾਂਗ ਹੈ। ਪ੍ਰਾਰਥਨਾ ਦੇ ਵਿਚ ਅੱਲ੍ਹਾ ਨੂੰ ਯਾਦ ਕੀਤਾ ਗਿਆ ਅਤੇ ਜ਼ਖਮੀਆਂ ਦੇ ਲਈ ਦੁਆ ਕੀਤੀ ਗਈ। ਇਸ ਅੱਤਵਾਦੀ ਹਮਲੇ ਵਿਚ ਸਹਾਇਤਾ ਕਰਨ ਵਾਲੀ ਪੁਲਿਸ, ਬਚਾਅ ਦਲ, ਸਰਕਾਰ ਅਤੇ ਕਮਿਊਨਿਟੀਆਂ ਤੋਂ ਮਿਲੇ ਸਹਿਯੋਗ ਲਈ ਵੀ ਧੰਨਵਾਦ ਕੀਤਾ ਗਿਆ। ਦੇਸ਼ ਦੀ ਪ੍ਰਧਾਨ ਮੰਤਰੀ ਅੱਜ ਦੁਬਾਰਾ ਕਾਲੇ ਰੰਗ ਦੇ ਕੱਪੜਿਆਂ ਅਤੇ ਹਿਜਾਬ ਪਹਿਨ ਕੇ ਪਹੁੰਚੀ। ਉਹ ਲੋਕਾਂ ਨੂੰ ਆਮ ਵਾਂਗ ਮਿਲੀ, ਦੁੱਖ ਵੰਡਾਇਆ। ਨਿਊਜ਼ੀਲੈਂਡ ਪੁਲਿਸ ਦੇ ਵਿਚ ਸ਼ਾਮਿਲ ਮਹਿਲਾਵਾਂ ਨੇ ਵੀ ਅੱਜ ਸਿਰ ਉਤੇ ਹਿਜਾਬ ਲੈ ਕੇ ਸ਼ਰਧਾਂਜਲੀ ਭੇਟ ਕੀਤੀ।