ਕੋਹਲੀ ਵੱਲੋਂ ਡਿਵਿਲੀਅਰਜ਼ ਦਾ ਸਮਰਥਨ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਰੌਇਲ ਚੈਲੰਜਰਜ਼ ਬੰਗਲੌਰ ਦੇ ਆਪਣੇ ਸਾਥੀ ਖਿਡਾਰੀ ਏਬੀ ਡਿਵਿਲੀਅਰਜ਼ ਦਾ ਬਚਾਅ ਕੀਤਾ, ਜਿਸ ਨੇ ਆਪਣੇ ਸੰਨਿਆਸ ਸਬੰਧੀ ਪੈਦਾ ਹੋਏ ਵਿਵਾਦ ਬਾਰੇ ਸਪਸ਼ਟੀਕਰਨ ਦਿੱਤਾ ਹੈ। ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਦੀ ਖ਼ਰਾਬ ਕਾਰਗੁਜ਼ਾਰੀ ਦੌਰਾਨ ਖ਼ਬਰ ਆਈ ਸੀ ਕਿ ਡਿਵਿਲੀਅਰਜ਼ ਨੇ ਟੀਮ ਚੁਣਨ ਤੋਂ ਇੱਕ ਦਿਨ ਪਹਿਲਾਂ ਸੰਨਿਆਸ ਦਾ ਫ਼ੈਸਲਾ ਵਾਪਸ ਲੈਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਟੀਮ ਪ੍ਰਬੰਧਨ ਨੇ ਠੁਕਰਾ ਦਿੱਤਾ। ਡਿਵਿਲੀਅਰਜ਼ ਨੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਸ ਨੇ ਅਜਿਹੀ ਕੋਈ ਮੰਗ ਨਹੀਂ ਰੱਖੀ ਸੀ, ਸਗੋਂ ਖੇਡਣ ਸਬੰਧੀ ਉਸ ਤੋਂ ਨਿੱਜੀ ਤੌਰ ’ਤੇ ਪੁੱਛਿਆ ਗਿਆ ਸੀ। ਡਿਵਿਲੀਅਰਜ਼ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਬੀਤੇ ਸਾਲ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਉਹ ਚੋਣਵੇਂ ਕੌਮਾਂਤਰੀ ਮੈਚ ਖੇਡਦਾ ਸੀ। ਕੋਹਲੀ ਨੇ ਉਸ ਨੂੰ ‘ਸਭ ਤੋਂ ਇਮਾਨਦਾਰ ਅਤੇ ਸਮਰਪਿਤ’ ਇਨਸਾਨ ਦੱਸਿਆ। ਉਸ ਨੇ ਡਿਵਿਲੀਅਰਜ਼ ਦੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਲੋਕ ਤੁਹਾਡੀ ਨਿੱਜਤਾ ਦਾ ਉਲੰਘਣ ਕਰ ਰਹੇ ਹਨ, ਜੋ ਦੁਖਦਾਈ ਹੈ। ਤੁਹਾਨੂੰ ਅਤੇ ਤੁਹਾਡੇ ਖ਼ੂਬਸੂਰਤ ਪਰਿਵਾਰ ਨੂੰ ਪਿਆਰ। ਮੈਂ ਅਤੇ ਅਨੁਸ਼ਕਾ ਹਮੇਸ਼ਾ ਤੁਹਾਡੇ ਨਾਲ ਹਾਂ।’’