ਕੋਵਿਡ ਨੇ ਸਿੱਖਿਆ ਪ੍ਰਣਾਲੀ ਦਾ ਵੱਡਾ ਨੁਕਸਾਨ ਕੀਤਾ: ਗੁਟੇਰੇਜ਼

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤਾਨੀਓ ਗੁਟੇਰੇਜ਼ ਨੇ ਸਿੱਖਿਆ ਨੀਤੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ ਦੇ ਇਤਿਹਾਸ ’ਚ ਕੋਵਿਡ- 19 ਨੇ ਸਿੱਖਿਆ ਪ੍ਰਣਾਲੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਇਸ ਮਹਾਮਾਰੀ ਕਾਰਨ ਸਾਰੇ ਮੁਲਕਾਂ ਤੇ ਮਹਾਂਦੀਪਾਂ ਦੇ ਲਗਪਗ 1.6 ਬਿਲੀਅਨ ਵਿਦਿਆਰਥੀ ਪ੍ਰਭਾਵਿਤ ਹੋਏ ਜਦਕਿ ਅਗਲੇ ਵਰ੍ਹੇ ਤੱਕ 23.8 ਮਿਲੀਅਨ ਬੱਚੇ ਤੇ ਨੌਜਵਾਨ ਇਸ ਮਹਾਮਾਰੀ ਦੇ ਅਾਰਥਿਕ ਸਿੱਟਿਆਂ ਕਾਰਨ ਜਾਂ ਤਾਂ ਵਿੱਦਿਅਕ ਸੰਸਥਾਵਾਂ ਛੱਡ ਦੇਣਗੇ ਜਾਂ ਸਕੂਲ ਨਹੀਂ ਜਾ ਸਕਣਗੇ।

‘ਸਿੱਖਿਆ ਤੇ ਕੋਵਿਡ 19’ ਸਬੰਧੀ ਅੱਜ ਆਪਣੀ ਨੀਤੀ ਬਾਰੇ ਦੱਸਦਿਆਂ ਸ੍ਰੀ ਗੁਟੇਰੇਜ਼ ਨੇ ਕਿਹਾ,‘ਸਿੱਖਿਆ, ਸ਼ਖ਼ਸੀਅਤ ਵਿਕਾਸ ਤੇ ਸਮਾਜ ਦੇ ਭਵਿੱਖ ਦਾ ਆਧਾਰ ਹੈ। ਇਹ ਭਵਿੱਖ ਦੇ ਮੌਕੇ ਮੁਹੱਈਆ ਕਰਵਾਉਂਦੀ ਹੈ ਤੇ ਨਾ-ਬਰਾਬਰੀ ਨੂੰ ਖ਼ਤਮ ਕਰਦੀ ਹੈ। ਕੋਵਿਡ- 19 ਮਹਾਮਾਰੀ ਨੇ ਸਿੱਖਿਆ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ।’ ਉਨ੍ਹਾਂ ਕਿਹਾ ਕਿ ਜੁਲਾਈ ਦੇ ਅੱਧ ਤੱਕ 160 ਤੋਂ ਵੱਧ ਮੁਲਕਾਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਸਨ, ਜਿਸ ਨਾਲ 1 ਬਿਲੀਅਨ ਤੋਂ ਵੱਧ ਵਿਦਿਆਰਥੀ ਪ੍ਰਭਾਵਿਤ ਹੋਏ ਜਦਕਿ 40 ਮਿਲੀਅਨ ਤੋਂ ਵੱਧ ਬੱਚਿਆਂ ਦਾ ਆਪਣੇ ਸਕੂਲ ਜਾਣ ਤੋਂ ਪਹਿਲਾਂ ਵਾਲਾ ਸਮਾਂ ਅਜਾਈਂ ਚਲਾ ਗਿਆ। ਗੁਟੇਰੇਜ਼ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਮਾਪਿਆਂ ਤੇ ਖ਼ਾਸ ਕਰਕੇ ਔਰਤਾਂ ਨੂੰ ਘਰ ਵਿੱਚ ਕਾਫ਼ੀ ਕੰਮ ਕਰਨਾ ਪੈਂਦਾ ਹੈ।