ਕੋਰੋਨਾ ਨਾਲ ਭਾਰਤ ਨੂੰ ਦੋਹਰੀ ਮਾਰ

ਪੇਸ਼ਕਸ਼:- ਅਮਰਜੀਤ ਚੰਦਰਲੁਧਿਆਣਾ +91 9417 600014

ਅਸੀ ਭਾਰਤ ਵਾਸੀ ਇਸ ਸਦੀ ਦੇ ਸਭ ਤੋਂ ਵੱਡੇ ਮੁਸ਼ਕਲ (ਦੁੱਖ) ਵਿਚੋਂ ਗੁਜ਼ਰ ਰਹੇ ਹਾਂ,ਇਸ ਸਮ੍ਹੇਂ ਸਾਡਾ ਸਾਰਾ ਦੇਸ਼ ਸਹਿਮਿਆ ਹੋਇਆ ਹੈ।ਖੁਦ ਨੂੰ ਧਰਤੀ ਦੀ ਸਭ ਤੋਂ ਵੱਡੀ ਸ਼ਕਤੀਸ਼ਾਲੀ ਸਮਝ ਵਾਲੀ ਪ੍ਰਜਾਤੀ ਅੱਜ ਇਸ ਮਹਾਮਾਰੀ ਕੋਰੋਨਾ ਵਾਇਰਸ ਦੇ ਸਾਹਮਣੇ ਹੱਥ ਖੜੇ ਕਰਕੇ ਖੜੀ ਨਜ਼ਰ ਆ ਰਹੀ ਹੈ।ਪੂਰੀ ਦੁਨੀਆਂ ਦੀ ਹਾਲਤ ਦਿਨ-ਬ-ਦਿਨ ਮਾੜੀ ਹੁੰਦੀ ਜਾ ਰਹੀ ਹੈ।ਅੱਜ ਲੋਕਾਂ ਦੀ ਜਾਨ ਤੇ ਮਾਲ ਦੋਵੇਂ ਦਾਅ ਤੇ ਲੱਗੇ ਹੋਏ ਹਨ, ਕਿਸੇ ਨੂੰ ਵੀ ਕੁਝ ਨਹੀ ਔਹੜ ਰਿਹਾ ਕਿ ਕੀ ਕੀਤਾ ਜਾਏ, ਸੱਭ ਨੂੰ ਆਪੋ ਆਪਣੀ ਲੱਗੀ ਹੋਈ ਹੈ। ਪੂਰੀ ਦੁਨੀਆਂ ਠੱਪ ਹੋ ਕੇ ਰਹਿ ਗਈ ਹੈ,ਜਿਵੇਂ ਰੁੱਕ ਜਿਹੀ ਗਈ ਹੈ, ਕੋਰੋਨਾ ਵਾਇਰਸ ਦਾ ਖਤਰਾ ਬਹੁਤ ਜਿਆਦਾ ਵੱਧਦਾ ਜਾ ਰਿਹਾ ਹੈ। ਸਾਰੇ ਉਪਾਇ ਫੇਲ ਸਾਬਤ ਹੋ ਰਹੇ ਹਨ।ਦੁਨੀਆਂ ਵਿਚ ਜਿੰਨੀਆਂ ਵੀ ਮਹਾਸ਼ਕਤੀ ਹਨ ਹੱਥ ਖੜੇ ਕਰ ਖੜੀਆਂ ਹਨ।ਸਿਹਤ ਸੇਵਾਵਾਂ ਡਗਮਗਾ ਰਹੀ ਹਨ, ਸਮਾਜਿਕ ਅਰਥ ਵਿਵਸਥਾ ਬਹੁਤ ਤੇਜੀ ਨਾਲ ਮੰਦੀ ਵਲ ਵੱਧ ਰਹੀ ਹੈ। ਅਗਲੇ ਕੁਝ ਹਫਤਿਆਂ ਵਿਚ ਲੋਕ ਤੇ ਸਰਕਾਰਾਂ ਕਿਸ ਤਰਾਂ੍ਹ ਦੇ ਵੀ ਫੈਸਲੇ ਲੈਣਗੀਆਂ, ਇਹ ਤਾਂ ਸ਼ਾਇਦ ਉਹੀ ਜਾਣਦੇ ਹਨ ਪਰ ਸਰਕਾਰਾਂ ਸ਼ਾਇਦ ਇਹ ਤਹਿ ਕਰਨਗੀਆਂ ਕਿ ਆਉਣ ਵਾਲੇ ਸਮ੍ਹੇਂ ਅੰਦਰ ਸਾਡੇ ਦੇਸ਼ ਦੀ ਤਸਵੀਰ ਕਿਸ ਤਰ੍ਹਾਂ ਦੀ ਹੋਵੇਗੀ।

ਵਿਸ਼ਵ ਸਿਹਤ ਵਿਭਾਗ ਇਸ ਬੀਮਾਰੀ ਨੂੰ ਪਹਿਲਾਂ ਹੀ ਮਹਾਂਮਾਰੀ ਐਲਾਨ ਚੁੱਕਾ ਹੈ।ਵੈਸੇ ਸਾਡਾ ਦੇਸ਼ ਹਰ ਕੰਮ ਵਿਚ ਬਹੁਤਿਆਂ ਦੇਸ਼ਾਂ ਵਿਚੋ ਅੱਗੇ ਹੈ ਪਰ ਇਸ ਬੀਮਾਰੀ ਦੀ ਦਵਾਈ ਅਸੀ ਅਜੇ ਤੱਕ ਨਹੀ ਬਣਾ ਸਕੇ।ਇਸ ਨੇ ਪੂੰਜੀਪਤੀ ਸਿਹਤ ਵਿਵਸਥਾ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ।ਦੁਨੀਆਂ ਦੀਆਂ ਸਾਰੀਆਂ ਸਿਹਤ ਸੇਵਾਵਾਂ ਇਸ ਨਾਮੁਰਾਦ ਬੀਮਾਰ ਅੱਗੇ ਫੇਲ ਹੋ ਰਹੀਆਂ ਹਨ।ਇਸ ਮਹਾਮਾਰੀ ਦਾ ਪ੍ਰਕੋਪ ਸਾਰੀ ਦੁਨੀਆ ਵਿਚ ਹੀ ਹੈ ਇਸ ਕਰਕੇ ਸਾਰੇ ਦੇਸ਼ਾਂ ਨੂੰ ਇਕੱਠੇ ਹੋ ਕੇ ਇਸ ਦੇ ਵਿਰੁਧ ਲੜਾਈ ਲੜਣੀ ਚਾਹੀਦੀ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਕੱਲਾ-ਇਕੱਲਾ ਦੇਸ਼ ਆਪਣੀ-ਆਪਣੀ ਲੜਾਈ ਲੜਣ ਲਈ ਮਜ਼ਬੂਰ ਹੈ। ਇਸ ਦੁੱਖ ਦੀ ਘੜੀ ਵਿਚ ਆਪਸੀ-ਤਾਲ-ਮੇਲ ਦੀ ਘਾਟ ਬਹੁਤ ਮਹਿਸੂਸ ਹੋ ਰਹੀ ਹੈ, ਇਸ ਮਾਮਲੇ ਵਿਚ ਟਰੰਪ ਦੇ ਆਉਣ ਤੋਂ ਬਾਅਦ ਅਮਰੀਕਾ ਵੀ ਸ਼ਾਂਤ ਹੋ ਗਿਆ ਹੈ। ਭਾਰਤ ਵੀ ਨਾਜੁਕ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ।ਕੋਰੋਨਾ ਦੇ ਲੱਛਣਾਂ ਦੀ ਚੇਨ ਨੂੰ ਤੋੜਣ ਦੇ ਲਈ ਭਾਰਤ ਵਲੋਂ 21 ਦਿਨ ਲਈ ਲੌਕ ਡਾਉਨ ਕੀਤਾ ਗਿਆ ਹੈ ਜੋ ਕਿ ਇਕ ਬਹੁਤ ਵੱਡਾ ਤੇ ਜੋਖਿਮ ਭਰਿਆ ਕਦਮ ਹੈ।

ਭਾਰਤ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਦਾ ਸਭ ਤੋਂ ਪਹਿਲਾ ਮਾਮਲਾ 30 ਜਨਵਰੀ ਨੂੰ ਕੇਰਲ ਵਿਚ ਮਿਲਿਆ ਸੀ।ਹੁਣ ਇਹ ਮਹਾਮਾਰੀ ਰੂਪੀ ਵਾਇਰਸ ਪੂਰੇ ਦੇਸ਼ ਦੇ ਸਾਰੇ ਸੂਬਿਆਂ ਵਿਚ ਫੈਲ ਚੁੱਕਾ ਹੈ।ਭਾਰਤ ਲਈ ਸਭ ਤੋਂ ਵੱਡੀ ਚਨੌਤੀ ਇਹ ਹੈ ਕਿ ਕਿਸੇ ਨੂੰ ਵੀ ਇਹ ਨਹੀ ਸਹੀ ਪਤਾ ਕਿ ਕੋਰੋਨਾ ਵਾਇਰਸ ਨਾਲ ਕਿੰਨੇ ਲੋਕ ਪੀੜਤ ਹੋਏ ਹਨ ਜੋ ਖਬਰਾਂ ਵਾਲੇ ਦੱਸਦੇ ਹਨ ਉਹਨਾਂ ਤੇ ਹੀ ਵਿਸ਼ਵਾਸ਼ ਅਸੀ ਕਰੀ ਜਾ ਰਹੇ ਹਾਂ, ਕਿਉਕਿ ਸਾਡਾ ਦੇਸ਼ ਕੋਰੋਨਾ ਦੀ ਜਾਂਚ ਕਰਨ ਤੋਂ ਬਹੁਤ ਪਿੱਛੇ ਚਲ ਰਿਹਾ ਹੈ।ਸਿਹਤ ਵਿਭਾਗ ਵਲੋ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਇਕ ਬਹੁਤ ਵੱਡੀ ਅਬਾਦੀ ਵਾਲਾ ਦੇਸ਼ ਹੈ।ਅੱਜ ਸਾਡਾ ਦੇਸ਼ ਵੱਡੀ ਅਬਾਦੀ ਵਿਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਦੀਆਂ ਚਨੌਤੀਆਂ ਲਈ ਜਦੋ-ਜਹਿਦ ਕਰ ਰਿਹਾ ਹੈ। ਦਰਅਸਲ ਅਸੀ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕੀਤੀਆਂ।ਇਕ ਗੱਲ ਇਹ ਵੀ ਹੈ ਕਿ ਦੂਸਰੇ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਦੀ ਸਥਿਤੀ ਕੁਝ ਅਲੱਗ ਹੈ ਕਿਉਕਿ ਸੰਘਣੀ ਤੇ ਬਹੁਤ ਵੱਡੀ ਅਬਾਦੀ, ਵੰਡਿਆਂ ਹੋਇਆ ਸਮਾਜ, ਘੱਟ ਸਾਧਨ, ਆਰਥਿਕ ਵਿਵਸਥਾ, ਗਰੀਬੀ ਕੁਪੋਸ਼ਣ, ਘੱਟ ਸਹੂਲਤਾਂ ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਹੋਰ ਵੀ ਅੜਚਣ ਬਣ ਰਹੀਆਂ ਹਨ। ਜੋ ਕਿ ਸਾਨੂੰ ਅੱਗੇ-ਅੱਗੇ ਹੋਰ ਵੀ ਪ੍ਰੇਸ਼ਾਨ ਕਰ ਸਕਦਾ ਹੈ।

20 ਮਾਰਚ ਨੂੰ ਇੰਡੀਅਨ ਐਕਸਪ੍ਰੈਸ ਅਖਬਾਰ ਵਿਚ ਇਕ ਖਬਰ ਛਪੀ ਸੀ, ਜਿਸ ਵਿਚ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਅੰਕੜਿਆਂ ਦੇ ਅਧਾਰ ਤੇ ਦੱਸਿਆ ਗਿਆ ਸੀ ਕਿ 17 ਮਾਰਚ ਦੀ ਸਥਿਤੀ ਤੱਕ ਸਾਡੇ ਦੇਸ਼ ਵਿਚ 84000 ਲੋਕਾਂ ਪਿੱਛੇ ਇਕ ਅਇਸੋਲੇਸ਼ਨ ਬੈਡ ਹੈ ਅਤੇ 36000 ਲੋਕਾਂ ਪਿੱਛੇ ਇਕ ਕਵਾਰੰਟਾਇਨ ਬੈਡ ਹੈ।ਦੇਸ਼ ਵਿਚ ਸਿਹਤ ਸੇਵਾਵਾਂ ਦੀ ਏਨੀ ਮਾੜੀ ਹਾਲਤ ਹੈ ਕਿ 11600 ਲੋਕਾਂ ਪਿੱਛੇ ਸਿਰਫ ਇਕ ਡਾਕਟਰ ਹੈ ਅਤੇ 1826 ਭਾਰਤੀ ਲੋਕਾਂ ਪਿੱਛੇ ਹਸਪਤਾਲ ਵਿਚ ਇਕ ਬੈਡ ਹੈ।ਭਾਰਤ ਸਰਕਾਰ ਦੀ ਇਕ ਸਿਹਤ ਵਿਭਾਗ ਦੇ ਸਾਬਕਾ ਡਾਇਰੈਕਟਰ ਸੁਜਾਤਾ ਰਾਓ ਦਾ ਕਹਿਣਾ ਹੈ ਕਿ ਭਾਰਤ ਇਸ ਭਿਆਨਕ ਮਹਾਮਾਰੀ ਦਾ ਮੁਕਾਬਲਾ ਕਰਨ ਦੇ ਹਲਾਤਾਂ ਵਿਚ ਨਹੀ ਹੈ।ਖਾਸਤੌਰ ਤੇ ਉਤਰ ਭਾਰਤ ਦੇ ਸੂਬਿਆਂ ਦੀ ਹਾਲਤ ਕੁਝ ਜਿਆਦਾ ਪਤਲੀ ਹੈ,ਕਿਉਕਿ ਉਹ ਸੂਬੇ ਸਮਾਜਿਕ ਤੌਰ ਪੱਖੋਂ ਅਤੇ ਆਰਥਿਕ ਪੱਖੋ ਬਹੁਤ ਕਮਜੋਰ ਹਨ ਜੇਕਰ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ਤੇਜੀ ਨਾਲ ਵੱਧਦੀ ਹੈ ਤਾਂ ਉਹ ਸੂਬੇ ਸੰਭਾਲਣ ਦੇ ਹਲਾਤਾਂ ਵਿਚ ਨਹੀ ਹੈ।

ਅੱਜ ਭਾਰਤ ਨੂੰ ਦੋਹਰੀ ਚਨੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਰਥਸ਼ਾਸ਼ਤਰੀ ਜਹਾਂ ਦ੍ਰੇਜ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੇ ਸਾਡੇ ਦੇਸ਼ ਵਿਚ ਸਿਹਤ ਸੰਭਾਲ ਦੇ ਨਾਲ-ਨਾਲ ਆਰਥਿਕ ਮੰਦੀ ਵੀ ਪੈਦਾ ਕਰ ਦਿੱਤੀ ਹੈ ਅਤੇ ਇਹਨਾਂ ਦੋਹਾਂ ਹੀ ਮੋਰਚਿਆਂ ਤੇ ਭਾਰਤ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ।ਭਾਰਤ ਵਲੋਂ ਅਚਾਨਕ ਕੀਤੇ ਗਏ ਲੰਬੇ ਲੌਕਡਾਊਨ ਦੇ ਨਾਲ ਦੇਸ਼ ਦੇ ਸਾਹਮਣੇ ਨਵੀਆਂ ਚਨੌਤੀਆਂ ਆ ਸਕਦੀਆਂ ਹਨ।ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਭੁੱਖ ਅਤੇ ਕੁਪੋਸ਼ਣ ਕਰਕੇ ਦੇਸ਼ ਦੀ ਹਾਲਤ ਪਹਿਲਾਂ ਤੋਂ ਹੀ ਮਾੜੀ ਹੈ।ਸੰਨ 2019 ਵਿਚ ਵਿਸ਼ਵ ਭੁੱਖ ਅੰਕੜਿਆਂ ਦੀ ਸੂਚੀ ਵਿਚ ਸ਼ਾਮਲ 197 ਦੇਸਾਂ ਵਿਚੋ ਭਾਰਤ ਪਹਿਲਾਂ ਹੀ 102 ਨੰਬਰ ਵਾਲੇ ਸਥਾਨ ਤੇ ਰੱਖਿਆ ਗਿਆ ਹੈ।ਇਸ ਤਰ੍ਹਾਂ ਨਾਲ ਗਲੋਬਲ ਨਿਊਟ੍ਰਿਸ਼ਨ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਭਾਰਤ ਕੁਪੋਸ਼ਣ ਬੱਚਿਆ ਦੇ ਮਾਮਲੇ ਵਿਚ ਪਹਿਲਾਂ ਦੇਸ਼ ਹੈ।ਸਾਡੇ ਦੇਸ਼ ਦੀ 90% ਅਬਾਦੀ ਲੇਬਰ ਦਾ ਕੰਮ ਕਰਦੀ ਹੈ ਜੋ ਕਿ ਰੋਜ ਦੀ ਰੋਜ ਕਮਾਉਦੇ ਹਨ ਤੇ ਰੋਜ ਦੀ ਰੋਜ ਹੀ ਖਾਂਦੇ ਹਨ।ਲੰਬੇ ਲੌਕਡਾਊਨ ਦੀ ਸਥਿਤੀ ਵਿਚ ਸਮਝ ਸਕਦੇ ਹੋ ਕਿ ਦੇਸ਼ ਦਾ ਗਰੀਬ ਤੇ ਮਜਦੂਰ ਤਬਕਾ ਜਿੰਨਾਂ ਦੀ ਦੇਸ਼ ਵਿਚ ਵੱਡੀ ਗਿਣਤੀ ਹੈ ਕਿਵੇ ਆਪਣੇ ਖਾਣੇ ਪੀਣੇ ਵਰਗੀਆਂ ਬੁਨਿਆਦੀ ਜਰੂਰਤਾਂ ਦਾ ਪ੍ਰਬੰਧ ਕਰਨਗੇ?

ਇਸ ਕੋਰੋਨਾ ਵਾਇਰਸ ਮਹਾਮਾਰੀ ਬਿਮਾਰੀ ਨੂੰ ਲੈ ਕੇ ਸਮਾਜ ਤੇ ਸਰਕਾਰ ਦੀ ਪ੍ਰਤੀਕਿਰਿਆ ਬਹੁਤ ਹੀ ਨਿਰਾਸ਼ਾਂ-ਜਨਕ ਹੈ।ਇਸ ਮਹਾਮਾਰੀ ਦੇ ਆਉਣ ਤੋਂ ਤਕਰੀਬਨ ਡੇੜ ਮਹੀਨੇ ਬਾਅਦ ਤੱਕ ਸਰਕਾਰੀ ਤੌਰ ਤੇ ਗੰਭੀਰਤਾ ਦੇਖਣ ਨੂੰ ਨਹੀ ਮਿਲੀ, ਲੌਕਡਾਊਨ ਵੀ ਬਹੁਤ ਦਿਨ ਬਾਅਦ ਕੀਤਾ ਗਿਆ। ਇਸ ਤੋਂ ਪਹਿਲਾਂ ਦੇਸ਼ ਵਿਚ ਸੱਭ ਕੁਝ ਠੀਕ-ਠਾਕ ਚਲ ਰਿਹਾ ਸੀ।ਅਜੇ ਵੀ ਸਾਡੀਆਂ ਸਰਕਾਰਾਂ ਦੇ ਕੋਲ ਕੋਰੋਨਾ ਵਾਇਰਸ ਦੀ ਦਵਾਈ ਨਹੀ ਹੈ,ਅਤੇ ਨਾ ਹੀ ਇਸ ਤੋਂ ਬਾਅਦ ਦੀ ਸਥਿਤੀ ਨੂੰ ਸੰਭਾਲਣ ਦੇ ਲਈ ਕੋਈ ਰਣਨੀਤੀ ਬਣੀ ਹੈ।ਸਭ-ਕੁਝ ਲੌਕਡਾਊਨ ਦੇ ਭਰੋਸੇ ਹੀ ਚਲ ਰਿਹਾ ਹੈ।ਵਿਸ਼ਵ ਸਿਹਤ ਵਿਭਾਗ ਵਲੋ ਕੋਰੋਨਾ ਵਾਇਰਸ ਦੀ ਜਾਂਚ ਅਤੇ ਕੋਰੋਨਾ ਵਾਇਰਸ ਦੀ ਪਛਾਣ ਤੇ ਬਹੁਤ ਜੋਰ ਦਿੱਤਾ ਜਾ ਰਿਹਾ ਹੈ,ਪਰ ਸਾਡੀ ਹਾਲਤ ਇਹ ਹੈ ਕਿ ਸਾਡੇ ਦੇਸ਼ ਵਿਚ ਕੋਰੋਨਾ ਵਾਇਰਸ ਜਾਂਚ ਦੇ ਲਈ 130 ਕਰੋੜ ਵਾਲੀ ਅਬਾਦੀ ਵਾਸਤੇ ਸਿਰਫ ਸਵਾ ਸੌ ਜਾਂਚ ਕੇਂਦਰ ਹੀ ਹਨ, ਏਥੌ ਤੱਕ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਕੋਲ ਵੀ ਸਮੱਗਰੀ ਪੂਰੀ ਕਰਨ ਵਿਚ ਦੇਰੀ ਹੋ ਰਹੀ ਹੈ।ਜਦ ਕਿ ਇਹ ਸੱਭ ਤਿਆਰੀਆਂ ਪਹਿਲਾਂ ਤੋਂ ਹੀ ਹੋ ਜਾਣੀਆਂ ਚਾਹੀਦੀਆਂ ਸਨ।

ਕੁਝ ਲੋਕਾਂ ਵਲੋਂ ਇਸ ਦੇ ਇਲਾਜ ਦੇ ਲਈ ਤਰ੍ਹਾ-ਤਰ੍ਹਾਂ ਦੀਆਂ ਅਫਵਾਹਾਂ,ਸਲਾਹਾਂ ਦਿੱਤੀਆਂ ਗਈ,ਕਿਸੇ ਵਲੋਂ ਕਿਹਾ ਗਿਆ ਕਿ ਗਊ-ਮੂਤਰ ਪੀਣ ਨਾਲ ਇਸ ਕੋਰੋਨਾ ਵਾਇਰਸ ਦਾ ਇਲਾਜ ਹੋ ਸਕਦਾ ਹੈ,ਕੁਝ ਜਿੰਮੇਵਾਰ ਬੰਦਿਆਂ ਵਲੋਂ ਵੀ ਕਿਹਾ ਗਿਆ ਕਿ 15 ਮਿੰਟ ਧੁੱਪ ਵਿਚ ਬੈਠਣ ਨਾਲ ਇਸ ਕੋਰੋਨਾ ਵਾਇਰਸ ਦਾ ਖਾਤਮਾ ਹੋ ਸਕਦਾ ਹੈ। ਜਨਤਾ ਕਰਫਿਊ ਦੇ ਦੌਰਾਨ 5 ਵਜ੍ਹੇ ਤਾੜੀ,ਥਾਲੀ ਅਤੇ ਘੰਟੀ ਵਜਾਉਣ ਦੇ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕੋਰੋਨਾ ਵਾਇਰਸ ਦੇ ਕੀਟਾਣੂਆਂ ਦੀ ਲੜੀ ਟੁੱਟ ਜਾਏਗੀ।ਕੋਰੋਨਾ ਵਾਇਰਸ ਸਾਡੇ ਤੋਂ ਕੋਹਾਂ ਦੂਰ ਚਲਾ ਜਾਵੇਗਾ।ਇਕ ਪੱਤਰਕਾਰ ਨੇ ਏਥੋਂ ਤੱਕ ਲਿਖ ਦਿੱਤਾ ਹੈ ਕਿ ਭਲੇ ਹੀ 21 ਦਿਨ ਦੇ ਲਈ ਭਾਰਤ ਲੌਕਡਾਊਨ ਵਿਚ ਚਲੇ ਗਿਆ ਹੈ ਪਰ ਕੋਰੋਨਾ ਵਾਇਰਸ ਦੀ ਸਥਿਤੀ ਜਿਊ ਦੀ ਤਿਊ ਖੜੀ ਹੈ ਫਿਲਹਲ ਕੋਰੋਨਾ ਵਾਇਰਸ ਭਾਰਤ ਵਿਚ ਲੁਕਿਆ ਹੋਇਆ ਹੈ ਅਤੇ ਇਹ ਕੋਰੋਨਾ ਵਾਇਰਸ ਉਦੋਂ ਤੱਕ ਛੁੱਪਿਆ ਰਹੇਗਾ ਜਦੋਂ ਤੱਕ 10 ਲੱਖ ਅਬਾਦੀ ਪਿੱਛੇ ਤਿੰਨ ਹਜਾਰ ਟੈਸਟ ਨਹੀ ਹੋ ਜਾਦੇ।

ਕੋਰੋਨਾ ਵਾਇਰਸ ਦੀ ਇਸ ਭਿਆਨਕ ਮਹਾਮਾਰੀ ਨੂੰ ਸਮਝਣ ਵਿਚ ਭਾਵੇਂ ਸਾਡੇ ਕੋਲੋ ਦੇਰੀ ਹੋਈ ਹੈ ਪਰ ਹੁਣ ਸਿਹਤ ਵਿਭਾਗ ਵਲੋ ਇਸ ਦੀ ਰੋਕਥਾਮ ਦੇ ਲਈ ਆਪਣੇ ਵਲੋਂ ਪੂਰਾ ਜੋਰ ਲਾਇਆ ਜਾ ਰਿਹਾ ਹੈ।ਇਸ ਦੀ ਰੋਕਥਾਮ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ,ਸਰਕਾਰ ਵਲੋਂ ਕਈ ਠੋਸ ਲਦਮ ਉਠਾਏ ਜਾ ਰਹੇ ਹਨ। ਭਾਵੇਂ ਅਜੇ ਵੀ ਅਸੀ ਲੌਕਡਾਊਨ ਉਤੇ ਹੀ ਨਿਗਾਹ ਟਿਕਾਈ ਬੈਠੇ ਹਾਂ।ਜਦ ਕਿ ਇਸ ਤੋਂ ਵੀ ਠੋਸ ਕਦਮ ਉਠਾਉਣ ਦੀ ਜਰੂਰਤ ਹੈ,ਲੋਕਡਾਊਨ ਤੋਂ ਬਾਅਦ ਦੀ ਸਥਿਤੀ ਵਿਚ ਇਹ ਕੋਰੋਨਾ ਵਾਇਰਸ ਨਾ ਫੈਲੇ ਇਸ ਬਾਰੇ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।ਇਹਦੇ ਵਾਸਤੇ ਜਾਂਚ ਕੇਂਦਰ ਵਧਾਏ ਜਾਣਬਹੁਤ ਜਰੂਰਤ ਹੈ,ਜਾਂਚ ਦੀ ਰਫਤਾਰ ਹੋਰ ਤੇਜ ਕੀਤੀ ਜਾਣੀ ਚਾਹੀਦੀ ਹੈ,ਸਾਨੂੰ ਆਪਣੇ ਆਪ ਨੂੰ ਆਪਣੇ-ਆਪਣੇ ਘਰਾਂ ਵਿਚ ਰਹਿ ਕੇ ਇਸ ਵਾਇਰਸ ਦੀ ਲੜੀ ਨੂੰ ਤੋੜਣਾ ਅਹਿਮ ਮੁੱਦਾ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਮਜਦੂਰ ਭਰਾ ਗਰੀਬ ਰੋਜ ਦੀ ਰੋਜ ਕਮਾ ਕੇ ਖਾਣ ਵਾਲੇ ਹਨ ਉਹਨਾਂ ਦੇ ਰਾਸ਼ਨ ਦਾ, ਉਹਨਾਂ ਦੀਆਂ ਦਵਾਈਆਂ ਦਾ ਪ੍ਰਬੰਧ ਕਰੇ,ਤਾਂ ਕਿ ਗਰੀਬ ਆਦਮੀ ਕਿਤੇ ਭੁੱਖਾ ਹੀ ਨਾ ਮਰ ਜਾਏ। ਇਸ ਮੁਸ਼ਕਲ ਦੀ ਗੜੀ ਵਿਚੋਂ ਬਾਹਰ ਆਉਣ ਤੋਂ ਬਾਅਦ ਜੋ ਸਥਿਤੀ ਬਣਨ ਵਾਲੀ ਹੈ ਉਹਦੇ ਲਈ ਹੁਣ ਤੋਂ ਹੀ ਸਾਨੂੰ ਤਿਆਰੀ ਕਰ ਲੈਣੀ ਚਾਹੀਦੀ ਹੈ।

ਪੇਸ਼ਕਸ਼:-ਅਮਰਜਤਿ ਚੰਦਰ ਲੁਧਿਆਣਾ 9417600014