ਕੋਰੋਨਾ ਦੇ ਕਾਰਨ ਲੋਕ ਮਨਾਂ ਚ ਵਧ ਰਹੇ ਸ਼ੰਕੇ ਨਵਿਰਤ ਕਰਨ ਦੀ ਲੋੜ !

Prof. S S Dhillon

(ਸਮਾਜ ਵੀਕਲੀ)

ਕੋਰੋਨਾ ਮਹਾਂਮਾਰੀ ਚੱਲਦਿਆਂ ਹੁਣ ਲਗਭਗ ਡੇਢ ਕੁ ਸਾਲ ਹੋਣ ਵਾਲਾ ਹੈ, ਪਰ ਇਸ ਦੀਆਂ ਲਹਿਰਾਂ ਦਾ ਉਤਰਾਅ ਚੜ੍ਹਾਅ ਥੱਮ੍ਹਣ ਦਾ ਨਾਮ ਨਹੀਂ ਲੈ ਰਿਹਾ । ਸੰਮੁਦਰ ਦੀਆ ਲਹਿਰਾਂ ਵਾਂਗ ਇਹ ਮਹਾਂਮਾਰੀ ਵੀ ਕਦੀ ਘਟਦੀ ਹੈ ਤੇ ਕਦੀ ਵਧਦੀ ਹੈ, ਕਈ ਵਾਰ ਤਾਂ ਇੰਜ ਲੱਗਣ ਲਗਦਾ ਹੈ ਕਿ ਹੁਣ ਹਾਲਾਤ ਮੁੜ ਤੋਂ ਜਲਦੀ ਹੀ ਆਮ ਵਰਗੇ ਹੋ ਜਾਣਗੇ ਜਦ ਕਿ ਕਈ ਵਾਰ ਇੰਜ ਲਗਦਾ ਹੈ ਕਿ ਹੁਣ ਹਾਲਾਤਾਂ ਦਾ ਮੁੜ ਤੋਂ ਆਮ ਵਰਗਾ ਹੋ ਸਕਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਮਹਾਂਮਾਰੀ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ , ਇਸ ਦੇ ਰੁਖ ਢੰਗ ਨੇ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਵ ਲਿਆਂਦਾ ਹੈ ਤੇ ਸਾਨੂੰ ਇਸ ਬੀਮਾਰੀ ਤੋਂ ਬਚਣ ਵਾਸਤੇ ਸਿਹਤ ਮਾਹਿਰਾਂ ਦੁਆਰਾ ਦੱਸੇ ਗਏ ਸੁਝਾਅ ਮੰਨਕੇ ਹੀ ਚੱਲਣਾ ਪਵੇਗਾ । ਏਹੀ ਕਾਰਨ ਹੈ ਕਿ ਬਹੁਤੇ ਲੋਕਾਂ ਨੇ ਆਪਣੇ ਜੀਵਨ ਢੰਗ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਣ ਵਾਸਤੇ ਲੋੜੀਂਦੀਆਂ ਸੋਧਾਂ ਵੀ ਕਰ ਲਈਆਂ ਹਨ ਜਦ ਕਿ ਬਹੁਤੇ ਅਜਿਹੇ ਵੀ ਹਨ ਜੋ ਇਸ ਮਹਾਂਮਾਰੀ ਤੋਂ ਨਾਬਰ ਹੋ ਕੇ ਬੇਪ੍ਰਵਾਹ ਵਿਚਰ ਰਹੇ ਹਨ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਲੋਕ ਇਸ ਕਥਿਤ ਖਤਰਨਾਕ ਬੀਮਾਰੀ ਪ੍ਰਤੀ ਲਾ ਪਰਵਾਹੀ ਕਿਓਂ ਵਰਤਦੇ ਹਨ ?

ਇਸ ਸਵਾਲ ਦਾ ਉਤਰ ਬਹੁ ਪਰਤੀ ਹੈ । ਪਹਿਲੀ ਗੱਲ ਤਾਂ ਇਹ ਹੈ ਕਿ ਕੋਰੋਨਾ ਦੁਨੀਆ ਦੀ ਇਕ ਸਭ ਤੋਂ ਭਿਆਨਕ ਤੇ ਲੰਮੀ ਚੱਲਣ ਵਾਲੀ ਮਹਾਂਮਾਰੀ ਹੈ । ਇਸ ਮਹਾਂਮਾਰੀ ਨੇ ਹੁਣ ਤੱਕ ਕਰੋੜਾਂ ਕੀਮਤੀ ਜਾਨਾਂ ਦੀ ਬਲੀ ਲਈ ਹੈ, ਪਰ ਇਹ ਵੀ ਸੱਚ ਹੈ ਕਿ ਇਸ ਬੀਮਾਰੀ ਨਾਲ ਬਹੁਤੀਆਂ ਮੌਤਾਂ ਹਸਪਤਾਲਾਂ ਚ ਹੀ ਹੋਈਆ ਹਨ । ਅਜੇ ਤੱਕ ਇਕ ਵੀ ਮੌਤ ਗਲੀ, ਮਹੱਲੇ, ਘਰ ਜਾਂ ਰਾਹ ਰਸਤੇ ਚ ਹੋਈ ਨਹੀਂ ਸੁਣੀ ਜਿਸ ਕਰਕੇ ਲੋਕਾਂ ਦੇ ਮਨਾਂ ਚ ਸ਼ੰਕਾ ਹੈ ਕਿ ਇਸ ਬੀਮਾਰੀ ਨਾਲ ਲੋਕ ਹਸਪਤਾਲਾਂ ਚ ਜਾ ਕੇ ਹੀ ਕਿਓਂ ਮਰਦੇ ਹਨ ?

ਦੂਜੀ ਗੱਲ ਇਹ ਹੈ ਕਿ ਕੋਰੋਨਾ ਜਾਨਵਰਾਂ ਨੂੰ ਵੀ ਹੁੰਦਾ ਹੈ । ਜੇਕਰ ਇਸ ਬੀਮਾਰੀ ਨਾਲ ਹੋਈਆ ਮਨੁੱਖੀ ਦਾ ਹਿਸਾਬ ਕਿਤਾਬ ਰੱਖਿਆ ਜਾ ਸਕਦਾ ਹੈ ਤੇ ਰੋਜ਼ਾਨਾ ਅੰਕੜੇ ਨਸ਼ਰ ਕੀਤੇ ਜਾ ਸਕਦੇ ਹਨ ਤਾਂ ਫਿਰ ਬਾਕੀ ਜੀਵ ਜੰਤੂਆਂ ਤੇ ਪਸ਼ੂ ਪੰਛੀਆ ਦਾਕਿਓਂ ਨਹੀਂ । ਇਸ ਤੋਂ ਵੀ ਲੋਕ ਮਨਾਂ ਚ ਸ਼ੰਕਾ ਪੈਦਾ ਹੁੰਦਾ ਹੈ ਕਿ ਅਸਲ ਮਾਜਰਾ ਕੀ ਹੈ ।

ਇਸ ਬੀਮਾਰੀ ਦੇ ਇਲਾਜ ਵਾਸਤੇ ਟੀਕੇ ਦੀ ਖੋਜ ਦਾ ਸਮਾਂ ਆਪਣੇ ਆਪ ਵਿੱਚ ਬਹੁਤ ਵੱਡਾ ਸ਼ੰਕਾ ਪੈਦਾ ਕਰਦਾ ਹੈ । ਆਮ ਤੌਰ ‘ਤੇ ਕਿਸੇ ਵੀ ਬੀਮਾਰੀ ਦੇ ਇਲਾਜ ਵਾਸਤੇ ਕੀਤੀ ਜਾਣ ਵਾਲੀ ਖੋਜ ‘ਤੇ ਪੰਜ ਤੋਂ ਸਾਢੇ ਛੇ ਕੁ ਸਾਲ ਦਾ ਸਮਾਂ ਲਗਦਾ ਹੈ ਜਿਸ ਦੋਰਾਨ ਟ੍ਰਾਇਲ ਕੀਤੇ ਜਾਂਦੇ ਹਨ , ਵੱਖ ਵੱਖ ਬਲੱਡ ਗਰੁੱਪਾਂ ਮੁਤਾਬਿਕ ਸਾਇਡ ਇਫੈਕਟ ਨੋਟ ਕੀਤੇ ਜਾਂਦੇ ਹਨ ਜਿਹਨਾਂ ਵਾਸਤੇ ਕਈ ਕਈ ਮਹੀਨੇ ਲੱਗ ਜਾਂਦੇ ਹਨ ਕਿਉਂਕਿ ਸਾਇਡ ਇਫੈਕਟ ਕਈ ਵਾਰ ਤਾਂ ਬਹੁਤ ਜਲਦੀ ਸਾਹਮਣੇ ਆ ਜਾਂਦੇ ਹਨ, ਪਰ ਕਈ ਵਾਰ ਦਵਾਈਆਂ ਦੇ ਸਾਇਡ ਇਫੈਕਟ ਕਈ ਕਈ ਮਹੀਨਿਆਂ ਬਾਅਦ ਸਾਹਮਣੇ ਆਉਂਦੇ ਹਨ, ਪਰ ਕੋਰੋਨਾ ਦੀ ਰੋਕਥਾਮ ਵਾਸਤੇ ਜਿਸ ਤੇਜ਼ੀ ਤੇ ਫੁਰਤੀ ਨਾਲ ਟੀਕੇ ਤਿਆਰ ਕੀਤੇ ਗਏ ਹਨ, ਇਹ ਆਪਣੇ ਆਪ ਚ ਹੀ ਬਹੁਤ ਵੱਡਾ ਸਵਾਲ ਹਨ ਜੋ ਲੋਕ ਮਨਾਂ ਚ ਕਿੰਤੂ ਪੈਦਾ ਕਰਦਾ ਹੈ ।

ਮਹਾਂਮਾਰੀ ਦੀ ਰੋਕਥਾਮ ਵਾਸਤੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਚ ਜੰਗੀ ਪੱਧਰ ‘ਤੇ ਟੀਕਾਕਰਨ ਕੀਤਾ ਜਾ ਰਿਹਾ ਹੈ, ਪਰ ਇਸ ਦੇ ਨਾਲ ਹੀ ਸਿਹਤ ਮਾਹਿਰਾਂ ਤੇ ਸਰਕਾਰਾਂ ਵੱਲੋਂ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਟੀਕਾ ਲਗਵਾਉਣ ਦਾ ਮਤਲਬ ਇਹ ਨਹੀਂ ਕਿ ਦੁਬਾਰਾ ਕੋਰੋਨਾ ਨਹੀਂ ਹੋਵੇਗਾ, ਸਗੋਂ ਟੀਕਾ ਲਗਵਾਉਣ ਤੋ ਬਾਅਦ ਵੀ ਉਹ ਸਭ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹੋਣਗੀਆਂ ਜਿਹੜੀਆਂ ਟੀਕਾਕਰਨ ਤੋ ਪਹਿਲਾਂ ਵਰਤੀਆਂ ਜਾਂਦੀਆਂ ਸਨ । ਹੁਣ ਸਵਾਲ ਇਹ ਉਠਦਾ ਹੈ ਕਿ ਜਿਸ ਦਵਾਈ ਨਾਲ ਬੀਮਾਰੀ ਦੀ ਰੋਕਥਾਮ ਨੂੰ ਕੋਈ ਫਰਕ ਹੀ ਨਹੀਂ ਪੈਣਾ ਤਾਂ ਫਿਰ ਉਹ ਦਵਾਈ ਦੇਣ ਜਾਂ ਲੈਣ ਦਾ ਕੀ ਫ਼ਾਇਦਾ ?

ਗੱਲ ਇੱਥੇ ਹੀ ਨਹੀਂ ਮੁੱਕ ਜਾਂਦੀ ਸਗੋਂ ਕੋਰੋਨਾ ਦੀ ਰੋਕਥਾਮ ਵਾਸਤੇ ਜੋ ਢੰਗ ਤਰੀਕੇ ਵਰਤੇ ਜਾ ਰਹੇ ਹਨ, ਸ਼ੰਕੇ ਉਹ ਵੀ ਬਹੁਤ ਪੈਦਾ ਕਰ ਰਹੇ ਹਨ, ਮਸਲਨ ਜੇਕਰ ਨੱਕ -ਮੂੰਹ ‘ਤੇ ਮਾਸਕ ਲਗਾਉਣ ਨਾਲ ਬੀਮਾਰੀ ਰੁਕ ਸਰਦੀ ਹੈ ਤਾਂ ਫਿਰ ਦੋ ਮੀਟਰ ਦੀ ਸਰੀਰਕ ਤੇ ਸਮਾਜਿਕ ਦੂਰੀ ਦਾ ਕੀ ਮਤਲਬ ? ਜੇਕਰ ਦੋ ਮੀਟਰ ਦੀ ਦੂਰੀ ਦਾ ਫ਼ਾਰਮੂਲਾ ਕੋਰੋਨਾ ਮਹਾਂਮਾਰੀ ਨੂੰ ਰੋਕਣ ਵਾਸਤੇ ਕਾਰਗਰ ਹੈ ਤਾਂ ਫਿਰ ਕਰਫਿਊ ਤੇ ਲੌਕਡੋਨ ਕਿਓਂ ? ਜੇਕਰ ਲੌਕ ਡਾਊਨ ਜਾਂ ਕਰਫਿਊ ਨਾਲ ਸਮੱਸਿਆ ਹੱਲ ਹੁੰਦੀ ਹੈ ਤਾਂ ਫਿਰ ਟੀਕਾ ਲਗਾਉਣ ਦੀ ਕੀ ਲੋੜ ਹੈ ? ਇਸ ਤੋ ਉਲਟ ਜੇਕਰ ਟੀਕਾ ਲਗਾਉਣ ਨਾਲ ਬੀਮਾਰੀ ਕਾਬੂ ਆ ਰਹੀ ਹੈ ਤਾਂ ਫਿਰ ਕਰਫਿਊ ਤੇ ਲੌਕਡਾਊਨ ਕਿਓਂ ਲਗਾਏ ਜਾ ਰਹੇ ਹਨ ? ਜੇਕਰ ਲੌਕਡਾਊਨ ਲੱਗਾ ਹੋਇਆ ਹੈ ਤਾਂ ਫਿਰ ਰੈਲੀਆ, ਕਾਨਫਰੰਸਾਂ, ਧਰਨੇ ਤੇ ਮੁਜ਼ਾਹਰੇ ਕਿਓਂ ? ਜਿੱਥੇ ਰੈਲੀਆਂ, ਧਰਨੇ ਤੇ ਕਾਨਫਰੰਸਾਂ ਹੋ ਰਹੀਆਂ ਹਨ ਤਾਂ ਫਿਰ ਉੱਥੇ ਕੋਰੋਨਾ ਗਾਇਬ ਕਿਓਂ ? ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਹਫ਼ਤੇ ਦੇ ਪੰਜ ਦਿਨ ਜਨਤਾ ਨੂੰ ਆਪਣੇ ਕੰਮ ਧੰਦੇ ਕਰਨ ਦੀ ਖੁੱਲ੍ਹ, ਪਰ ਸ਼ਨੀਵਾਰ ਤੇ ਐਤਵਾਰ ਘਰੋ ਬਾਹਰ ਨਾ ਨਿਕਲਣ ਦੇ ਸਰਕਾਰੀ ਹੁਕਮ, ਹਰ ਆਮ ਬੰਦੇ ਦੇ ਮਨ ਚ ਸ਼ੰਕਾ ਪੈਦਾ ਕਰਦੇ ਹਨ ਕਿ ਜਾਂ ਤਾਂ ਸਰਕਾਰਾਂ ਦੀ ਕੋਰੋਨਾ ਦੇ ਨਾਲ ਮਿਲੀ ਭੁਗਤ ਹੈ ਜਾਂ ਫੇਰ ਦਾਲ ਚ ਕੁੱਜ ਕਾਲਾ ਹੈ । ਦੁਕਾਨਾਂ ਨੂੰ ਸਵੇਰੇ 9 ਵਜੇ ਤੋ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਖੋਹਲਣ ਦੇ ਤੇ ਸ਼ਰਾਬ ਦੇ ਠੇਕੇ ਸਵੇਰੇ ਛੇ ਵਜੇ ਤੋ ਰਾਤ ਦੇ ਦੱਸ ਵਜੇ ਤੱਕ ਖੁੱਲੇ ਰੱਖਣ ਦੇ ਹੁਕਮ ਵੀ ਸਾਡੀ ਉਕਤ ਧਾਰਨਾ ਦੀ ਹੀ ਪੁਸ਼ਟੀ ਕਰਦੇ ਹਨ । ਮੰਤਰੀਗਣ, ਜਨਤਾ ਚ ਬਿਨਾ ਮਾਸਕ ਅਤੇ ਦੋ ਮੀਟਰ ਦੀ ਦੂਰੀ ਬਣਾਏ ਬਿਨਾ, ਸ਼ਰੇਆਮ ਫਿਰਨ ਤਾਂ ਕੋਈ ਖਤਰਾ ਨਹੀਂ, ਪਰ ਇਸ ਤਰਾਂ ਆਮ ਜਨਤਾ ਕਰੇ ਤਾਂ ਕੋਰੋਨਾ ਦੇ ਵਧਣ ਫੈਲਣ ਦਾ ਖਤਰਾ, ਇਹ ਦੋਹਰਾ ਮਾਪ-ਦੰਡ ਆਪਣੇ ਆਪ ਚ ਹੀ ਵੱਡਾ ਕਿੰਤੂ ਪੈਦਾ ਕਰਦਾ ਹੈ ।

ਲੋਕਾਂ ਚ ਇਕ ਚਰਚਾ ਇਹ ਵੀ ਹੈ ਕਿ Pfizer ਨਾਮ ਦੀ ਜਿਸ ਕੰਪਨੀ ਨੇ ਕੋਰੋਨਾ ਦਾ ਟੀਕਾ ਬਣਾਇਆ ਹੈ, ਇਹ ਓਹੀ ਕੰਪਨੀ ਹੈ ਜਿਸ ਨੇ ਨਾਮਰਦੀ ਦਾ ਇਲਾਜ ਕਰਨ ਵਾਸਤੇ viagra ਦੀ ਗੋਲੀ ਬਣਾਈ ਹੈ । ਇਸ ਕਰਕੇ ਬਹੁਤੇ ਲੋਕ ਇਹ ਸੋਚ ਰਹੇ ਹਨ ਤੇ ਸ਼ੰਕਾ ਗ੍ਰਸਤ ਹਨ ਕਿ ਜੇਕਰ ਉਹ ਕੰਪਨੀ ਮਨੁੱਖੀ ਸਰੀਰ ਦੇ ਮੁਰਦਾ ਹੋ ਚੁੱਕੇ ਪਾਰਟ ਨੂੰ ਜੀਉਂਦਾ ਕਰਨ ਦੀ ਗੋਲੀ ਬਣਾ ਸਕਦੀ ਹੈ ਤਾਂ ਫਿਰ ਕੋਰੋਨਾ ਦੇ ਟੀਕੇ ਰਾਹੀਂ ਉਸ ਤੋ ਉਲਟ ਵੀ ਕਰ ਸਕਦੀ ਹੈ ।

ਟੀਕਾਕਰਨ ਮੁਹਿੰਮ ਵੀ ਕਈ ਸ਼ੰਕੇ ਪੈਦਾ ਕਰਦੀ ਹੈ । ਉਤਰ ਪ੍ਰਦੇਸ਼ ਦੇ ਸ਼ਾਂਭਲੀ ਇਲਾਕੇ ਚ ਤਿੰਨ ਔਰਤਾਂ ਨੂੰ ਸਿਹਤ ਅਧਿਕਾਰੀਆ ਨੇ ਕੋਰੋਨਾ ਦੇ ਟੀਕੇ ਦੀ ਬਜਾਏ ਕੁੱਤੇ ਦੇ ਵੱਢਣ ‘ਤੇ ਇਲਾਜ ਕਰਨ ਦਾ ਟੀਕਾ ਲਗਾ ਕੇ ਇਹ ਸ਼ੰਕੇ ਹੋਰ ਵੀ ਵਧਾ ਦਿੱਤੇ ਹਨ ਕਿ ਟੀਰਾ ਕੋਰੋਨਾ ਦੀ ਰੋਕਥਾਮ ਦਾ ਹੀ ਲਗਾਇਆ ਜਾ ਰਿਹਾ ਹੈ ਜਾਂ ਫਿਰ ਕੋਈ ਹੋਰ ? ਇਹ ਵੀ ਸੁਣਨ ਚ ਆਇਆ ਹੈ ਕਿ ਕੋਰੋਨਾ ਦੇ ਚੀਕੇ ਕਾਰਨ ਨਾੜਾਂ ਚ ਖ਼ੂਨ ਦੇ ਕੇਸ ਸਾਹਮਣੇ ਆ ਰਹੇ ਹਨ, ਜੇਕਰ ਇਹ ਖ਼ਬਰ ਸੱਚ ਹੈ ਤਾਂ ਫਿਰ ਇਹ ਟੀਕਾ ਨਿਸ਼ਚੇ ਹੀ ਮਨੁੱਖੀ ਜਾਨ ਵਾਸਤੇ ਵੱਡਾ ਖਤਰਾ ਹੈ ।

ਗੱਲ ਕੀ ਕੋਰੋਨਾ ਮਹਾਂਮਾਰੀ ਦਾ ਮਸਲਾ ਇਸ ਵੇਲੇ ਟੇਢੀ ਖੀਰ ਬਣ ਚੁੱਕਿਆਂ ਹੈ । ਨਾ ਹੀ ਵਿਗਿਆਨੀਆਂ ਨੂੰ ਇਸ ਦੇ ਹੱਲ ਬਾਰੇ ਕੁੱਜ ਸੁਝ ਰਿਹਾ ਹੈ ਤੇ ਨਾ ਹੀ ਸਰਕਾਰਾਂ ਨੂੰ । ਲੋਕ ਭੰਬਲ ਭੂਸੇ ਪਏ ਹੋਏ ਹਨ । ਸਰਕਾਰਾਂ ਦੇ ਹਰ ਰੋਜ਼ ਦੇ ਅਜੀਬ ਅਜੀਬ ਦਿਸ਼ਾ ਨਿਰਦੇਸ਼ ਪੜ੍ਹ ਸੁਣਕੇ ਉਹ ਪੂਰੀ ਤਰਾਂ ਦੁਬਿੱਧਾ ਗ੍ਰਸਤ ਹਨ । ਨਵੀਂ ਪੀੜ੍ਹੀ ਦੇ ਛੋਟੇ ਬੱਚਿਆ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਦੇ ਢਕਣਯੋਗ ਪ੍ਰਾਈਵੇਟ ਪਾਰਟ ਅਸਲ ਰੂਪ ਚ ਕਿਹੜੇ ਹਨ ਕਿਉਂਕਿ ਮਾਸਕ ਤੇ ਚੱਡੀ ਨੂੰ ਪਹਿਨਣ ਦੇ ਅਸੂਲ ਲਗਭਗ ਇੱਕੋ ਜਿਹੇ ਹੀ ਨੇ । ਮੂੰਹ ‘ਤੇ ਲਗਾਏ ਜਾਣ ਵਾਲੇ ਮਾਸਕ ਨੂੰ ਵੀ ਚੱਡੀ ਵਾਂਗ ਵਾਰ ਵਾਰ ਧੋਣਾ ਪੈਂਦਾ ਹੈ । ਜਿਸ ਤਰਾਂ ਚੱਡੀ ਪਹਿਨਣ ਤੋਂ ਬਾਅਦ ਉਸ ਨੂੰ ਵਾਰ ਵਾਰ ਉੱਪਰ-ਥੱਲੇ ਨਹੀਂ ਕੀਤਾ ਜਾ ਸਕਦਾ, ਠੀਕ ਇਸੇ ਤਰਾਂ ਮਾਸਕ ਨੂੰ ਵੀ ਪਹਿਨਣ ਤੋਂ ਬਾਅਦ ਵਾਰ ਵਾਰ ਹੱਥ ਨਹੀਂ ਲਗਾਇਆ ਜਾ ਸਕਦਾ ।

ਕੋਰੋਨਾ ਸੰਬੰਧੀ ਹਰ ਪਾਸੇ ਹਾਲਾਤ ਇਕ ਬਜ਼ਾਰ ਚ ਇੱਕੋ ਵਸਤੂ ਦੇ ਦੋ ਭਾਅ ਵਾਲੇ ਬਣੇ ਹੋਏ ਹਨ । ਸਕੂਲਾਂ ਵਾਸਤੇ ਜੋ ਨਿਯਮ ਕੋਰੋਨਾ ਸੰਬੰਧੀ ਵਾਂਗੂ ਕੀਤੇ ਜਾ ਰਹੇ ਹਨ, ਉਹ ਆਮ ਲੋਕਾਂ ਨਾਲ਼ੋਂ ਵੱਖਰੇ ਹਨ । ਲੋਕਾਂ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ ਕਿ ਉਹ ਆਮ ਜ਼ਿੰਦਗੀ ਵਿੱਚ ਜਿਵੇਂ ਮਰਜ਼ੀ ਵਿਚਰਨ ਜਦ ਕਿ ਸਕੂਲ ਬੰਦ ਕਰਕੇ ਬੱਚਿਆ ਦੇ ਭਵਿੱਖ ਨਾਲ ਚਿੱਟੇ ਦਿਨ ਖਿਲਵਾੜ ਕੀਤਾ ਜਾ ਰਿਹਾ ਹੈ । ਹੁਣ ਸਮਝ ਨਹੀਂ ਆਉਂਦੀ ਕਿ ਅਜਿਹਾ ਮੂਰਖ ਪੁਣਾ ਸਰਕਾਰ ਵੱਲੋਂ ਕਿਓਂ ਕੀਤਾ ਜਾ ਰਿਹਾ ਹੈ ? ਕੀ ਸਰਕਾਰਾਂ ਨੂੰ ਸਮਝ ਹੀ ਨਹੀਂ ਜਾਂ ਫਿਰ ਜਾਣ ਬੁਝਕੇ ਇਹ ਸਭ ਕੁੱਜ ਕਰ ਰਹੀਆਂ ਹਨ ?

ਕੋਰੋਨਾ ਮਹਾਂਮਾਰੀ ਸੰਬੰਧੀ ਹਰ ਰੋਜ਼ ਬਹੁਤ ਹੀ ਨਿਰਾਲੀਆਂ ਖ਼ਬਰਾਂ ਮਿਲ ਰਹੀਆਂ ਹਨ ਜੋ ਹਰ ਬੰਦੇ ਦੇ ਮਸਨਵੀ ਚ ਸ਼ੰਕਾ ਪੈਦਾ ਕਰਦੀਆਂ ਹਨ । ਇਹ ਪਹਿਲੀ ਮਹਾਂਮਾਰੀ ਹੈ ਜਿਸ ਵਿੱਚ ਮਿਰਤਕ ਦਾ ਮੂੰਹ ਦੇਖਂਨਾ ਮਨ੍ਹਾ ਤੇ ਜਲਦ ਤੋ ਜਲਦ ਉਸ ਦਾ ਸੰਸਕਾਰ ਕਰਨਾ ਜ਼ਰੂਰੀ ਹੈ । ਬਹੁਤੇ ਕੇਸਾਂ ਚ ਇਹ ਵੀ ਹੋਇਆ ਹੈ ਕਿ ਮਿਰਤਕ ਦੇ ਪਰਿਵਾਰਕ ਮੈਂਬਰਾਂ ਨੇ ਜਦ ਮਿਰਤਕ ਦਾ ਸੰਸਕਾਰ ਕਰਨ ਤੋ ਪਹਿਲਾਂ ਉਸ ਦਾ ਮੂੰਹ ਦੇਖਿਆ ਤਾਂ ਉਹ ਹੈਰਾਨ ਹਾ ਰਹਿ ਗਏ ਕਿ ਚਿੱਟੇ ਕੱਪੜੇ ਚ ਲਪੇਟੀ ਲਾਸ਼ ਕਿਸੇ ਹੋਰ ਦੀ ਹੀ ਨਿਕਲੀ ।ਕਈ ਕੇਸਾਂ ਚ ਤਾਂ ਇਹ ਵੀ ਹੋਇਆ ਕਿ ਹਸਪਤਾਲੋਂ ਲਾਸ਼ ਬੰਦੇ ਦੀ ਬਜਾਏ ਦੀ ਬਜਾਏ ਔਰਤ ਦੀ ਲਪੇਟ ਕੇ ਭੇਜ ਦਿੱਤੀ ਗਈ ਤੇ ਜਿਹਨਾ ਦੀ ਔਰਤ ਕੋਰੋਨਾ ਦੀ ਕਥਿਤ ਲਪੇਟ ਚ ਆਈ ਸੀ, ਉਹਨਾ ਨੂੰ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਲਪੇਟ ਕੇ ਭੇਜ ਦਿੱਤੀ ਗਈ । ਫਿਰ ਸ਼ੰਕਾ ਪੈਦਾ ਹੋਣਾ ਤਾਂ ਕੁਦਰਤੀ ਹੈ ਕਿ ਆਫਤ, ਸੱਚਮੁੱਚ ਹੀ ਆਫਤ ਹੈ ਜਾਂ ਕਿ ਕੁੱਜ ਹੋਰ ?

ਇਸ ਕਰਕੇ ਕਹਿ ਸਕਦੇ ਹਾਂ ਕਿ ਕੋਰੋਨਾ ਮਹਾਂਮਾਰੀ ਬਾਰੇ ਬਹੁਤ ਸਾਰੇ ਕਿੰਤੂ ਹਨ ਜਿਹਨਾ ਨੂੰ ਨਵਿਰਤ ਕੀਤੇ ਬਿਨਾ ਲੋਕਾਂ ਚ ਇਸ ਬੀਮਾਰੀ ਨੂੰ ਕੰਟਰੋਲ ਕਰਨ ਦੀ ਚੇਤਨਾ ਪੈਂਦੀ ਕਰਨ ਚ ਬਹੁਤ ਸਾਰੀਆਂ ਦਿੱਕਤਾਂ ਦਾ ਆਉਣਾ ਸੁਭਾਵਿਕ ਹੈ । ਲੋਕਮਨਾਂ ਚੋਂ ਸ਼ੰਕੇ ਕੱਢਕੇ ਹੀ ਇਸ ਮਹਾਮਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ । ਦੁਨੀਆ ਦਾ ਮਾਹੌਲ ਮੁੜ ਸਾਜਗਾਰ ਬਣਾਉਣ ਵਾਸਤੇ ਮੁਲਕਾਂ ਦੀਆ ਸਰਕਾਰਾਂ ਨੂੰ ਇਸ ਪਾਸੇ ਫ਼ੌਰੀ ਤੌਰ ‘ਤੇ ਉਚੇਚਾ ਧਿਆਨ ਦੇਣ ਦੀ ਲੋੜ ਹੈ ।

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
10/04/2021