ਕੈਪਟਨ ਦੀ ਟੀਮ ’ਚੋਂ ਸਿੱਧੂ ਆਊਟ

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਨੇ ਅੱਜ ਟਵਿੱਟਰ ’ਤੇ ਅਸਤੀਫ਼ੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਵਜ਼ਾਰਤ ਤੋਂ ਆਪਣਾ ਅਸਤੀਫ਼ਾ 10 ਜੂਨ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੇ ਦਿੱਤਾ ਸੀ ਅਤੇ ਛੇਤੀ ਹੀ ਉਹ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦੇਣਗੇ। ਸਿੱਧੂ ਦੇ ਇਸ ਫ਼ੈਸਲੇ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਮੱਚ ਗਈ ਹੈ। ਇਸ ਦੇ ਨਾਲ ਸੂਬੇ ਵਿਚ ਤੀਜਾ ਫਰੰਟ ਬਣਨ ਦੀ ਚਰਚਾ ਮੁੜ ਸ਼ੁਰੂ ਹੋ ਗਈ ਹੈ ਅਤੇ ਸਿੱਧੂ ਦੀ ਥਾਂ ਵਜ਼ਾਰਤ ਵਿਚ ਥਾਂ ਲੈਣ ਦੇ ਚਾਹਵਾਨਾਂ ਨੇ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕੁਝ ਅਹਿਮ ਮਸਲਿਆਂ, ਖਾਸ ਕਰਕੇ ਬਾਦਲਾਂ ਅਤੇ ਬਿਕਰਮ ਮਜੀਠਿਆ ਵਿਰੁੱਧ ਕਾਰਵਾਈ ਕਰਨ, ਨੂੰ ਲੈ ਕੇ ਮੱਤਭੇਦ ਹੋ ਗਏ ਸਨ। ਇਨ੍ਹਾਂ ਮੱਤਭੇਦਾਂ ਦਾ ਸਿਖਰ ਲੋਕ ਸਭਾ ਚੋਣਾਂ ਸਮੇਂ ਬਠਿੰਡਾ ਵਿਚ ਕੀਤੀਆਂ ਚੋਣ ਰੈਲੀਆਂ ਸਨ ਜਿਸ ਵਿਚ ਸਿੱਧੂ ਨੇ ਸੱਦਾ ਦਿੱਤਾ ਸੀ ਕਿ ‘ਫਰੈਂਡਲੀ ਮੈਚ ਖੇਡਣ ਵਾਲਿਆਂ ਨੂੰ ਹਰਾਇਆ ਜਾਵੇ।’ ਇਸ ਮਗਰੋਂ ਮੁੱਖ ਮੰਤਰੀ ਨੇ ਵੀ ਬਿਆਨ ਦਿੱਤਾ ਸੀ ਕਿ ਸਿੱਧੂ ਦੇ ਬਿਆਨ ਕਾਰਨ ਕਾਂਗਰਸ ਪਾਰਟੀ ਨੂੰ ਚੋਣਾਂ ਵਿਚ ਭਾਰੀ ਸੱਟ ਲੱਗ ਸਕਦੀ ਹੈ। ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਸਿੱਧੂ ਦੀ ਬਿਆਨਬਾਜ਼ੀ ਕਰਕੇ ਕਾਂਗਰਸ ਬਠਿੰਡਾ ਲੋਕ ਸਭਾ ਸੀਟ ਹਾਰੀ ਹੈ। ਉਸ ਤੋਂ ਬਾਅਦ ਮਾਮਲਾ ਉਲਝਦਾ ਚਲਾ ਗਿਆ ਸੀ। ਕੈਪਟਨ ਅਤੇ ਸਿੱਧੂ ਵਿਚਾਲੇ ਚੱਲ ਰਹੇ ਟਕਰਾਅ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਸੀ ਜਦੋਂ ਸਿੱਧੂ 6 ਜੂਨ ਨੂੰ ਪੰਜਾਬ ਵਜ਼ਾਰਤ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ ਅਤੇ ਉਸੇ ਸਮੇਂ ਪ੍ਰੈੱਸ ਕਾਨਫਰੰਸ ਕੀਤੀ। ਉਸੇ ਦਿਨ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕਰਦਿਆਂ ਸਿੱਧੂ ਕੋਲੋਂ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਵਿਭਾਗ ਵਾਪਸ ਲੈ ਕੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਵਿਭਾਗ ਦੇ ਦਿੱਤਾ ਗਿਆ ਸੀ, ਜਿਸ ਦਾ ਉਨ੍ਹਾਂ ਅਜੇ ਤਕ ਚਾਰਜ ਨਹੀਂ ਸਾਂਭਿਆ ਸੀ। ਵਿਭਾਗ ਬਦਲੇ ਜਾਣ ਕਰ ਕੇ ਸਿੱਧੂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਸਥਿਤੀ ਸਪੱਸ਼ਟ ਕੀਤੀ, ਜਿਨ੍ਹਾਂ ਸੀਨੀਅਰ ਆਗੂ ਅਹਿਮਦ ਪਟੇਲ ਨੂੰ ਮਸਲਾ ਸੁਲਝਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ। ਉਸ ਸਮੇਂ ਤਕ ਰਾਹੁਲ ਗਾਂਧੀ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਕਰਕੇ ਕਾਂਗਰਸ ਹਾਈਕਮਾਂਡ ਵੀ ਇਸ ਮਾਮਲੇ ਵਿਚ ਬਹੁਤਾ ਕੁਝ ਨਹੀਂ ਕਰ ਸਕੀ। ਸਿੱਧੂ ਵੱਲੋਂ ਚਾਰਜ ਨਾ ਸੰਭਾਲੇ ਜਾਣ ਕਰਕੇ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਦੀਆਂ ਦੋ ਮੀਟਿੰਗਾਂ ਕੀਤੀਆਂ। ਇਸ ਦੇ ਨਾਲ ਚਰਚਾ ਛਿੜ ਗਈ ਸੀ ਕਿ ਸਿੱਧੂ ਨਵੇਂ ਵਿਭਾਗ ਦਾ ਚਾਰਜ ਨਹੀਂ ਸੰਭਾਲੇਗਾ ਅਤੇ ਵਜ਼ਾਰਤ ਤੋਂ ਅਸਤੀਫ਼ਾ ਦੇ ਦੇਵੇਗਾ। ਉਨ੍ਹਾਂ 6 ਜੂਨ ਨੂੰ ਮਰਹੂਮ ਪਿਤਾ ਭਗਵੰਤ ਸਿੰਘ ਦੇ ਹਵਾਲੇ ਨਾਲ ਟਵੀਟ ਕਰਕੇ ਕਿਹਾ ਸੀ,‘‘ਅਸੂਲੋਂ ਪੇ ਆਂਚ ਆਏ ਤੋਂ ਟਕਰਾਨਾ ਜ਼ਰੂਰੀ ਹੈ, ਜ਼ਿੰਦਾ ਹੈਂ, ਤੋਂ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ।’’ ਸਿੱਧੂ ਦੇ ਅਸਤੀਫ਼ੇ ਦੀ ਖ਼ਬਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਅਤੇ ਅਕਾਲੀ ਦਲ ਟਕਸਾਲੀ ਦੇ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸਿੱਧੂ ਨੂੰ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਅਤੇ ਸੂਬੇ ਵਿਚ ਤੀਜੇ ਫਰੰਟ ਦਾ ਆਗੂ ਬਣਨਾ ਚਾਹੀਦਾ ਹੈ।