ਕੇਰਲਾ ਨੇ ਰਾਹੁਲ ਗਾਂਧੀ ਨੂੰ ਚੁਣ ਕੇ ਬੱਜਰ ਗਲਤੀ ਕੀਤੀ: ਗੁਹਾ

ਕੋਜ਼ੀਕੋਡ- ਇਤਿਹਾਸਕਾਰ ਰਾਮਚੰਦਰ ਗੁਹਾ ਨੇ ਇੱਥੇ ਸਮਾਗਮ ਦੌਰਾਨ ਕਿਹਾ ਕਿ ‘ਪੰਜਵੀਂ ਪੀੜ੍ਹੀ ਦੇ ਵੰਸ਼ਜ’ ਰਾਹੁਲ ਗਾਂਧੀ ਦਾ ਭਾਰਤ ਦੀ ਸਿਆਸਤ ਵਿੱਚ ‘ਮਿਹਨਤੀ ਤੇ ਆਪਣੇ ਬਲਬੂਤੇ ’ਤੇ ਬਣੇ’ ਨਰਿੰਦਰ ਮੋਦੀ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਕੇਰਲਾ ਵਾਸੀਆਂ ਨੇ ਕਾਂਗਰਸ ਆਗੂ ਦੀ ਸੰਸਦ ਲਈ ਚੋਣ ਕਰ ਕੇ ਬੱਜਰ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਲਹਿਰ ਦੀ ‘ਮਹਾਨ ਪਾਰਟੀ’ ਤੋਂ ‘ਤਰਸਯੋਗ ਪਰਿਵਾਰਕ ਪਾਰਟੀ’ ਤੱਕ ਸਿਮਟੀ ਕਾਂਗਰਸ ਹੁਣ ਭਾਰਤ ਵਿੱਚ ਹਿੰਦੂਤਵ ਅਤੇ ਅੰਧ-ਰਾਸ਼ਟਰਵਾਦ ਦੇ ਵਧਣ-ਫੁੱਲਣ ਦਾ ਇੱਕ ਕਾਰਨ ਬਣੀ ਹੈ।
ਕੇਰਲਾ ਸਾਹਿਤ ਮੇਲੇ ਦੇ ਦੂਜੇ ਦਿਨ ‘ਦੇਸ਼ਭਗਤੀ ਬਨਾਮ ਅੰਧ-ਰਾਸ਼ਟਰਵਾਦ’ ਬਾਰੇ ਭਾਸ਼ਣ ਮੌਕੇ ਗੁਹਾ ਨੇ ਕਿਹਾ, ‘‘ਨਿੱਜੀ ਤੌਰ ’ਤੇ ਮੈਂ ਰਾਹੁਲ ਗਾਂਧੀ ਦੇ ਬਿਲਕੁਲ ਵਿਰੁਧ ਨਹੀਂ ਹਾਂ। ਉਹ ਸਾਊ ਅਤੇ ਬਹੁਤ ਸਲੀਕੇ ਵਾਲਾ ਇਨਸਾਨ ਹੈ। ਪਰ ਯੁਵਾ ਭਾਰਤ ਨੂੰ ਪੰਜਵੀਂ ਪੀੜ੍ਹੀ ਦਾ ਵੰਸ਼ਜ ਨਹੀਂ ਚਾਹੀਦਾ। ਜੇਕਰ ਤੁਸੀਂ ਕੇਰਲਾ ਵਾਸੀ 2024 ਵਿੱਚ ਵੀ ਰਾਹੁਲ ਗਾਂਧੀ ਨੂੰ ਦੁਬਾਰਾ ਚੁਣਨ ਦੀ ਗਲਤੀ ਕਰਦੇ ਹੋ, ਤਾਂ ਤੁਸੀਂ ਇਸ ਨਾਲ ਕੇਵਲ ਨਰਿੰਦਰ ਮੋਦੀ ਦਾ ਫ਼ਾਇਦਾ ਕਰੋਗੇ।’’ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਕੇਰਲਾ ਨੇ ਭਾਰਤ ਲਈ ਬਹੁਤ ਸ਼ਾਨਦਾਰ ਕੰਮ ਕੀਤੇ ਹਨ, ਪਰ ਸਭ ਤੋਂ ਬੱਜਰ ਗਲਤੀ ਰਾਹੁਲ ਗਾਂਧੀ ਨੂੰ ਸੰਸਦ ਲਈ ਚੁਣ ਕੇ ਕੀਤੀ ਹੈ।’’ ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਕੇਰਲਾ ਦੀ ਵਾਇਨਾਡ ਸੀਟ ਤੋਂ ਸੰਸਦੀ ਚੋਣ ਜਿੱਤੀ ਸੀ। ਉਨ੍ਹਾਂ ਕਿਹਾ, ‘‘ਨਰਿੰਦਰ ਮੋਦੀ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਉਹ ਰਾਹੁਲ ਗਾਂਧੀ ਨਹੀਂ ਹੈ। ਉਹ ਆਪਣੇ ਬਲਬੂਤੇ ’ਤੇ ਬਣਿਆ ਹੈ। ਉਸ ਨੇ 15 ਵਰ੍ਹੇ ਇੱਕ ਸੂਬੇ ਨੂੰ ਚਲਾਇਆ ਹੈ, ਉਸ ਕੋਲ ਪ੍ਰਸ਼ਾਸਨਿਕ ਕੰਮ ਦਾ ਤਜਰਬਾ ਹੈ, ਉਹ ਬਹੁਤ ਮਿਹਨਤੀ ਹੈ ਅਤੇ ਉਹ ਯੂਰਪ ਘੁੰਮਣ ਲਈ ਕਦੇ ਛੁੱਟੀਆਂ ਨਹੀਂ ਲੈਂਦਾ। ਮੇਰਾ ਵਿਸ਼ਵਾਸ ਕਰੋ ਮੈਂ ਇਹ ਕੁਝ ਬਹੁਤ ਗੰਭੀਰਤਾ ਨਾਲ ਕਹਿ ਰਿਹਾ ਹਾਂ।’’ ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ‘ਬਹੁਤ ਜ਼ਿਆਦਾ ਹੁਸ਼ਿਆਰ ਤੇ ਵੱਧ ਮਿਹਨਤੀ ਹੋਵੇ ਅਤੇ ਛੁੱਟੀਆਂ ਕੱਟਣ ਲਈ ਯੂਰਪ ਨਾ ਵੀ ਜਾਵੇ ਤਾਂ ਵੀ ਪੰਜਵੀਂ ਪੀੜ੍ਹੀ ਦਾ ਵੰਸ਼ਜ ਹੋਣ ਕਾਰਨ ਉਹ ਆਪਣੇ ਬਲਬੂਤੇ ਬਣੇ ਵਿਅਕਤੀ ਦੇ ਮੁਕਾਬਲੇ ਨੁਕਸਾਨ ਵਿੱਚ ਹੀ ਰਹੇਗਾ।’’ ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਾਰੇ ਕਿਹਾ ਕਿ ਉਹ ਉਸ ਨੂੰ ‘ਮੁਗਲਾਂ ਦੇ ਆਖਰੀ ਰਾਜਿਆਂ’ ਦੀ ਯਾਦ ਦਿਵਾਉਂਦੀ ਹੈ, ਜੋ ਆਪਣੇ ਹੀ ਰਾਜ ਵਾਲੇ ਸੂਬਿਆਂ ਬਾਰੇ ਅਗਿਆਤ ਸਨ। ਉਨ੍ਹਾਂ ਇੱਕ ਪੁਸਤਕ ਦਾ ਹਵਾਲਾ ਦੇ ਕੇ ਨਹਿਰੂ-ਗਾਂਧੀ ਪਰਿਵਾਰ ਦੀ ਗੱਲ ਕੀਤੀ ਕਿ ਕਿਵੇਂ ਪਿਉ ਦੇ ਕੀਤੇ ਪਾਪਾਂ ਦਾ ਸੱਤ ਪੀੜ੍ਹੀਆਂ ਤੱਕ ਜ਼ਿਕਰ ਚੱਲਦਾ ਹੈ। ਉਨ੍ਹਾਂ ਕਿਹਾ, ‘‘ਨਹਿਰੂ ਦੇ ਮਾਮਲੇ ਵਿੱਚ ਇਹ ਸੱਤ ਪੀੜ੍ਹੀਆਂ ਦੇ ਪਾਪ ਹਨ, ਜੋ ਨਹਿਰੂ ਦਾ ਵਾਰ-ਵਾਰ ਜ਼ਿਕਰ ਹੁੰਦਾ ਹੈ….ਅੱਜ ਦੇ ਕੌਮੀ ਪੱਧਰ ਦੇ ਭਾਸ਼ਣ ਸੁਣੋ। ਹਰ ਵਾਰ ਨਹਿਰੂ ਦੀ ਗੱਲ ਕਿਉਂ ਹੁੰਦੀ ਹੈ? ਹਰ ਵਾਰ ਮੋਦੀ ਇਹ ਕਿਉਂ ਕਹਿੰਦਾ ਹੈ ਕਿ ਨਹਿਰੂ ਨੇ ਕਸ਼ਮੀਰ ਵਿੱਚ ਇਹ ਕੀਤਾ। ਚੀਨ ਵਿੱਚ ਇਹ ਕੀਤਾ, ਤੀਹਰੇ ਤਲਾਕ ਵਿੱਚ ਇਹ ਕੀਤਾ…..ਕਿਉਂਕਿ ਇੱਥੇ ਰਾਹੁਲ ਗਾਂਧੀ ਹੈ।’’