ਕੇਂਦਰ ਦੀਆਂ ਯੋਜਨਾਵਾਂ ਨਾਲ ਗ਼ਰੀਬਾਂ ਨੂੰ ਲਾਭ ਮਿਲਿਆ: ਮਲਿਕ

ਪੰਜਾਬ ਭਾਜਪਾ ਵਲੋਂ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਨੂੰ ਸਮਰਪਿਤ ‘ਗਾਂਧੀ ਸੰਕਲਪ ਯਾਤਰਾ’ ਤਹਿਤ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਵਿਚ ਪਾਰਟੀ ਦੇ ਸੂਬਾਈ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ਹੇਠ ਕੱਢੀ ਗਈ। ਸਥਾਨਕ ਲਾਰੇਂਸ ਰੋਡ ਤੋਂ ਸ਼ੁਰੂ ਹੋਈ ਇਸ ਯਾਤਰਾ ਮੌਕੇ ਭਾਜਪਾ ਕਾਰਕੁੰਨਾਂ ਤੇ ਹੋਰਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਲਿਕ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ ਹਿਤ ਵਿਚ ਕਈ ਕੰਮ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਵਲੋਂ ਕੀਤੇ ਜਾ ਰਹੇ ਵਿਕਾਸ ਦਾ ਮੂਲ ਮੰਤਰ ‘ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ’ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਹੁਣ ਤਕ ਸਿਰਫ ਮਹਾਤਮਾ ਗਾਂਧੀ ਦੇ ਨਾਂ ਦੀ ਵਰਤੋਂ ਕੀਤੀ ਹੈ ਪਰ ਉਨ੍ਹਾਂ ਦੇ ਉਪਦੇਸ਼ਾਂ ਤੋਂ ਦੂਰ ਰਹੇ ਹਨ। ਇਸ ਦੇ ਉਲਟ ਮੋਦੀ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਅਜਿਹੀਆਂ ਯੋਜਨਾਵਾਂ ਬਣਾਈਆਂ ਜਿਸ ਦਾ ਹੇਠਲੇ ਪੱਧਰ ਤੱਕ ਲੋਕਾਂ ਨੂੰ ਲਾਭ ਮਿਲਿਆ। ਇਨ੍ਹਾਂ ਵਿਚ ਉਜਵਲਾ ਯੋਜਨਾ ਸ਼ਾਮਲ ਹੈ ਜਿਸ ਤਹਿਤ ਅੱਠ ਕਰੋੜ ਲਾਭਪਾਤਰੀਆਂ ਨੂੰ ਮੁਫਤ ਐਲਪੀਜੀ ਗੈਸ ਕੁਨੈਕਸ਼ਨ ਦਿੱਤੇ ਗਏ, ਆਯੂਸ਼ਮਾਨ ਯੋਜਨਾ ਤਹਿਤ 10 ਕਰੋੜ ਗਰੀਬ ਪਰਿਵਾਰਾਂ ਨੂੰ ਸਿਹਤ ਇਲਾਜ ਸੁਵਿਧਾ ਦਿੱਤੀ, ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਵਿਚ ਦਸ ਕਰੋੜ ਤੋਂ ਵਧੇਰੇ ਸ਼ੌਚਾਲੇ ਬਣਵਾਏ ਹਨ। ਉਨ੍ਹਾਂ ਜਨ ਧਨ ਯੋਜਨਾ, ਮੇਕ ਇਨ ਇੰਡੀਆ ਤੇ ਹੋਰ ਯੋਜਨਾਵਾਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਸਮਾਜ ਦੇ ਹੇਠਲੇ ਪੱਧਰ ਤੱਕ ਲੋਕਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਆਖਿਆ ਕਿ ਇਸ ਸੰਕਲਪ ਯਾਤਰਾ ਦਾ ਮੰਤਵ ਵੀ ਲੋਕਾਂ ਨੂੰ ਮੋਦੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਹਿਤ ਯੋਜਨਾਵਾਂ ਤੋਂ ਜਾਣੂ ਕਰਾਉਣਾ ਹੈ। ਇਸ ਮੌਕੇ ਉਨ੍ਹਾਂ ਸ਼ਾਮਲ ਭਾਜਪਾ ਕਾਰਕੁੰਨਾਂ ਨੂੰ ਆਖਿਆ ਕਿ ਉਹ ਪ੍ਰਣ ਕਰਨ ਕਿ ਰਾਸ਼ਟਰਪਿਤਾ ਵਲੋਂ ਦਰਸਾਏ ਮਾਰਗ ‘ਤੇ ਚੱਲਣਗੇ। ਇਸ ਯਾਤਰਾ ਵਿਚ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁਘ, ਰਕੇਸ਼ ਰਟੌਲ, ਦਿਨੇਸ਼ ਕੁਮਾਰ, ਹਰਮਿੰਦਰ ਸਿੰਘ, ਜ਼ਿਲਾ ਪ੍ਰਧਾਨ ਅਨੰਦ ਸ਼ਰਮਾ, ਸਾਬਕਾ ਮੰਤਰੀ ਬਲਦੇਵ ਰਾਜ ਚਾਵਲਾ, ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ, ਸੁਰੇਸ਼ ਮਹਾਜਨ, ਰਜੇਸ਼ ਹਨੀ, ਰੀਨਾ ਜੇਟਲੀ, ਕੇਵਲ ਕੁਮਾਰ, ਡਾ. ਰਾਮ ਚਾਵਲਾ, ਅਨੁਜ ਸਿੱਕਾ, ਸੁਖਮਿੰਦਰ ਪਿੰਟੂ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਕਾਰਕੁਨ ਹਾਜ਼ਰ ਸਨ।