ਕਿਸਾਨ ਅੰਦੋਲਨ ਦੀ ਇਨਕਲਾਬੀ ਸੁਰ ਦੀ ਦਸਤਾਵੇਜ਼: ਖੇਤਾਂ ਦੇ ਪੁੱਤ ਜਾਗ ਪਏ

(ਸਮਾਜ ਵੀਕਲੀ)

ਲੋਕ-ਪੱਖੀ ਕਵੀ ਰਜਿੰਦਰ ਸਿੰਘ ਰਾਜਨ ਦੀ ਸੰਪਾਦਨਾ ਵਿੱਚ ਪ੍ਰਕਾਸ਼ਿਤ ਹੋਇਆ ਹੱਥਲਾ ਸਾਂਝਾ ਕਾਵਿ-ਸੰਗ੍ਰਹਿ ‘ਖੇਤਾਂ ਦੇ ਪੁੱਤ ਜਾਗ ਪਏ’ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ਉੱਤੇ ਵਿੱਢੇ ਗਏ ਅਤੇ ਲੋਕ-ਅੰਦੋਲਨ ਦਾ ਰੂਪ ਧਾਰਨ ਕਰ ਚੁੱਕੇ ਕਿਸਾਨੀ ਸੰਘਰਸ਼ ਦੀ ਇਨਕਲਾਬੀ ਸੁਰ ਨਾਲ ਸਬੰਧਿਤ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਦੀ ਖ਼ੂਬਸੂਰਤ ਦਸਤਾਵੇਜ਼ ਹੈ, ਜਿਹੜਾ ਆਜ਼ਾਦੀ ਦੇ ਸੰਘਰਸ਼ ਤੋਂ ਬਾਅਦ ਹੁਣ ਤੱਕ ਕਦੇ ਵੀ ਦੇਖਣ ਜਾਂ ਸੁਣਨ ਵਿੱਚ ਨਹੀਂ ਆਇਆ। ਵਿਆਪਕ ਵੰਨ-ਸੁਵੰਨਤਾ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿੱਚ ਜੁੜੇ ਹੋਏ ਇਹ ਲੋਕ ਕੋਈ ਆਪ-ਮੁਹਾਰੀ ਭੀੜ ਨਹੀਂ ਬਲਕਿ ਇੱਕ ਅਨੁਸ਼ਾਸਿਤ ਇਕੱਠ ਹੈ, ਜਿਹੜਾ ਮੰਚਾਂ ਤੋਂ ਕੀਤੇ ਗਏ ਹਰੇਕ ਐਲਾਨ ਨੂੰ ਬੜੇ ਧਿਆਨ ਨਾਲ ਸੁਣਦਾ, ਮੰਨਦਾ ਅਤੇ ਲਾਗੂ ਕਰਦਾ ਹੈ।

ਪੁਸਤਕ ਦੇ ਆਰੰਭ ਵਿੱਚ ਲੋਕ-ਸੰਘਰਸ਼ਾਂ ਦੇ ਸ਼ਾਹ-ਅਸਵਾਰ ਲੋਕ ਕਵੀ ਸੰਤ ਰਾਮ ਉਦਾਸੀ ਦੇ ਇੱਕ ਇਨਕਲਾਬੀ ਗੀਤ ਦੀਆਂ ਕੁੱਝ ਇਨਕਲਾਬੀ ਸਤਰਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਦਰਜ ਕਰ ਕੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ, ਜਿਸ ਵਿੱਚ ਸਦੀਆਂ ਤੋਂ ਹੱਕ, ਸੱਚ ਅਤੇ ਇਨਸਾਫ਼ ਲਈ ਜੂਝਦੇ ਆਪਣੇ ਹੀ ਦੇਸ਼ ਦੇ ਲੋਕਾਂ ਉੱਤੇ ਬੜੀ ਬੇਰਹਿਮੀ ਨਾਲ ਜ਼ੁਲਮ-ਤਸ਼ੱਦਦ ਕਰਦੇ ਆ ਰਹੇ ਦਿੱਲੀ ਦੇ ਤਖ਼ਤ ਨੂੰ ਵੰਗਾਰਿਆ ਗਿਆ ਹੈ-
ਲਾਲ ਕਿਲੇ ਵਿੱਚ ਲਹੂ ਲੋਕਾਂ ਦਾ ਜੋ ਕੈਦ ਹੈ।
ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ।
ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ,
ਤੇਰੇ ਮਹਿਲੀਂ ਵੜੇ ਕਿ ਵੜੇ।

ਦਲਬਾਰ ਸਿੰਘ ਚੱਠੇ ਸੇਖਵਾਂ ਦਾ ਕਹਿਣਾ ਹੈ ਕਿ ਦੇਸ਼ ਦੀਆਂ ਘੱਟ-ਗਿਣਤੀਆਂ ਨਾਲ ਧੱਕੇਸ਼ਾਹੀ ਕਰਦਿਆਂ-ਕਰਦਿਆਂ ਦੇਸ਼ ਦੇ ਹਾਕਮਾਂ ਨੇ ਪੰਜਾਬ ਦੀ ਅਣਖੀਲੀ ਮਿੱਟੀ ਦੇ ਪੁੱਤਾਂ ਨਾਲ ਪੰਗਾ ਲੈ ਕੇ ਬੋਕ ਦੇ ਸਿੰਗਾਂ ਨੂੰ ਹੱਥ ਪਾਉਣ ਵਾਲਾ ਕੰਮ ਕਰ ਲਿਆ ਹੈ ਕਿਉਂਕਿ ਸੀਸ ਤਲੀ ’ਤੇ ਧਰ ਕੇ ਜੰਗ ਦੇ ਮੈਦਾਨ ਵਿੱਚ ਨਿੱਤਰਨ ਵਾਲੇ ਇਨ੍ਹਾਂ ਜੁਝਾਰੂਆਂ ਨੇ ਹਾਰ ਮੰਨਣੀ ਤਾਂ ਕਦੇ ਸਿੱਖੀ ਹੀ ਨਹੀਂ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਹੁਣ ਤਾਨਾਸ਼ਾਹੀ ਕੋਲ ਲੋਕਾਂ ਦੇ ਅੱਗੇ ਗੋਢੇ ਟੇਕਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ-
ਤਾਨਾਸ਼ਾਹ ਨੇ ਕਸੂਤਾ ਪੰਗਾ ਲੈ ਲਿਆ, ਦੇਸ਼ ਦਾ ਕਿਸਾਨ ਛੇੜ ਕੇ।
ਕਹਿੰਦਾ ਬੋਕ ਦੇ ਸਿੰਗਾਂ ਨੂੰ ਹੱਥ ਪੈ ਗਿਆ, ਦੇਸ਼ ਦਾ ਕਿਸਾਨ ਛੇੜ ਕੇ।

ਮੀਤ ਸਕਰੌਦੀ ਮਹਿਸੂਸ ਕਰਦੇ ਹਨ ਕਿ ਕੇਂਦਰ ਸਰਕਾਰ ਖੇਤੀਬਾੜੀ ਨਾਲ ਸਬੰਧਿਤ ਵੱਲੋਂ ਬਣਾਏ ਗਏ ਤਿੰਨੇ ਕਾਨੂੰਨ ਕਿਸਾਨਾਂ ਲਈ ਜਾਰੀ ਕੀਤੇ ਮੌਤ ਦੇ ਵਾਰੰਟ ਹਨ ਕਿਉਂਕਿ ਇਨ੍ਹਾਂ ਦੇ ਲਾਗੂ ਹੋਣ ਨਾਲ ਜਿਹੜਾ ਥੋੜ੍ਹਾ-ਬਹੁਤਾ ਕਿਸਾਨਾਂ ਨੂੰ ਸੁਖ ਦਾ ਸਾਹ ਆਉਂਦਾ ਸੀ, ਉਹ ਵੀ ਬੰਦ ਹੋ ਜਾਵੇਗਾ। ਖੇਤੀਬਾੜੀ ਦੇ ਖੇਤਰ ਵਿੱਚ ਪੂਰੀ ਤਰ੍ਹਾਂ ਪੂੰਜੀਪਤੀਆਂ ਦੀ ਅਜਾਰੇਦਾਰੀ ਕਾਇਮ ਕਰਨ ਲਈ ਪਾਸ ਕੀਤੇ ਗਏ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਲੋਕ ਲੰਮੇ ਸਮੇਂ ਤੋਂ ਧਰਨੇ-ਮੁਜਾਹਰਿਆਂ ਵਿੱਚ ਰੁਲ ਰਹੇ ਹਨ-
ਵਰੰਟ ਜਾਰੀ ਕਰੇ ਮੌਤ ਦੇ, ਤੈਨੂੰ ਪੈਣਗੇ ਪਾੜਨੇ ਸਾਰੇ।
ਇੱਜ਼ਤ ਬਚਾਈ ਦੇਸ਼ ਦੀ, ਭਰੇ ਦੇਸ਼ ਦੇ ਅੰਨ ਦੇ ਭੰਡਾਰੇ।

ਮੂਲ ਚੰਦ ਸ਼ਰਮਾ ਵਿਅੰਗ ਕਰਦੇ ਹਨ ਕਿ ਸਿਆਸਤਦਾਨਾਂ ਵੱਲੋਂ ਅੱਛੇ ਦਿਨਾਂ ਦੇ ਸੁਪਨੇ ਦਿਖਾਉਣ ਦੇ ਗੋਰਖਧੰਦੇ ਵਿੱਚ ਹੀ ਲੋਕਾਂ ਨੂੰ ਉਲਝਾਈ ਰੱਖਿਆ ਗਿਆ ਅਤੇ ਹਕੂਮਤ ਦੀ ਵਾਗਡੋਰ ਸੰਭਾਲਦਿਆਂ ਹੀ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਮੁਤਾਬਿਕ ਕਿਸਾਨਾਂ ਵੱਲੋਂ ਉਸਾਰੇ ਜਾ ਰਹੇ ਅੰਦੋਲਨ ਦਾ ਮਨੋਰਥ ਦੇਸ਼ ਦੇ ਲੋਕਾਂ ਨੂੰ ਝੰਜੋੜ ਕੇ ਸਿਆਸਤਦਾਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜਾਗਰੂਕ ਕਰਨਾ ਹੈ-
ਚੰਗਿਆਂ ਦਿਨਾਂ ਦੇ ਜਿਹੜੇ ਸੁਪਨੇ ਵਿਖਾਏ ਸੀ,
ਭੋਲੇ-ਭਾਲੇ ਲੋਕ ਗੱਲਾਂ ਵਿੱਚ ਉਲਝਾਏ ਸੀ,
ਵਾਅਦੇ ਯਾਦ ਉਹ ਕਰਾਉਣ ਚੱਲਿਆ।

ਸਰਕਾਰ ਨੂੰ ਲੱਗਦਾ ਸੀ ਕਿ ਹੋਰਨਾਂ ਸੰਘਰਸ਼ਾਂ ਵਾਂਗ ਕਿਸਾਨ ਅੰਦੋਲਨ ਵੀ ਜਿੰਨਾ ਲੰਮਾ ਹੁੰਦਾ ਜਾਵੇਗਾ, ਉਨਾ ਹੀ ਕਮਜ਼ੋਰ ਹੁੰਦਾ ਜਾਵੇਗਾ ਪਰ ਹੁਣ ਉਹ ਵੀ ਦਿਨੋ ਦਿਨ ਬੁਲੰਦ ਹੋ ਰਹੇ ਕਿਸਾਨਾਂ ਦੇ ਹੌਸਲੇ ਨੂੰ ਦੇਖ ਕੇ ਹੈਰਾਨ ਹੈ। ਹਕੂਮਤ ਜਿੰਨਾ ਧੱਕਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਨਾ ਹੀ ਇਹ ਸੰਘਰਸ਼ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਰਣਜੀਤ ਆਜ਼ਾਦ ਕਾਂਝਲਾ ਦੇ ਗੀਤ ਦਾ ਇਹ ਮੁੱਖੜਾ ਸ਼ਾਇਦ ਕੁੱਝ ਇਸੇ ਤਰ੍ਹਾਂ ਦਾ ਹੀ ਇਸ਼ਾਰਾ ਕਰਦਾ ਜਾਪਦਾ ਹੈ-
ਭਿੜਦੇ ਆਏ ਯੋਧੇ ਹਮੇਸ਼ਾ ਨਾਲ ਤੂਫਾਨਾਂ ਦੇ।
ਬੁਲੰਦ ਹੌਸਲੇ ਹੋਏ ਦੇਖੋ ਕਿਰਤੀ ਕਿਸਾਨਾਂ ਦੇ।

ਭੁਪਿੰਦਰ ਨਾਗਪਾਲ ਦੀ ਧਾਰਨਾ ਹੈ ਕਿ ਮਨੁੱਖ ਤੋਂ ਉਸ ਦਾ ਜਿਊਣ ਦਾ ਬੁਨਿਆਦੀ ਹੱਕ ਹੀ ਖੋਹਿਆ ਜਾ ਰਿਹਾ ਹੈ। ਜਿਸ ਆਜ਼ਾਦੀ ਦੀ ਖਾਤਰ ਸ਼ਹੀਦ ਭਗਤ ਸਿੰਘ ਵਰਗੇ ਦੇਸ਼ ਦੇ ਅਨੇਕਾਂ ਨੌਜਵਾਨਾਂ ਨੇ ਹੱਸ-ਹੱਸ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ, ਉਸ ਨੂੰ ਮੁੱਠੀ ਭਰ ਘਰਾਣਿਆਂ ਦੀ ਰਖੇਲ ਬਣਾ ਕੇ ਰੱਖ ਦਿੱਤਾ ਗਿਆ ਹੈ। ਉਹ ਚਾਹੁੰਦੇ ਹਨ ਕਿ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਵਿਹੜਿਆਂ ਵਿੱਚ ਵੀ ਖ਼ੁਸ਼ਹਾਲੀ ਦੀ ਧੁੱਪ ਪਹੁੰਚਣੀ ਚਾਹੀਦੀ ਹੈ-
ਆਜ਼ਾਦੀ ਦੇ ਨਾਮ ਉੱਤੇ, ਝੂਠੀਆਂ ਤਕਰੀਰਾਂ ਹੋ ਰਹੀਆਂ।
ਕਿਰਤੀ ਤੇ ਕਿਰਸਾਨ ਦੀਆਂ, ਦੇਖੋ ਤਦਬੀਰਾਂ ਰੋ ਰਹੀਆਂ।

ਪ੍ਰੋ. ਨਰਿੰਦਰ ਸਿੰਘ ਅਜੋਕੇ ਪੂੰਜੀਪਤੀਆਂ ਦੀ ਤੁਲਨਾ ਈਸਟ ਇੰਡੀਆ ਵਰਗੀਆਂ ਕੰਪਨੀਆਂ ਨਾਲ ਕਰਦੇ ਹਨ, ਜਿਨ੍ਹਾਂ ਦੇ ਆਉਣ ਤੋਂ ਕੁੱਝ ਸਮੇਂ ਬਾਅਦ ਹੀ ਭਾਰਤ ਗ਼ੁਲਾਮ ਹੋ ਗਿਆ ਸੀ। ਸਿਆਸਤਦਾਨਾਂ ਅਤੇ ਵਪਾਰੀਆਂ ਦੇ ਗੱਠਜੋੜ ਨੂੰ ਉਹ ਸਮੁੱਚੀ ਮਾਨਵਤਾ ਦੇ ਭਵਿੱਖ ਲਈ ਕਿਸੇ ਗੰਭੀਰ ਖ਼ਤਰੇ ਦੇ ਰੂਪ ਵਿੱਚ ਦੇਖਦੇ ਹਨ। ਉਨ੍ਹਾਂ ਨੂੰ ਦੇਸ਼ ਦੇ ਕਿਸਾਨ, ਜਵਾਨ ਅਤੇ ਮਜ਼ਦੂਰ ਦੀ ਹਾਲਤ ਬਾਰੇ ਸਰਕਾਰੀ ਬਿਆਨਬਾਜ਼ੀ ਗੁੰਮਰਾਹਕੁਨ ਲੱਗਦੀ ਹੈ-
ਕਿਸਾਨ ਦੀ, ਜਵਾਨ ਦੀ, ਮਜ਼ਦੂਰ ਦੀ ਸਾਰ ਨਾ ਤੂੰ ਜਾਣੀ,
ਈਸਟ ਇੰਡੀਆ ਕੰਪਨੀ ਦਾ ਨਵਾਂ ਰੂਪ ਅੰਬਾਨੀ ਤੇ ਅਡਾਨੀ,
ਵਪਾਰੀਆਂ ਨਾਲ ਯਾਰੀ ਨਿਭਾਅ ਰਹੀ ਐਂ।
ਦਿੱਲੀਏ ਤੂੰ ਕਰ ਗੁੰਮਰਾਹ ਰਹੀ ਐਂ।

ਖੇਤੀਬਾੜੀ ਦਾ ਕਾਰਜ ਇਸ ਕਰਕੇ ਵੀ ਪਵਿੱਤਰ ਅਤੇ ਕਲਿਆਣਕਾਰੀ ਹੈ ਕਿਉਂਕਿ ਇਸ ਦਾ ਸਿੱਧਾ ਸਬੰਧ ਲੋਕਾਂ ਦੀ ਭੁੱਖ ਨਾਲ ਹੈ। ਰਣਜੀਤ ਸਿੰਘ ਧੂਰੀ ਸਮਝਦੇ ਹਨ ਕਿ ਖੇਤੀਬਾੜੀ ਕੇਵਲ ਇੱਕ ਧੰਦਾ ਹੀ ਨਹੀਂ ਬਲਕਿ ਪੰਜਾਬੀ ਦੇ ਲੋਕਾਂ ਦੀ ਮਾਣਮੱਤੀ ਵਿਰਾਸਤ ਹੈ, ਜਿਸ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਇਨਕਲਾਬੀ ਬੋਲਾਂ ਅਤੇ ਭਾਈ ਮਰਦਾਨੇ ਦੀ ਰਬਾਬ ਦੀਆਂ ਰੂਹਾਨੀ ਧੁਨਾਂ ਦੀ ਮਹਿਕ ਅਜੇ ਵੀ ਮਹਿਸੂਸ ਕੀਤੀ ਜਾ ਸਕਦੀ ਹੈ-
ਕਿੱਤਾ ਹੀ ਨਹੀਂ ਖੇਤੀਬਾੜੀ, ਇਹ ਤਾਂ ਪੰਜਾਬ ਦਾ ਵਿਰਸਾ ਹੈ।
ਤੂੰ ਵੇਖ ਸਹੀ ਇਸ ਦੇ ਵਿੱਚੋਂ, ਦੁਨੀਆ ਦਾ ਭਵਿੱਖ ਵੀ ਦਿਸਦਾ ਹੈ।
ਇਹ ਤਾਂ ਪੰਜਾਬ ਦਾ ਵਿਰਸਾ ਹੈ।

ਕਿਸਾਨ ਅੰਦੋਲਨ ਨੂੰ ਸਿਰਫ਼ ਖੇਤੀਬਾੜੀ ਸਬੰਧੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਤੱਕ ਹੀ ਸੀਮਤ ਕਰ ਕੇ ਨਹੀਂ ਦੇਖਣਾ ਚਾਹੀਦਾ ਬਲਕਿ ਇਸ ਨੂੰ ਕਿਸੇ ਵੱਡੇ ਇਨਕਲਾਬ ਦੇ ਉਭਾਰ ਦੇ ਸੰਕੇਤ ਵਜੋਂ ਵੀ ਸਮਝਣ ਦੀ ਜ਼ਰੂਰਤ ਹੈ। ਜਦੋਂ ਲੋਕ ਇਹ ਜਾਣ ਜਾਂਦੇ ਹਨ ਕਿ ਉਨ੍ਹਾਂ ਦੀ ਲੁੱਟ ਹੋ ਰਹੀ ਹੈ, ਫਿਰ ਉਨ੍ਹਾਂ ਨੂੰ ਬਹੁਤੀ ਦੇਰ ਦਬਾਇਆ ਨਹੀਂ ਜਾ ਸਕਦਾ। ਆਪਣੇ ਗੀਤ ਦੇ ਇਸ ਮੁੱਖੜੇ ਵਿੱਚ ਮੇਰੇ ਵੱਲੋਂ ਇਹੋ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ-
ਨੰਗਾ ਕਰ ਕੇ ਦਾਗ਼ੀ ਚਿਹਰਾ ਸਿਆਸਤਦਾਨਾਂ ਦਾ।
ਸੁਰਖ਼ ਸਵੇਰ ਦਿਖਾਉਂਦਾ ਹੈ ਸੰਘਰਸ਼ ਕਿਸਾਨਾਂ ਦਾ।

ਸਰਕਾਰਾਂ ਵੱਲੋਂ ਜਿਹੜੇ ਕਾਨੂੰਨ ਬਣਾਏ ਹਨ, ਉਹ ਲੋਕਾਂ ਦੀ ਭਲਾਈ ਲਈ ਬਣਾਏ ਜਾਂਦੇ ਹਨ। ਜਿਨ੍ਹਾਂ ਲੋਕਾਂ ਲਈ ਕਾਨੂੰਨ ਬਣਾਏ ਜਾਂਦੇ ਹਨ, ਜੇਕਰ ਉਨ੍ਹਾਂ ਨੂੰ ਹੀ ਲੱਗਦਾ ਹੋਵੇ ਕਿ ਇਹ ਉਨ੍ਹਾਂ ਲਈ ਨੁਕਸਾਨਦਾਇਕ ਹਨ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਸਬੰਧਿਤ ਲੋਕਾਂ ਨਾਲ ਬਹਿ ਕੇ ਪੁਨਰ ਵਿਚਾਰ ਕੀਤੀ ਜਾਵੇ। ਸੁਖਵਿੰਦਰ ਸਿੰਘ ਲੋਟੇ ਨੇ ਆਪਣੇ ਗੀਤ ਦੇ ਇਸ ਮੁੱਖੜੇ ਵਿੱਚ ਇਸ ਪੱਖ ਨੂੰ ਬੜੇ ਬੇਬਾਕ ਢੰਗ ਨਾਲ ਉਭਾਰਿਆ ਹੈ-
ਘੜ ਕੇ ਕਾਨੂੰਨ ਕਾਲੇ ਕਿਰਸਾਨਾਂ ਨੂੰ ਨਾ ਤੜਫਾ ਦਿੱਲੀਏ।
ਸ਼ਾਹਾਂ ਦੀ ਤੂੰ ਬਣ ਕੇ ਗ਼ੁਲਾਮ ਮਸਲਾ ਨਾ ਉਲਝਾ ਦਿੱਲੀਏ।

ਜਦੋਂ ਕਿਸੇ ਬੰਦੇ ਦੀ ਪਛਾਣ ਹੀ ਇਹ ਬਣ ਜਾਵੇ ਕਿ ਉਹ ਕਦੇ ਕੋਈ ਲੋਕ ਭਲਾਈ ਦਾ ਕੰਮ ਕਰ ਹੀ ਨਹੀਂ ਸਕਦਾ, ਫਿਰ ਉਸ ਦੀ ਕਿਸੇ ਵੀ ਗੱਲ ’ਤੇ ਵਿਸ਼ਵਾਸ ਕਰਨਾ ਜੇਕਰ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੋ ਜਾਂਦਾ ਹੈ। ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨੇ ਵੀ ਆਪਣੀ ਕੁੱਝ ਅਜਿਹੀ ਹੀ ਪਛਾਣ ਬਣਾ ਲਈ ਹੈ ਪਰ ਕਿਸਾਨਾਂ ਦੀ ਦ੍ਰਿੜ੍ਹਤਾ ਨੂੰ ਦੇਖ ਕੇ ਮੰਦਰ ਸਿੰਘ ਰੋਮਾਣਾ ਨੂੰ ਵਿਸ਼ਵਾਸ ਹੈ ਕਿ ਜੇਕਰ ਅੰਦੋਲਨ ਸ਼ਾਂਤਮਈ ਰਹਿੰਦਾ ਹੈ ਤਾਂ ਜਿੱਤ ਲੋਕਾਂ ਦੀ ਹੀ ਹੋਵੇਗੀ-
ਭੁੱਲ ਕੇ ਵੀ ਧਿਜਿਓ ਨਾ ਬੇਈਮਾਨ ਉੱਤੇ,
ਡਰਿਓ ਨਾ ਹੌਸਲੇ ਬੁਲੰਦ ਰੱਖਿਓ।
ਜਿੱਤਣਾ ਇਹ ਮੋਰਚਾ ਹੈ ਨਾਲ ਏਕਤਾ,
ਹੋਇਓ ਨਾ ਗਰਮ ਜਰਾ ਠੰਢ ਰੱਖਿਓ।

ਕੁਲਵੰਤ ਸਿੰਘ ਕਹਿੰਦੇ ਹਨ ਕਿ ਬੇਸ਼ੱਕ ਸਰਕਾਰ ਆਪਣੇ ਬਹੁਮੱਤ ਦੇ ਹੰਕਾਰ ਕਾਰਨ ਕਿਸਾਨਾਂ ਦੇ ਰੋਸ-ਮੁਜਾਹਰਿਆਂ ਦੀ ਪ੍ਰਵਾਹ ਨਹੀਂ ਕਰ ਰਹੀ ਪਰ ਜਿਹੜੇ ਲੋਕ ਰਾਜਨੀਤਕਾਂ ਨੂੰ ਰਾਜਭਾਗ ਦੇ ਮਾਲਕ ਬਣਾ ਸਕਦੇ ਹਨ, ਜੇਕਰ ਉਹ ਆਈ ’ਤੇ ਆ ਜਾਣ ਤਾਂ ਰਾਜ ਗੱਦੀਆਂ ਤੋਂ ਲਾਹ ਵੀ ਸਕਦੇ ਹਨ। ਬੰਦਾ ਭਾਵੇਂ ਜਿੰਨਾ ਮਰਜ਼ੀ ਤਾਕਤਵਰ ਕਿਉਂ ਨਾ ਹੋਵੇ ਪਰ ਉਸ ਨੂੰ ਆਪਣੇ ਕੀਤੇ ਹੋਏ ਕੰਮਾਂ ਦਾ ਫ਼ਲ ਇੱਕ ਨਾ ਇੱਕ ਦਿਨ ਲਾਜ਼ਮੀ ਭੁਗਤਣਾ ਪੈਂਦਾ ਹੈ-
ਪੂੰਜੀਪਤੀਆਂ ਦਾ ਮੋਹਰਾ ਸਰਕਾਰ ਬਣ ਗਈ,
ਦੇਸ਼ ਦੇ ਲੋਕਾਂ ਅੱਗੇ ਹੰਕਾਰ ਨਾਲ ਤਣ ਗਈ,
ਇੱਕ ਦਿਨ ਜਨਮਤ ਅੱਗੇ ਇਹਨੂੰ ਝੁੱਕਣਾ ਪੈਣਾ ਏ।
ਮਾੜੇ ਕੰਮ ਦਾ ਮਾੜਾ ਸਿੱਟਾ ਭੁਗਤਣਾ ਪੈਣਾ ਏ।

ਸ਼ਹੀਦ ਭਗਤ ਸਿੰਘ ਸਮੁੱਚੇ ਭਾਰਤ ਦੇ ਅਜਿਹੇ ਨਾਇਕ ਹਨ ਕਿ ਦੇਸ਼ ਦਾ ਹਰ ਨੌਜਵਾਨ ਭਗਤ ਸਿੰਘ ਬਣਨਾ ਚਾਹੁੰਦਾ ਹੈ। ਇਹ ਵੀ ਮੁਲਕ ਦੀ ਸੌੜੀ ਸਿਆਸਤ ਦੀ ਹੀ ਚਾਲ ਸੀ ਕਿ ਉਨ੍ਹਾਂ ਨੇ ਭਗਤ ਸਿੰਘ ਦੇ ਹੱਥ ਵਿੱਚ ਪਿਸਤੌਲ ਤਾਂ ਦਿਖਾਇਆ ਪਰ ਕਦੇ ਕਿਤਾਬ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੁਖਵਿੰਦਰ ਕੌਰ ਸਿੱਧੂ ਕਹਿੰਦੇ ਹਨ ਕਿ ਹੁਣ ਪੜ੍ਹ-ਲਿਖ ਕੇ ਚੇਤਨ ਹੋਏ ਬਾਬੇ ਧੰਨੇ ਦੇ ਵਾਰਸ ਭਗਤ ਸਿੰਘ ਦੇ ਅਧੂਰੇ ਸੁਪਨਿਆਂ ਨੂੰ ਸੱਚ ਕਰਨ ਦੇ ਰਾਹ ਪੈ ਚੁੱਕੇ ਹਨ-
ਪੁੱਤ ਖੇਤਾਂ ਦੇ ਜਾਗੇ, ਜਾਗ ਪਿਆ ਸ਼ੇਰ ਬਹਾਦਰ ਧੰਨਾ।
ਇਤਿਹਾਸ ਨੇ ਖੋਲ੍ਹ ਲਿਆ, ਭਗਤ ਸਿਆਂ ਮੋੜ ਗਿਆ ਜੋ ਪੰਨਾ।

ਡਾ. ਅਮਨ ਭਗਤ ਪੰਜਾਬ ਦੇ ਗੌਰਵਮਈ ਇਤਿਹਾਸ ਦਾ ਹਵਾਲੇ ਨਾਲ ਇਸ ਕੌੜੇ ਸੱਚ ਨੂੰ ਬਿਆਨ ਕਰਦੇ ਹਨ ਕਿ ਦਿੱਲੀ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਕੀਤਾ, ਜਿਸ ਨੇ ਦੇਸ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਭਾਰਤ ’ਤੇ ਚੜ੍ਹ ਕੇ ਆਏ ਵਿਦੇਸ਼ੀ ਹਮਲਾਵਰਾਂ ਨੂੰ ਦਿੱਲੀ ਪਹੁੰਚਣ ਤੋਂ ਪਹਿਲਾਂ ਪੰਜਾਬ ਦੇ ਇਨ੍ਹਾਂ ਸੂਰਬੀਰ ਯੋਧਿਆਂ ਦੇ ਹੀ ਖੰਡਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨੂੰ ਸ਼ਾਇਦ ਅਜੋਕੇ ਹਾਕਮ ਭੁੱਲ ਚੁੱਕੇ ਹਨ-
ਦਿੱਲੀਏ ਤੈਨੂੰ ਰਿਹਾ ਪੰਜਾਬ ਵੰਗਾਰ, ਨੀ ਤੂੰ ਹੱਥ ਅਕਲਾਂ ਨੂੰ ਮਾਰ,
ਕਿਉਂ ਦੁਹਰਾਉਂਦੀ ਦਿੱਲੀਏ, ਇਤਿਹਾਸ ਨੂੰ ਵਾਰ ਵਾਰ।

ਕੁਲਵੰਤ ਖਨੌਰੀ ਨੇ ਕਈ ਮਹੀਨਿਆਂ ਦੇ ਪੰਜਾਬ ਵਿਚਲੇ ਸੰਘਰਸ਼ ਤੋਂ ਬਾਅਦ ਦਿੱਲੀ ਸਰਕਾਰ ਨੂੰ ਆਪਣੇ ਦੁੱਖ ਦੱਸਣ ਲਈ ਫ਼ਰਿਆਦੀ ਬਣ ਕੇ ਤੁਰੇ ਕਿਸਾਨਾਂ ਦਾ ਹਾਲ ਬੜੇ ਹੀ ਖ਼ੂਬਸੂਰਤ ਢੰਗ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਹੀ ਦੇਸ ਦੇ ਲੋਕਾਂ ਦੇ ਰਾਹਾਂ ਵਿੱਚ ਬੈਰੀਕੇਡ ਲਗਾਉਣ, ਪਾਣੀ ਦੀਆਂ ਬੁਛਾੜਾਂ ਕਰਨ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਵਰਗੇ ਅਣਮਨੁੱਖੀ ਵਰਤਾਰੇ ਦੀ ਚਰਚਾ ਕਰਦਿਆਂ ਉਨ੍ਹਾਂ ਨੇ ਦਿੱਲੀ ਨੂੰ ਇਸ ਤਰ੍ਹਾਂ ਚੁਣੌਤੀ ਦਿੱਤੀ ਹੈ-
ਕਰ ਲੈ ਬੇਸ਼ੱਕ ਸਾਰੇ ਰਾਹ ਬੰਦ ਨੀ।
ਕੱਢ ਲੈ ਬੇਸ਼ੱਕ ਚੀਨ ਵਾਲੀ ਕੰਧ ਨੀ।
ਰੋਕਿਆ ਨਾ ਜਾਣਾ ਨੀ ਤੂਫ਼ਾਨ ਆ ਰਿਹੈ।
ਤੇਰੇ ਵੱਲ ਦਿੱਲੀਏ ਕਿਸਾਨ ਆ ਰਿਹੈ।

ਕੋਈ ਜ਼ਮਾਨਾ ਹੁੰਦਾ ਸੀ, ਜਦੋਂ ਬਚਪਨ ਵਿੱਚ ਅਸੀਂ ਫ਼ੌਜੀ ਭਰਾਵਾਂ ਦੀਆਂ ਗੱਡੀਆਂ ਦੇਖ ਕੇ ਉਨ੍ਹਾਂ ਨੂੰ ਸਲੂਟ ਕਰਨ ਲਈ ਭੱਜੇ ਜਾਂਦੇ ਸੀ ਕਿਉਂਕਿ ਉਨ੍ਹਾਂ ਪ੍ਰਤੀ ਸਾਡੇ ਮਨਾਂ ਵਿੱਚ ਬੜਾ ਸਤਿਕਾਰ ਹੁੰਦਾ ਸੀ। ਗੋਬਿੰਦ ਸਿੰਘ ਤੂਰਬਨਜਾਰਾ ਮਹਿਸੂਸ ਕਰਦੇ ਹਨ ਕਿ ਹੁਣ ਜਦੋਂ ਅਸੀਂ ਕਿਸਾਨਾਂ ਦੀਆਂ ਦਿੱਲੀ ਵੱਲ ਜਾ ਰਹੀਆਂ ਟਰਾਲੀਆਂ ਨੂੰ ਦੇਖਦੇ ਹਾਂ ਤਾਂ ਸਾਡੇ ਮਨਾਂ ਵਿੱਚ ਉਨ੍ਹਾਂ ਪ੍ਰਤੀ ਵੀ ਦੇਸ਼ ਦੀਆਂ ਸਰਹੱਦਾਂ ਵੱਲ ਜਾ ਰਹੇ ਫ਼ੌਜੀ ਜਵਾਨਾਂ ਜਿੰਨਾ ਹੀ ਉਤਸ਼ਾਹ ਹੁੰਦਾ ਹੈ-
ਆਉਂਦੀਆਂ ਟਰਾਲੀਆਂ, ਜਾਂਦੀਆਂ ਟਰਾਲੀਆਂ।
ਗੀਤ ਕੁਰਬਾਨੀ ਵਾਲੇ, ਗਾਉਂਦੀਆਂ ਟਰਾਲੀਆਂ।

ਰਜਿੰਦਰ ਸਿੰਘ ਰਾਜਨ ਲਿਖਦੇ ਹਨ ਕਿ ਆਪਣੇ ਹੱਕਾਂ ਦਾ ਹਿਸਾਬ-ਕਿਤਾਬ ਕਰਨ ਲਈ ਕਾਫ਼ਲੇ ਬੰਨ੍ਹ ਕੇ ਨਿੱਕਲ ਤੁਰੇ ਖੇਤਾਂ ਦੇ ਜੁਝਾਰੂ ਪੁੱਤਾਂ ਦੇ ਹੌਸਲੇ ਅਤੇ ਜਜ਼ਬੇ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਸਾਰੇ ਦਾ ਸਾਰਾ ਪੰਜਾਬ ਹੀ ਸੜਕਾਂ ’ਤੇ ਆ ਗਿਆ ਹੋਵੇ। ਇਹ ਇੱਕ ਇਤਿਹਾਸਕ ਸੱਚ ਹੈ ਕਿ ਜਿਹੜੇ ਲੋਕ ਤਲੀਆਂ ਉੱਤੇ ਸੀਸ ਟਿਕਾਉਣੇ ਜਾਣਦੇ ਹਨ, ਉਨ੍ਹਾਂ ਦੇ ਰਸਤੇ ਅਟਕ ਵੀ ਨਹੀਂ ਰੋਕ ਸਕਦੇ ਅਤੇ ਮੰਜ਼ਿਲਾਂ ਉਨ੍ਹਾਂ ਦੇ ਕਦਮਾਂ ਵਿੱਚ ਹੁੰਦੀਆਂ ਹਨ-
ਖੇਤਾਂ ਦੇ ਪੁੱਤ ਜਾਗ ਪਏ, ਕਰਨ ਲਈ ਹਿਸਾਬ।
ਸੜਕਾਂ ਉੱਤੇ ਨਿਕਲਿਆ, ਲੱਗਦਾ ਕੁੱਲ ਪੰਜਾਬ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੇਕਰ ਕਿਸੇ ਸੰਘਰਸ਼ ਨੇ ਜਨ ਅੰਦੋਲਨ ਦਾ ਰੂਪ ਧਾਰਨ ਕੀਤਾ ਹੈ, ਤਾਂ ਨਿਰਸੰਦੇਹ ਉਹ ਕਿਸਾਨ ਅੰਦੋਲਨ ਹੀ ਹੈ, ਜਿਸ ਵਿੱਚ ਭਾਰਤ ਦੇ ਲੱਗਭੱਗ ਹਰੇਕ ਵਰਗ ਅਤੇ ਕਿੱਤੇ ਨਾਲ ਸਬੰਧਿਤ ਲੋਕ ਸ਼ਾਮਲ ਹੋ ਚੁੱਕੇ ਹਨ। ਗੁਰਮੀਤ ਸਿੰਘ ਸੋਹੀ ਲਲਕਾਰ ਕੇ ਕਹਿੰਦੇ ਹਨ ਕਿ ਹੁਣ ਭਾਵੇਂ ਹਾਕਮ ਜੋ ਮਰਜ਼ੀ ਕਰ ਲਵੇ ਪਰ ਲੋਕ ਏਕਤਾ ਦਾ ਆਇਆ ਹੋਇਆ ਹੜ੍ਹ ਕਿਸੇ ਵੀ ਹਾਲਤ ਵਿੱਚ ਠੱਲ੍ਹਿਆ ਨਹੀਂ ਜਾ ਸਕਦਾ-
ਹੁਣ ਨਾ ਹਾਕਮਾ ਤੇਰੀ ਇੱਕ ਚੱਲਣੀ,
ਲਾ ਲੈ ਜ਼ੋਰ ਜਿਹੜਾ ਤੂੰ ਲਾ ਸਕਦਾ।
ਏਕੇ ਦੀ ਆਈ ਹਨੇਰੀ ਨੂੰ ਹੁਣ,
ਨਾਲ ਤਲਵਾਰਾਂ ਨਹੀਂ ਡਰਾ ਸਕਦਾ।

ਬੜੇ ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਦਾਤੀਆਂ ਵਾਲਿਆਂ ਅਤੇ ਕਹੀਆਂ ਵਾਲਿਆਂ ਭਾਵ ਕਿਸਾਨਾਂ ਅਤੇ ਮਜ਼ਦੂਰਾਂ ਦਾ ਏਕਾ ਹੋਇਆ ਹੈ। ਹਾਕਮ ਜਮਾਤ ਨੇ ਕਦੇ ਵੀ ਇਨ੍ਹਾਂ ਦੋਵਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਬਲਕਿ ਇਨ੍ਹਾਂ ਨੂੰ ਆਪਸ ਵਿੱਚ ਲੜਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਧਰਮੀ ਤੁੰਗਾਂ ਦਾ ਮੰਨਣਾ ਹੈ ਕਿ ਹੁਣ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਜੁੜ ਕੇ ਤੁਰੇ ਕਿਰਤੀ ਅਤੇ ਕਿਸਾਨ ਹਕੂਮਤ ਦੇ ਤਖ਼ਤਾਂ ਦੀਆਂ ਚੂਲਾਂ ਹਿਲਾ ਕੇ ਹੀ ਰਹਿਣਗੇ-
ਅਸੀਂ ਦਾਤੀਆਂ ਵੇਲੇ ਆਂ, ਅਸੀਂ ਕਹੀਆਂ ਵਾਲੇ ਆਂ,
ਗਾਟੇ ਲਾਹ ਕੇ ਰੱਖ ਦਿਆਂਗੇ।
ਦਿੱਲੀਏ ਨੀ ਦਿਲ ਤੇਰਾ ਹਿਲਾ ਕੇ ਰੱਖ ਦਿਆਂਗੇ।

ਡਾ. ਅਮਨਦੀਪ ਸਿੰਘ ਟੱਲੇਵਾਲੀਆ ਕਹਿੰਦੇ ਹਨ ਕਿ ਜਦੋਂ ਕਦੇ ਕਿਸਾਨੀ ਸੰਘਰਸ਼ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਉਸ ਵੇਲੇ ਕਲਮਕਾਰਾਂ ਦਾ ਵੀ ਲੇਖਾ-ਜੋਖਾ ਹੋ ਜਾਵੇਗਾ ਕਿ ਕਿਹੜਾ ਬਾਬੇ ਕਿਆਂ ਦੇ ਪੱਖ ਵਿੱਚ ਭੁਗਤਿਆ ਹੈ ਅਤੇ ਕਿਹੜਾ ਬਾਬਰ ਕਿਆਂ ਦੇ ਪੱਖ ਵਿੱਚ। ਸਰਕਾਰੀ ਮਾਨ-ਸਨਮਾਨ ਦੀ ਲਾਲਸਾ ਰੱਖਣ ਵਾਲੇ ਲੇਖਕ ਸਰਕਾਰਾਂ ਅੱਗੇ ਲਾਲਾਂ ਸੁੱਟਦੇ ਦਿਸਣਗੇ ਅਤੇ ਹੱਕ-ਸੱਚ ਦੀ ਖਾਤਰ ਜੂਝਣ ਵਾਲੇ ਖ਼ਤਰੇ ਮੁੱਲ ਲੈਣ ਤੋਂ ਵੀ ਪਿੱਛੇ ਨਹੀਂ ਹਟਿਆ ਕਰਦੇ-
ਸਮਾਂ ਪਾ ਕੇ ਜਦੋਂ ਇਹ ਸੰਘਰਸ਼ਾਂ ਦਾ ਜਾਊ ਇਤਿਹਾਸ ਲਿਖਿਆ।
ਕਲਮਕਾਰਾਂ ਦਾ ਹੋਊ ਜ਼ਿਕਰ ਜ਼ਰੂਰ ਜਿਹੜਾ ਨਹੀਓਂ ਵਿਕਿਆ।

ਲੰਮੇ ਸਮੇਂ ਤੋਂ ਪੰਜਾਬੀ ਗੀਤਕਾਰਾਂ, ਗਾਇਕਾਂ ਅਤੇ ਫਿਲਮਾਂ ਬਣਾਉਣ ਵਾਲਿਆਂ ਵੱਲੋਂ ਸਮੁੱਚੇ ਜੱਟ ਭਾਈਚਾਰੇ ਨੂੰ ਕਿਸੇ ਵੱਡੇ ਬਦਮਾਸ਼ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਅਤੇ ਉਸ ਦੀ ਆਰਥਿਕ ਮੰਦਹਾਲੀ ਨਾਲ ਜੁੜੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਸੀ।। ਸੁਖਵਿੰਦਰ ਕੌਰ ਹਰਿਆਓ ਨੂੰ ਲੱਗਦਾ ਹੈ ਕਿ ਹੁਣ ਕਿਸਾਨੀ ਸੰਘਰਸ਼ ਦੇ ਉਭਾਰ ਨਾਲ ਜੱਟ ਦੀ ਅਸਲੀ ਤਸਵੀਰ ਸੰਸਾਰ ਪੱਧਰ ’ਤੇ ਉੱਭਰ ਕੇ ਸਾਹਮਣੇ ਆਈ ਹੈ-
ਜੱਟ ਨੂੰ ਬਣਾਈ ਜਾਂਦੇ ਸਿਰੇ ਦਾ ਵੈਲੀ,
ਕਿਉਂ ਹਰ ਕੁੜੀ ਥੋਨੂੰ ਹੀਰ ਦਿਸਦੀ।
ਨਵੇਂ ਸਮਾਜ ਦੇ ਨਵੇਂ ਗੀਤਕਾਰੋ,
ਕਾਹਤੋਂ ਨਹੀਓਂ ਥੋਨੂੰ ਸਹੀ ਤਸਵੀਰ ਦਿਸਦੀ।

ਮੱਘਰ ਸਿੰਘ ਬੰਗੜ ਪੂੰਜੀਪਤੀਆਂ ਵੱਲੋਂ ਖੇਤੀਬਾੜੀ ਖੇਤਰ ਨੂੰ ਕਬਜ਼ੇ ਵਿੱਚ ਕਰਨ ਦੇ ਮਨੋਰਥ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਦੀ ਧਾਰਨਾ ਹੈ ਕਿ ਜੇਕਰ ਲੋਕ ਇਕੱਲੇ-ਇਕੱਲੇ ਹਕੂਮਤ ਨਾਲ ਲੜਨ ਦੀ ਕੋਸ਼ਿਸ਼ ਕਰਨਗੇ ਤਾਂ ਉਹ ਕਦੇ ਵੀ ਸਫ਼ਲ ਨਹੀਂ ਹੋ ਸਕਦੇ। ਸਮਾਜ ਦੇ ਸਾਰੇ ਵਰਗਾਂ ਦਾ ਏਕਾ ਹੀ ਹਾਕਮਾਂ ਨੂੰ ਲੋਕਾਂ ਦੀ ਗੱਲ ਸੁਣਨ ਲਈ ਮਜ਼ਬੂਰ ਕਰ ਸਕਦਾ ਹੈ, ਨਹੀਂ ਤਾਂ ਕਿਸਾਨਾਂ ਵਾਂਗ ਸਾਰੀਆਂ ਧਿਰਾਂ ਨੇ ਹੀ ਵਾਰੀ-ਵਾਰੀ ਲੁੱਟਿਆ ਜਾਣਾ ਹੈ-
ਟਿੱਡੀਆਂ ਦੀ ਨਜ਼ਰ ਪੈ ਗਈ, ਸੋਨੇ ਜਿਹੀਆਂ ਫ਼ਸਲਾਂ ਉੱਤੇ
ਕਰਿਆ ਨਾ ਬਚਣ ਦਾ ਹੱਲ ਜੇ, ਚਿੱਟੇ ਦਿਨੀਂ ਜਾਣਾਂ ਲੁੱਟੇ
ਸੰਘੀਆਂ ਤੋਂ ਫੜੀਏ ਸਾਥੀ, ਦੁਸ਼ਮਣ ਨੂੰ ਘੜੀਏ ਸਾਥੀ
ਕੱਲਿਆਂ ਨੂੰ ਮਾਰਾਂ ਬੜੀਆਂ, ਇੱਕਜੁੱਟ ਹੋ ਖੜ੍ਹੀਏ ਸਾਥੀ।

ਜਗਸੀਰ ਸਿੰਘ ਖਿੱਲ੍ਹਣ ਵੱਲੋਂ ਕਿਸਾਨ ਅੰਦੋਲਨ ਦੀ ਚੜ੍ਹਤ ਨਾਲ ਦੇਸ਼ ਦੇ ਤਾਨਾਸ਼ਾਹ ਹਾਕਮ ਨੂੰ ਜ਼ੀਰੋ ਹੋਇਆ ਲਿਖਣ ਵਿੱਚ ਮੈਨੂੰ ਕੋਈ ਅਤਿਕਥਨੀ ਨਹੀਂ ਦਿਸਦੀ। ਦੇਸ਼ ਦੇ ਇੱਕ ਵਿਸ਼ੇਸ਼ ਫਿਰਕੇ ਨੂੰ ਨਿਸ਼ਾਨਾ ਬਣਾ ਕੇ ਪਾਸ ਕੀਤੇ ਨਾਗਰਿਕਤਾ ਸੋਧ ਬਿਲ ਅਤੇ ਧਾਰਾ ਤਿੰਨ ਸੌ ਸੱਤਰ ਤੋੜਨ ਦੇ ਫ਼ੈਸਲਿਆਂ ਨੇ ਹਾਕਮ ਦਾ ਦਿਮਾਗ ਖਰਾਬ ਕਰ ਦਿੱਤਾ ਸੀ, ਜਿਸ ਨੂੰ ਟਿਕਾਣੇ ’ਤੇ ਲਿਆਉਣ ਦਾ ਸਿਹਰਾ ਜੇਕਰ ਕਿਸੇ ਨੂੰ ਦਿੱਤਾ ਜਾ ਸਕਦਾ ਹੈ ਤਾਂ ਬਿਨਾਂ ਸ਼ੱਕ ਉਹ ਕਿਸਾਨ ਅੰਦੋਲਨ ਹੀ ਹੈ-
ਤੂੰ ਲੋਕਾਂ ਨੂੰ ਸਮਝਦਾ ਕੀੜੇ, ਆਪਣੇ ਆਪ ਨੂੰ ਹੀਰੋ,
ਪੜ੍ਹੇ-ਲਿਖੇ ਹੋਏ ਬਾਂਕੇ ਗੱਭਰੂ, ਤੂੰ ਸਿੱਧ ਹੋਇਆ ਜ਼ੀਰੋ।

ਪੰਜਾਬੀਆਂ ਬਾਰੇ ਇਹ ਗੱਲ ਪ੍ਰਸਿੱਧ ਹੈ ਕਿ ਇਨ੍ਹਾਂ ਨੂੰ ਜੰਗ ਦੇ ਮੈਦਾਨ ਵਿੱਚ ਕੋਈ ਨਹੀਂ ਹਰਾ ਸਕਦਾ ਅਤੇ ਇਹ ਜਦੋਂ ਵੀ ਹਾਰੇ ਹਨ, ਸਮਝੌਤੇ ਦੀ ਗੱਲਬਾਤ ਕਰਨ ਵੇਲੇ ਹੀ ਹਾਰੇ ਹਨ। ਸੰਘਰਸ਼ ਕਰਦੇ ਹਨ ਤਾਂ ਵਿਰੋਧੀ ਨੂੰ ਗੋਡਣੀ ਲਾਉਣ ਲਈ ਮਜ਼ਬੂਰ ਕਰ ਦਿੰਦੇ ਹਨ ਪਰ ਆਪਣਾ ਪੱਖ ਰੱਖਣ ਵਿੱਚ ਹਮੇਸਾ ਅਸਫ਼ਲ ਰਹੇ ਹਨ। ਸਤਪਾਲ ਸਿੰਘ ਲੌਂਗੋਵਾਲ ਚਾਹੁੰਦੇ ਹਨ ਕਿ ਹੁਣ ਪੰਜਾਬੀਆਂ ਨੂੰ ਸ਼ਸਤਰ ਦੇ ਨਾਲ-ਨਾਲ ਸ਼ਾਸਤਰ ਦਾ ਅਧਿਐਨ ਕਰਨ ਦੀ ਵੀ ਸਖ਼ਤ ਜ਼ਰੂਰਤ ਹੈ-
ਮੈਦਾਨਾਂ ਦੇ ਜੇਤੂ, ਮੇਜ਼ਾਂ ’ਤੇ ਜਾਨੇ ਆਂ ਹਾਰ ਆਪਾਂ।
ਇਹ ਗੱਲ ਕਰ ਲਈਏ ਖਿੜੇ ਮੱਥੇ ਸਵਿਕਾਰ ਆਪਾਂ।

ਅਮਨ ਜੱਖਲਾਂ ਬਾਬੇ ਨਾਨਕ ਵੱਲੋਂ ਭਾਈ ਲਾਲੋਆਂ ਅਤੇ ਮਲਕ ਭਾਗੋਆਂ ਦੇ ਵਿਚਕਾਰ ਕੱਢੀ ਗਈ ਸਪੱਸ਼ਟ ਲਕੀਰ ’ਤੇ ਪਹਿਰਾ ਦਿੰਦਿਆਂ ਬੇਬਾਕ ਹੋ ਕੇ ਲਿਖਦੇ ਹਨ ਕਿ ਜੇਕਰ ਕਵਿਤਾ ਦੱਬੇ-ਕੁਚਲੇ ਜਾ ਰਹੇ ਲਾਚਾਰ ਲੋਕਾਂ ਵੱਲੋਂ ਹੰਢਾਈ ਜਾ ਰਹੀ ਪਸ਼ੂਆਂ ਤੋਂ ਵੀ ਭੈੜੀ ਜੂਨ ਦਾ ਸੱਚ ਬਿਆਨ ਨਹੀਂ ਕਰ ਸਕਦੀ ਤਾਂ ਉਸ ਦਾ ਅਖੌਤੀ ਮਿਆਰ ਜਾਂ ਸੁਹੱਪਣ ਉੱਕਾ ਹੀ ਕੋਈ ਅਰਥ ਨਹੀਂ ਰੱਖਦੇ ਕਿਉਂਕਿ ਸੱਚ ਕਲਿਆਣਕਾਰੀ ਵੀ ਹੁੰਦਾ ਹੈ ਅਤੇ ਸੁੰਦਰ ਵੀ-
ਮੈਂ ਉਨ੍ਹਾਂ ਲਈ ਨਹੀਂ ਲਿਖਦਾ
ਜੋ ਇੱਕ ਸਤਰ ਨੂੰ ਪੂਰੀ ਕਰਨ ਲਈ
ਅੱਖਰਾਂ ਦੀ ਗਿਣਤੀ ਕਰਦੇ ਹਨ।
ਉਨ੍ਹਾਂ ਲਈ ਲਿਖਦਾ ਹਾਂ
ਜੋ ਖਾਣ ਤੋਂ ਪਹਿਲਾਂ
ਟੁੱਕਰਾਂ ਦੀ ਗਿਣਤੀ ਕਰਦੇ ਹਨ।

ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਹਮੇਸ਼ਾ ਹੀ ਇਸ ਵਿਚਾਰਧਾਰਾ ਦੀ ਧਾਰਨੀ ਰਹੀ ਹੈ ਕਿ ਕਲਾ, ਕਲਾ ਲਈ ਨਹੀਂ ਬਲਕਿ ਲੋਕਾਂ ਲਈ ਹੁੰਦੀ ਹੈ ਅਤੇ ਲੋਕ-ਹਿੱਤਾਂ ਨੂੰ ਪ੍ਰਣਾਈਆਂ ਕਲਮਾਂ ਹੀ ਲੋਕ-ਸਾਹਿਤ ਸਿਰਜਣ ਦੇ ਸਮਰੱਥ ਹੁੰਦੀਆਂ ਹਨ। ਪੁਸਤਕ ਵਿੱਚ ਸ਼ਾਮਲ ਕੁੱਝ ਕਵੀਆਂ ਦੀਆਂ ਰਚਨਾਵਾਂ ਵਿੱਚ ਤੋਲ-ਤੁਕਾਂਤ ਪੱਖੋਂ ਤਾਂ ਥੋੜ੍ਹੀ-ਬਹੁਤੀ ਘਾਟ ਰੜਕ ਸਕਦੀ ਹੈ ਪਰ ਵਿਚਾਰਧਾਰਕ ਤੌਰ ’ਤੇ ਇਹ ਸਾਰੇ ਹੀ ਫਾਸ਼ੀਵਾਦੀ ਤਾਕਤਾਂ ਦੇ ਖ਼ਿਲਾਫ਼ ਜੂਝਦੇ ਦਿਖਾਈ ਦਿੰਦੇ ਹਨ। ਰਜਿੰਦਰ ਸਿੰਘ ਰਾਜਨ ਵੱਲੋਂ ਕੀਤੇ ਗਏ ਇਸ ਸੁਹਿਰਦ ਅਤੇ ਨਿੱਗਰ ਉਪਰਾਲੇ ਦਾ ਭਰਪੂਰ ਸਮਰਥਨ ਕਰਨਾ ਬਣਦਾ ਹੈ।


ਕਰਮ ਸਿੰਘ ਜ਼ਖ਼ਮੀ

 

 

 

 

 

 

 

 

ਸੰਪਰਕ: 98146-28027