ਕਾਲਜ ਦੀ ਕੰਟੀਨ

ਸੁਖਦੇਵ ਸਿੰਘ

(ਸਮਾਜ ਵੀਕਲੀ)

‘‘ਅੱਜ ਓਹ ਆਈ ਨਹੀਂ?’’

‘‘ਹਾਲੇ ਤਾਂ ਮੈਂ ਦੇਖੀ ਨਹੀਂ।’’

‘‘ਪਰ ਓਹ ਤਾਂ ਅੱਜ ਆਈ ਨਹੀਂ ਲੱਗਦੀ।’’

‘‘ਮੈਂ ਦੋ ਵਾਰ ਲਾਇਬ੍ਰੇਰੀ ਵੀ ਦੇਖ ਆਇਆਂ।’’

‘‘ਓਹ ਤਾਂ ਪਹਿਲਾਂ ਕੰਟੀਨ ਜਾਂਦੀ ਹੁੰਦੀ ਆ।’’

‘‘ਮੈਨੂੰ ਪਤਾ, ਤਾਂਹੀਓ, ਮੈਂ ਲਾਇਬ੍ਰੇਰੀ ਤੇ ਕੰਟੀਨ ਦੇ ਵਿਚਾਲੇ ਖੜ੍ਹਾ ਹੁੰਨਾਂ ਹਮੇਸ਼ਾਂ।’’

‘‘ਖੜ੍ਹਾ ਰਹਿ। ਓਹਨੇ ਅੱਜ ਨਹੀਂ ਆਉਣਾ।’’

‘‘ਇਹੀ ਗੱਲ ਤਾਂ ਤੂੰ ਕੱਲ੍ਹ ਵੀ ਕਹੀ ਸੀ।’’

‘‘ਅਸਲ ਵਿਚ ਮੈਂ ਤੈਨੂੰ ਕੀ ਕਹਿਣਾਂ? ਤੂੰ ਆਪ ਹੀ ਸਮਝ ਕਿ ਇੱਕ ਸਾਲ ਹੋਰ ਰਹਿੰਦਾ। ਫੇਰ ਪੇਪਰਾਂ ਤੋਂ ਬਾਅਦ ਜੋ ਮਰਜ਼ੀ ਕਰੀਂ।’’

‘‘ੳਏ ਸੁਣ! ਮੈਂ ਪੇਪਰਾਂ ਤੱਕ ਨਹੀਂ ਰਹਿਣਾ ਏਥੇ।’’

‘‘ਕਹਿੰਦੀ ਤਾਂ ਉਹ ਵੀ ਸੀ ਕਿ ਉਹਦੀ ਭੈਣ ਨੇ ਬਾਹਰ ਚਲੇ ਜਾਣਾ। ਸ਼ਾਇਦ ਸ਼ਿਬਲੀ ਕੱਲ੍ਹ ਨੂੰ ਕਾਲਜ ਆਵੇ।’’

‘‘ਐਵੇਂ ਭਕਾਇਆ ਨਾ ਕਰ! ਤੈਨੂੰ ਹਮੇਸ਼ਾ ਮਜ਼ਾਕ ਸੁੱਝਦੇ ਆ; ਏਥੇ ਜਾਨ ਨੂੰ ਬਣੀ ਹੋਈ ਆ।’’

‘‘ਸਾਗਰ, ਕੱਲ੍ਹ ਤੂੰ ਹਿਸਟਰੀ ਦੇ ਪੀਰੀਅਡ ਵਿਚ ਦੇਰ ਨਾਲ ਆਇਆ ਸੀ। ਸ਼ਿਬਲੀ ਮੈਨੂੰ ਪੁੱਛਦੀ ਸੀ ਤੇਰੇ ਬਾਰੇ। ਤੂੰ ਭਾਵੇਂ ਸ਼ਿਬਲੀ ਨੂੰ ਪੁੱਛ ਲਈਂ। ਕੱਲ੍ਹ ਨੂੰ ਉਹਨੇ ਜ਼ਰੂਰ ਆਉਣਾ।’’

ਸਾਗਰ, ਸ਼ਿਬਲੀ, ਮੈਂਡੀ ਇੱਕੋ ਕਲਾਸ ਵਿੱਚ ਪੜ੍ਹਦੇ ਸੀ। ਮੈਂਡੀ ਨੇ ਦੋਵਾਂ ਨੂੰ ਦੱਸਿਆ ਹੋਇਆ ਸੀ ਕਿ ਉਹਨੇ ਲਾਸ ਏਂਜਲਸ ਚਲੇ ਜਾਣਾ ਸੀ ਇੱਕ ਡਾਕਟਰ ਨਾਲ ਜਿਸ ਨਾਲ ਉਸ ਦੀ ਮੰਗਣੀ ਹੋ ਚੁੱਕੀ ਸੀ।

ਦੂਸਰੇ ਦਿਨ ਸਾਗਰ ਕਲਾਸ ਦੇ ਸਮੇਂ ਤੋਂ ਕਿੰਨਾ ਚਿਰ ਪਹਿਲਾਂ ਹੀ ਕਾਲਜ ਪਹੁੰਚਿਆ ਹੋਇਆ ਸੀ। ਕੋਈ ਕੋਈ ਕਣੀ ਪੈ ਰਹੀ ਸੀ। ਫੇਰ ਬਾਰਿਸ਼ ਤੇਜ਼ ਹੋ ਗਈ। ਸਾਗਰ ਕੰਟੀਨ ਦੇ ਵਰਾਂਡੇ ਵੱਲ ਨੂੰ ਚਲਾ ਗਿਆ। ਆਲਾ ਦੁਆਲਾ ਦੇਖਣ ਲੱਗ ਪਿਆ। ਪਰ ਸ਼ਿਬਲੀ ਹਾਲੇ ਓਹਨੂੰ ਕਿਤੇ ਦਿਸ ਨਹੀਂ ਰਹੀ ਸੀ। ਅਚਾਨਕ ਉਸ ਦੀ ਨਜ਼ਰ ਦੂਰੋਂ ਆਉਂਦੀ ਸ਼ਿਬਲੀ ਉੱਤੇ ਪਈ ਜਿਹਨੇ ਉਨਾਭੀ ਰੰਗ ਦਾ ਸੂਟ ਪਾਇਆ ਹੋਇਆ ਸੀ। ਸਿਰ ’ਤੇ ਉਨਾਭੀ ਰੰਗ ਦਾ ਦੁਪੱਟਾ ਹਵਾ ਵਿਚ ਪਤੰਗ ਦੀ ਤਰ੍ਹਾਂ ਉੱਡਣ ਨੂੰ ਕਾਹਲਾ ਕਾਹਲਾ ਪੈ ਰਿਹਾ ਸੀ; ਸ਼ਿਬਲੀ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਦੇ ਮੁਲਾਇਮ ਹੱਥ ਉਨਾਭੀ ਦੁਪੱਟੇ ਵਿਚੋਂ ਝਾਤੀ ਮਾਰ ਰਹੇ ਸਨ।

ਸ਼ਿਬਲੀ ਅਪਣੇ ਭਿੱਜੇ ਹੋਏ ਦੁਪੱਟੇ ਨੂੰ ਨਿਚੋੜਨ ਲੱਗ ਪਈ। ਉਨਾਭੀ ਰੰਗ ਨੁੱਚੜਦੇ ਨੁੱਚੜਦੇ ਕੁਝ ਹੋਰ ਹੀ ਲੱਗਣ ਲੱਗ ਪਿਆ। ਸਾਗਰ ਨੇ ਹੌਲੀ ਹੌਲੀ ਦੁਪੱਟੇ ਦਾ ਇਕ ਕਿਨਾਰਾ ਫੜ੍ਹ ਲਿਆ। ਦੋਵੇਂ ਦੁਪੱਟੇ ਨੂੰ ਆਪਣੇ ਆਪਣੇ ਕਿਨਾਰੇ ਫੜ ਕੇ ਸੁਕਾਉਣ ਲੱਗ ਪਏ। ਸਾਗਰ ਨੇ ਸ਼ਿਬਲੀ ਦੇ ਮਨਪਸੰਦ ਰੰਗ ਦਾ ਸੂਟ, ਸ਼ਿਬਲੀ ਦੇ ਜਨਮ ਦਿਨ ਉੱਤੇ ਬੜੇ ਚਾਅ ਨਾਲ ਦਿੱਤਾ ਸੀ, ਤਿੰਨ ਦਿਨ ਪਹਿਲਾਂ।

‘‘ਕੱਲ ਕਿਉਂ ਨਹੀਂ ਆਈ ਤੂੰ, ਸ਼ਿਬਲੀ? ਤੂੰ ਹਰ ਰੋਜ਼ ਆਇਆ ਕਰ। ਜਦੋਂ ਤੂੰ ਨਹੀਂ ਆਉਂਦੀ ਤਾਂ ਸਾਰਾ ਕਾਲਜ ਮੈਨੂੰ ਖਾਣ ਨੂੰ ਪੈਂਦਾ।’’

ਸਾਗਰ ਹਾਲੇ ਹੋਰ ਬੋਲਦਾ ਰਹਿੰਦਾ, ਪਰ ਸ਼ਿਬਲੀ ਰੋਣ ਲੱਗ ਪਈ।

‘‘ਤੂੰ ਕਾਹਨੂੰ ਰੋਈ ਜਾਨੀਂ ਐਂ? ਐਨੀਆਂ ਸੋਹਣੀਆਂ ਅੱਖਾਂ ਸੁੱਜਣ ਲੱਗ ਜਾਣੀਆਂ। ਫੇਰ ਪਤਾ ਕੀ ਹੋਊ?’’

ਸਾਗਰ ਦੀ ਇਕ ਪੁਰਾਣੀ ਗੱਲ ਯਾਦ ਕਰਦਿਆਂ ਰੋਂਦੇ ਰੋਂਦੇ ਸ਼ਿਬਲੀ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਛਾ ਗਈ।

‘‘ਅੱਖਾਂ ਜਾਂ ਪਲਕਾਂ?’’

‘‘ਪਲਕਾਂ!’’

ਸ਼ਿਬਲੀ ਨੇ ਚਾਹ ਵੀ ਨਹੀਂ ਪੀਤੀ, ਸਮੋਸੇ ਵੀ ਨਹੀਂ ਖਾਧੇ। ਕਹਿੰਦੀ ਕਿ ਅੱਜ ਦਿਲ ਨਹੀਂ ਲੱਗਦਾ।

ਵਾਰ ਵਾਰ ਪੁੱਛਣ ਤੋਂ ਬਾਅਦ ਸ਼ਿਬਲੀ ਨੇ ਦੱਸਿਆ ਕਿ ਪਰਸੋਂ ਜਦੋਂ ਉਹ ਕਾਲਜ ਨਹੀਂ ਆਈ ਸੀ ਤਾਂ ਉਨ੍ਹਾਂ ਦੇ ਘਰ ਵੈਨਕੂਵਰ ਤੋਂ ਇੱਕ ਮੁੰਡਾ ਆਇਆ ਸੀ। ਉਸ ਦਾ ਰਿਸ਼ਤਾ ਕਰਨਾ ਤਾਂ ਉਸ ਦੀ ਭੈਣ ਨਾਲ ਸੀ, ਪਰ ਮੁੰਡੇ ਨੇ ਸ਼ਿਬਲੀ ਨੂੰ ਪਸੰਦ ਕਰ ਲਿਆ।

‘‘ਮੈਂ ਤਾਂ ਬੱਸ ਚਾਹ ਦੀ ਟਰੇ ਲੈ ਕੇ ਗਈ ਸੀ।’’

‘‘ਤੇਰੇ ਘਰ ਦਿਆਂ ਨੇ ਕੁਝ ਨਹੀਂ ਕਿਹਾ?’’

ਸ਼ਿਬਲੀ ਨੇ ਸਿਰ ਹਿਲਾ ਦਿੱਤਾ। ਉਸ ਦੀ ਭੁੱਬ ਨਿਕਲ ਗਈ।

ਸਾਗਰ ਨੇ ਸ਼ਿਬਲੀ ਦੇ ਉਨਾਭੀ ਦੁਪੱਟੇ ਦੇ ਲੜ ਨਾਲ ਉਸ ਦੇ ਹੰਝੂ ਪੂੰਝੇ। ਨੀਵੀਂ ਪਾਈ ਬੈਠੀ ਸ਼ਿਬਲੀ ਦੇ ਸਿਰ ’ਤੇ ਦੁਪੱਟਾ ਸਜਾ ਦਿੱਤਾ।

ਘੰਟੀ ਵੱਜੀ।

ਨਵਾਂ ਪੀਰੀਅਡ ਸ਼ੁਰੂ ਹੋ ਗਿਆ।

ਖਾਲੀ ਪੀਰਡ ਵਿਚ ਮੈਂਡੀ ਵੀ ਕੰਟੀਨ ਵਿਚ ਚਾਹ ਪੀਣ ਆ ਗਈ। ਉਸ ਨੂੰ ਸ਼ਿਬਲੀ ਨੇ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ।

ਮੈਂਡੀ ਚੁੱਪਚਾਪ ਸਾਗਰ ਵੱਲ ਟਿਕਟਿਕੀ ਲਾ ਕੇ ਦੇਖਦੀ ਰਹੀ। ਸਾਗਰ ਚੁੱਪਚਾਪ ਸ਼ਾਂਤ ਖੜ੍ਹਾ ਸੀ।

ਸੋਹਣਾ। ਉੱਚਾ ਲੰਬਾ। ਸੁਡੌਲ। ਚੌੜੇ ਮੋਢੇ। ਸਾਂਵਲਾ ਜਿਹਾ। ਤਿੱਖਾ ਨੱਕ। ਚੰਨ ਵਰਗਾ ਮੱਥਾ। ਕੰਨ ਜਿਵੇਂ ਦੋ ਸਵਾਲੀਆ ਨਿਸ਼ਾਨ। ਕਹਾਣੀਆਂ ਸੁਣਾਉਂਦੀਆਂ ਡੂੰਘੀਆਂ ਅੱਖਾਂ। ਸਮੁੰਦਰੋਂ ਡੂੰਘੀਆਂ ਅੱਖਾਂ।

ਮੈਂਡੀ ਨੇ ਚਾਹ ਦਾ ਘੁੱਟ ਭਰਿਆ; ਕੱਪ ਡੰਡੀ ਤੋਂ ਨਹੀਂ ਫੜਿਆ। ਕਹਿਣ ਲੱਗੀ, ‘‘ਸਾਗਰ! ਸ਼ਿਬਲੀ ਦੇ ਘਰ ਵਾਲਿਆਂ ਨੇ ਠੀਕ ਨਹੀਂ ਕੀਤਾ! ਐਵੀਂ ਚੱਕ ਚਕਾ ਕੇ ਵਿਚਾਰੀ ਸ਼ਿਬਲੀ ਨੂੰ ਵੈਨਕੂਵਰ ਵਾਲੇ ਮੁੰਡੇ ਨਾਲ ਨਰੜ ਕਰਨ ਲੱਗੇ ਆ। ਨਾ ਦੱਸਿਆ। ਨਾ ਪੁੱਛਿਆ। ਨਾ ਸੋਚਿਆ।’’

‘‘ਮੈਂਡੀ, ਕੁਝ ਤਾਂ ਜ਼ਰੂਰ ਸੋਚਿਆ ਹੋਣਾ!’’

ਸ਼ਿਬਲੀ ਚੁੱਪਚਾਪ ਨੀਵੀਂ ਪਾਈ ਬੈਠੀ ਸੀ। ਆਪਣੇ ਹੱਥਾਂ ਨੂੰ ਮਲ ਰਹੀ ਸੀ ਜਿਵੇਂ ਬਹੁਤ ਕੁਝ ਕਹਿਣਾ ਚਾਹ ਰਹੀ ਹੋਵੇ।

‘‘ਵੈਸੇ ਮੈਂ ਸ਼ਿਬਲੀ ਦੇ ਪਾਪਾ ਨਾਲ ਕਿਸੇ ਦਿਨ ਇਹ ਗੱਲ ਕਰਨੀ ਜ਼ਰੂਰ ਆ। ਉਦੋਂ ਤਾਂ ਕਹਿੰਦੇ ਸੀ ਕਿ ਸਾਨੂੰ ਸਾਗਰ ਵਰਗਾ ਮੁੰਡਾ ਕਿਤੇ ਨਹੀਂ ਮਿਲਣਾ। ਅਸੀਂ ਤਾਂ ਬਸ ਸ਼ਿਬਲੀ ਲਈ ਹੋਰ ਕੋਈ ਵਰ ਲੱਭਣਾ ਈ ਨਹੀਂ। ਨਾਲੇ ਕਹਿੰਦੇ ਸੀ ਕਿ ਸਾਗਰ ਵਰਗੇ ਸੋਹਣੇ ਸੁਨੱਖੇ ਮੁੰਡੇ ਮਿਲਦੇ ਨਹੀਂ ਇਨ੍ਹਾਂ ਹਾਲਾਤ ਵਿੱਚ।’’

ਗਰਮ ਗਰਮ ਚਾਹ ਦਾ ਇੱਕ ਹੋਰ ਘੁੱਟ ਪੀਂਦੇ ਪੀਂਦੇ ਸਾਗਰ ਦੇ ਕੰਨਾਂ ਵਿੱਚ ਉਸ ਪ੍ਰੋਫ਼ੈਸਰ ਦੇ ਕਹੇ ਸ਼ਬਦ ਗੂੰਜਣ ਲੱਗ ਗਏ: ‘‘ਸਾਗਰ! ਤੂੰ ਤਾਂ ਮਰ ਹੀ ਜਾਣਾ ਸੀ ਉਸ ਦਿਨ। ਬਾਕੀ ਸਾਰਾ ਕਾਲਜ ਸਿਰਫ਼ ਦੇਖ ਹੀ ਰਿਹਾ ਸੀ, ਤੂੰ ਵੀ ਸਿਰਫ਼ ਦੇਖਦਾ ਹੀ ਰਹਿੰਦਾ ਉਦੋਂ?’’

ਓਦੋਂ ਕਾਲਜ ਦੀ ਕੰਟੀਨ ਦੇ ਨੇੜਲੇ ਬੋਹੜ ਦੇ ਦਰਖਤ ਉੱਤੇ ਲੱਗਾ ਡੂੰਮਣਾ ਛਿੜ ਗਿਆ। ਸਾਰਾ ਕਾਲਜ ਇਕੱਠਾ ਹੋ ਗਿਆ। ਪੜ੍ਹਾਉਣ ਆਏ ਪ੍ਰੋਫ਼ੈਸਰ। ਪੜ੍ਹਣ ਆਏ ਸੁਡੋਲ ਮੁੰਡੇ। ਆਪਣੇ ਲੰਮੇ ਲੰਮੇ ਵਾਲਾਂ ਨੂੰ ਸੰਭਾਲਦੀਆਂ ਸੋਹਣੀਆਂ ਕੁੜੀਆਂ। ਝੱਟ ਹੀ, ਸ਼ਹਿਦ ਦੀਆਂ ਮੱਖੀਆਂ ਨੇ ਸ਼ਿਬਲੀ ਉੱਤੇ ਹਮਲਾ ਕਰ ਦਿੱਤਾ। ਸ਼ਿਬਲੀ ਦੀ ਗਰਦਨ ਤੋਂ ਲੈ ਕੇ ਉਸ ਦੇ ਚਿਹਰੇ ’ਤੇ ਮੱਖੀਆਂ ਨੇ ਡੰਗ ਮਾਰੇ ਹੋਏ ਸੀ। ਕਈ ਮੱਖੀਆਂ ਤਾਂ ਡਰੀਆਂ ਹੋਈਆਂ ਸ਼ਿਬਲੀ ਦੇ ਵਾਲਾਂ ਦੇ ਥੱਬਿਆਂ ਵਿੱਚ ਬੈਠ ਗਈਆਂ, ਪਰ ਡੰਗ ਵੀ ਮਾਰਦੀਆਂ ਰਹੀਆਂ; ਵਾਲਾਂ ਦੀ ਸੁਗੰਧ ਵਿੱਚ ਮੁਗਧ ਬੈਠੀਆਂ ਵੀ

ਰਹੀਆਂ, ਆਦਤ ਮੁਤਾਬਿਕ ਆਪਣਾ ਫ਼ਰਜ਼ ਵੀ ਨਿਭਾਉਂਦੀਆਂ ਰਹੀਆਂ।

ਬੇਹੋਸ਼ ਹੋਈ ਸ਼ਿਬਲੀ ਧੜੰਮ ਕਰ ਕੇ ਡਿੱਗ ਪਈ।

ਸਾਗਰ ਨੇ ਜਦੋਂ ਕਾਲਜ ਵੜਦਿਆਂ ਕੰਟੀਨ ਦੇ ਵਰਾਂਡੇ ਵਿਚ ਖੜ੍ਹੇ ਹਜੂਮ ਨੂੰ ਦੇਖਿਆ ਤਾਂ ਉਸ ਨੇ ਆਪਣਾ ਮੋਟਰ ਸਾਈਕਲ ਸਿੱਧਾ ਕੰਟੀਨ ਸਾਹਮਣੇ ਰੋਕ ਕੇ ਜ਼ਮੀਨ ’ਤੇ ਡੇਗ ਦਿੱਤਾ। ਮੈਂਡੀ ਨੱਠ ਕੇ ਸਾਗਰ ਕੋਲ ਆਈ: ‘‘ਸਾਗਰ! ਸਾਗਰ! ਜਲਦੀ ਕਰ, ਉਹ ਦੇਖ, ਓਧਰ ਖੱਬੇ, ਸ਼ਿਬਲੀ…।’’

ਕਾਹਲੀ ਕਾਹਲੀ ਸਾਗਰ ਨੇ ਕੰਟੀਨ ਵਿਚ ਪਈ ਖਾਲੀ ਬੋਰੀ ਆਪਣੇ ਉੱਤੇ ਪਾਈ ਤੇ ਬੇਹੋਸ਼ ਪਈ ਸ਼ਿਬਲੀ ਨੂੰ ਚੁੱਕਿਆ ਤੇ ਨੱਠ ਕੇ ਬੋਹੜ ਤੋਂ ਦੂਰ ਲੈ ਗਿਆ। ਸਾਰੇ ਪੜ੍ਹਣ ਵਾਲੇ, ਸਾਰੇ ਪੜ੍ਹਾਉਣ ਵਾਲੇ ਉੱਥੇ ਦੇ ਉੱਥੇ ਖੜ੍ਹੇ ਰਹੇ, ਦੇਖਦੇ ਰਹੇ, ਸਿਰਫ਼ ਦੇਖਦੇ ਹੀ ਰਹੇ। ਟੱਸ ਤੋਂ ਮੱਸ ਨਹੀਂ ਹੋਏ।

ਇੱਕ ਇੱਕ ਕਰਕੇ, ਸਾਗਰ ਨੇ ਕਾਹਲੀ ਕਾਹਲੀ ਮੱਖੀਆਂ ਕੱਢੀਆਂ, ਵਗਾਹ ਵਗਾਹ ਮਾਰਿਆ।

ਆਪਣੇ ਮੋਟਰ ਸਾਈਕਲ ’ਤੇ ਸ਼ਿਬਲੀ ਨੂੰ ਹਸਪਤਾਲ ਲੈ ਗਿਆ; ਮੈਂਡੀ ਸ਼ਿਬਲੀ ਨੂੰ ਪਿੱਛੇ ਫੜ ਕੇ ਬੈਠ ਗਈ।

ਖ਼ੈਰ! ਅੱਜ ਸ਼ਿਬਲੀ ਚਾਹ ਦੇ ਕੱਪ ਦੁਆਲੇ ਘੁੰਮਦੀਆਂ ਮੱਖੀਆਂ ਨੂੰ ਉਡਾ ਰਹੀ ਸੀ। ਮੈਂਡੀ ਕੰਟੀਨ ਦੇ ਕਾਊਂਟਰ ਵਿੱਚ ਪਏ ਸਮੋਸਿਆਂ ਉੱਤੇ ਭਿਨਭਿਨਾ ਰਹੀਆਂ ਮੱਖੀਆਂ ਨੂੰ ਦੇਖ ਰਹੀ ਸੀ। ਸਾਗਰ ਚੁੱਪਚਾਪ ਠੰਢੀ ਚਾਹ ਦਾ ਘੁੱਟ ਪੀ ਰਿਹਾ ਸੀ।

ਕਈ ਸਾਲ ਬੀਤ ਗਏ।

ਮੈਂਡੀ ਵਿਆਹ ਤੋਂ ਬਾਅਦ ਅਪਣੇ ਪਤੀ ਨਾਲ ਲਾਸ ਏਂਜਲਸ ਵਿੱਚ ਰਹਿਣ ਲੱਗ ਗਈ। ਉਸ ਨੰ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਨੌਕਰੀ ਮਿਲ ਗਈ। ਇੱਕ ਸੋਮਵਾਰ ਸਵੇਰ ਨੂੰ ਉਹਦੀ ਨਜ਼ਰ ਇੱਕ ਸੋਹਣੇ, ਸਾਂਵਲੇ, ਲੰਮੇ ਸ਼ਖ਼ਸ ’ਤੇ ਪਈ ਜਿਸ ਦੀ ਚਾਲ ਢਾਲ ਮੈਂਡੀ ਨੂੰ ਦੂਰੋਂ ਸਾਗਰ ਵਰਗੀ ਲੱਗੀ।

ਦਰਅਸਲ, ਉਹ ਸਾਗਰ ਹੀ ਸੀ। ਕਈ ਹਫ਼ਤੇ ਲੰਘਣ ਤੋਂ ਬਾਅਦ ਇਕ ਦਿਨ ਐਲੀਵੇਟਰ ਵਿੱਚ ਲੱਗੇ ਸ਼ੀਸ਼ੇ ਵਿਚ ਉਸ ਨੇ ਸਾਗਰ ਨੂੰ ਅੰਦਰ ਆਉਂਦੇ ਦੇਖਿਆ। ਸਾਗਰ ਮੈਂਡੀ ਨੂੰ ਦੇਖ ਕੇ ਖ਼ੁਸ਼ ਵੀ ਹੋਇਆ, ਹੈਰਾਨ ਵੀ। ਐਲੀਵੇਟਰ ਤੋਂ ਬਾਹਰ ਨਿਕਲਦਿਆਂ ਉਨ੍ਹਾਂ ਨੇ ਗਰਾਊਂਡ ਫਲੋਰ ਵਾਲੀ ਕੰਟੀਨ ਵਿਚ ਉਸ ਦਿਨ ਦੁਪਹਿਰ ਦਾ ਖਾਣਾ ਖਾਣ ਦਾ ਪ੍ਰੋਗਰਾਮ ਬਣਾ ਲਿਆ।

ਕਈ ਹੋਰ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਰਹੇ। ਸਾਗਰ ਮੈਂਡੀ ਨੂੰ ਸ਼ਿਬਲੀ ਬਾਰੇ ਪੁੱਛਣਾ ਚਾਹੁੰਦਾ ਸੀ। ਹੁੰਗਾਰਾ ਭਰਦਾ ਭਰਦਾ ਸਾਗਰ ਅਚਾਨਕ ਚੁੱਪ ਕਰ ਗਿਆ। ਮੈਂਡੀ ਸਮਝ ਗਈ ਕਿ ਸਾਗਰ ਏਨੇ ਸਾਲ ਬੀਤ ਜਾਣ ਦੇ ਬਾਵਜੂਦ ਸ਼ਿਬਲੀ ਨੂੰ ਭੁਲਾ ਨਹੀਂ ਸਕਿਆ, ਉਹ ਤਾਂ ਹਾਲੇ ਵੀ ਉਸ ਦੀ ਯਾਦ ’ਚ ਡੁੱਬਿਆ ਸੀ। ਮੈਂਡੀ ਜਾਣਬੁੱਝ ਕੇ ਆਮ ਜਿਹੀ ਗੱਲ ਕਰਨ ਲੱਗ ਪਈ, ਸਾਗਰ ਦੀ ਚੁੱਪੀ ਤੋੜਣ ਲਈ।

‘‘ਸਾਗਰ, ਦੇਖ! ਲਾਸ ਏਂਜਲਸ ’ਚ ਮੱਖੀਆਂ ਨਹੀਂ ਹੁੰਦੀਆਂ। ਨਾ ਹੀ ਮਛੱਰ ਹੁੰਦੇ ਆ।’’

‘‘ਮੈਂਡੀ, ਏਥੇ ਸ਼ਹਿਦ ਦੀਆਂ ਮੱਖੀਆਂ ਵੀ ਨਹੀਂ ਹੁੰਦੀਆਂ!’’

‘‘ਤਾਂਹੀਓ, ਡੂੰਮਣੇ ਨਹੀਂ ਲੱਗਦੇ!’’

‘‘ਤਾਂਹੀਓ, ਸਾਗਰ ਆਪਣੇ ਦਫ਼ਤਰ ’ਚ ਆਪਣੇ ਸਕਰੀਨ ਸੇਵਰ ਉੱਤੇ ਸ਼ਹਿਦ ਦੀਆਂ ਮੱਖੀਆਂ ਨੂੰ ਦੇਖਦਾ ਰਹਿੰਦਾ ਏਂ!’’

ਸਾਗਰ ਫੋਨ ਕਰਦਾ ਕਰਦਾ ਆਪਣੀ ਕਾਰ ਦੀਆਂ ਚਾਬੀਆਂ ਟੇਬਲ ’ਤੇ ਭੁੱਲ ਗਿਆ। ਮੈਂਡੀ ਨੇ ਚਾਬੀਆਂ ਸਾਗਰ ਨੂੰ ਫੜਾਉਂਦਿਆਂ ਕਿਹਾ, ‘‘ਮੇਰੀ ਕਾਰ ਮਕੈਨਕ ਕੋਲ ਗਈ ਹੋਈ ਆ। ਅੱਜ ਆਪਣੀ ਮਰਸੀਡੀਜ਼ ’ਚ ਝੂਟੇ ਦੇਈਂ ਜੇ ਤੂੰ ਹੋਰ ਕਿਤੇ ਨਹੀਂ ਜਾਣਾ।’’

‘‘ਮੈਂਡੀ, ਭਾਵੇਂ ਅਗਲੀ ਸੀਟ ’ਤੇ ਬੈਠ ਜਾ। ਆਪਣਾ ਪਰਸ ਪਿੱਛੇ ਹੀ ਰੱਖ ਲੈ।’’

‘‘ਸਾਗਰ, ਆਪਣੀ ਆਵਾਜ਼ ’ਚ ਕੋਈ ਗ਼ਜ਼ਲ ਸੁਣਾ।’’

‘‘ਮੈਂਡੀ, ਤਿੰਨ ਦਿਨ ਹੋਏ ਇਹ ਗ਼ਜ਼ਲ ਲਿਖੀ ਸੀ। ਆਹ, ਸੁਣ ਲੈ।’’

ਚਾਰੇ ਪਾਸਿਓਂ ਕਾਰ ਵਿੱਚ ਉਸ ਦੀ ਆਵਾਜ਼ ਗੂੰਜਣ ਲੱਗੀ।

ਹਾਈਵੇ ’ਤੇ ਜਾਂਦੇ ਹੋਏ ਸਾਗਰ ਨੇ ਕਿਹਾ, ‘‘ਮੈਂਡੀ, ਮੈਨੂੰ ਐਗਜ਼ਿਟ ਦੱਸ ਦੇਂਈ; ਕਿਤੇ ਗੁਆਚ ਈ ਨਾ ਜਾਈਏ!’’

‘‘ਸਾਗਰ! ਤੇਰੀ ਗ਼ਜ਼ਲ ਤੋਂ ਸਾਫ਼ ਪਤਾ ਲੱਗਦਾ ਕਿ ਤੂੰ ਹਾਲੇ ਵੀ ਸ਼ਿਬਲੀ ਨੂੰ ਭੁੱਲਿਆ ਨਹੀਂ! ਵੈਸੇ ਦੱਸ! ਤੂੰ ਵਿਆਹ ਕਿਉਂ ਨਹੀਂ ਕਰਾਇਆ? ਮੇਰਾ ਮੁੰਡਾ ਤਾਂ ਹੁਣ ਯੂਨੀਵਰਸਟੀ ਜਾਂਦਾ। ਤੈਨੂੰ ਮਿਲਾਊਂ ਕਦੀ। ਸ਼ਿਬਲੀ ਦੇ ਮੁੰਡੇ ਮਨਰਾਜ ਦਾ ਹਾਣੀ ਆ। ਮਨਰਾਜ ਤਾਂ ਐਨ ਤੇਰੇ ਵਰਗਾ ਲੱਗਦਾ।’’

‘‘ਮਨਰਾਜ ਨੂੰ ਤੂੰ ਮਿਲੀ ਸੀ?’’

‘‘ਨਹੀਂ। ਫੇਸਟਾਈਮ ’ਤੇ ਗੱਲ ਕਰਾਈ ਸੀ ਸ਼ਿਬਲੀ ਨੇ। ਉਹ ਤਾਂ ਗੱਲਬਾਤ ਵੀ ਐਨ ਤੇਰੇ ਵਾਂਗ ਹੀ ਕਰਦਾ।’’

‘‘ਸ਼ਿਬਲੀ ਵੀ ਓਦਾਂ ਦੀ ਹੋਣੀ ਐ?’’

‘‘ਨਹੀਂ, ਸ਼ਿਬਲੀ ਤਾਂ ਓਦਾਂ ਦੀ ਨਹੀਂ ਰਹੀ। ਪਿਛਲੇ ਹਫ਼ਤੇ ਗੱਲ ਹੋਈ ਸੀ। ਸ਼ਿਬਲੀ ਦੀ ਕਿਡਨੀ ਫੇਲ ਹੋ ਗਈ ਆ। ਸਰਜਰੀ ਹੋਣੀ ਸੀ। ਪਰ ਕੋਈ ਮੈਚ ਨਹੀਂ ਮਿਲਦਾ।’’

‘‘ਕਿਸੇ ਨਾਲ ਵੀ ਨਹੀਂ ਮਿਲਦਾ?’’

‘‘ਸਾਗਰ, ਏਦਾਂ ਵੀ ਨਹੀਂ। ਉਸ ਦੇ ਪਤੀ ਨਾਲ ਬਿਲਕੁਲ ਮਿਲਦਾ, ਪਰ ਉਸਦੀ ਸੱਸ ਨਹੀਂ ਮੰਨਦੀ। ਵੈਸੇ ਉਸ ਦੇ ਪਤੀ ਦੀ ਨੀਅਤ ’ਤੇ ਵੀ ਮੈਨੂੰ ਸ਼ੱਕ ਹੈਗਾ। ਪਿਛਲੀ ਵਾਰ ਜਦੋਂ ਮੇਰੀ ਗੱਲ ਹੋਈ ਸੀ ਤਾਂ ਸ਼ਿਬਲੀ ਹਸਪਤਾਲ ’ਚ ਸੀ। ਉਸ ਦਾ ਡਾਇਲਸਸ ਕਰਨਾ ਪੈਂਦਾ। ਹੋਰ ਵੀ ਗੱਲਾਂ ਦੱਸਦੀ ਸੀ, ਰੋਂਦੀ ਰੋਂਦੀ।’’

‘‘ਮੈਂਡੀ, ਮੇਰਾ ਬਲੱਡ ਗਰੁੱਪ ਵੀ ਸ਼ਿਬਲੀ ਨਾਲ ਮਿਲਦਾ। ਤੈਨੂੰ ਯਾਦ ਹੋਣਾ ਜਦੋਂ ਆਪਾਂ ਦੋਵੇਂ ਕਾਲਜ ਦੀ ਕੰਟੀਨ ਤੋਂ ਹਸਪਤਾਲ ਲੈ ਕੈ ਗਏ ਸੀ ਉਸ ਨੂੰ। ਜਦੋਂ ਡਾਕਟਰ ਕਹਿੰਦਾ ਸੀ ਕਿ ਮੇਰਾ ਬਲੱਡ ਗਰੁੱਪ ਸ਼ਿਬਲੀ ਦੇ ਬਲੱਡ ਗਰੁੱਪ ਨਾਲ ਬਿਲਕੁਲ ਮਿਲਦਾ। ਤਾਂ ਹੀ ਡਾਕਟਰ ਨੇ ਜਲਦੀ ਜਲਦੀ ਦੋ ਬੋਤਲਾਂ ਲੈ ਲਈਆਂ ਸੀ। ਹੁਣ ਤੂੰ ਸ਼ਿਬਲੀ ਨੂੰ ਵੱਟਸਐਪ ਕਾਲ ਕਰ। ਵੀਡੀਓ ਕਾਲ ਨਾ ਕਰੀਂ।’’

ਮੈਂਡੀ ਹਾਲੇ ਸ਼ਿਬਲੀ ਨਾਲ ਗੱਲ ਕਰ ਰਹੀ ਸੀ ਤਾਂ ਸਾਗਰ ਨੇ ਫੋਨ ਫੜ੍ਹ ਲਿਆ। ਸ਼ਿਬਲੀ ਰੋਈ ਜਾ ਰਹੀ ਸੀ। ਸਾਗਰ ਕਹਿਣ ਲੱਗਾ: ‘‘ਸ਼ਿਬਲੀ, ਸ਼ਿਬਲੀ, ਰੋ ਨਾ। ਮੈਨੂੰ ਲਾਸ ਏਂਜਲਸ ਤੋਂ ਤੇਰੇ ਕੋਲ ਆਉਣ ਨੂੰ 2 ਘੰਟੇ 55 ਮਿਨਟ ਲੱਗਣੇ ਆਂ। ਤੇਰੇ ਕੋਲ ਆ ਰਿਹਾਂ। ਬਹੁਤ ਜਲਦੀ। ਪੂਰਾ ਹੌਂਸਲਾ ਰੱਖ। ਸਭ ਠੀਕ ਹੋ ਜਾਣਾ। ਓਨਾ ਚਿਰ ਕਿਤੇ ਜਾਈਂ ਨਾ! ਕਿਤੇ ਵੀ ਨਾ ਜਾਈਂ, ਸ਼ਿਬਲੀ!!’’

ਜਦੋਂ ਸਾਗਰ ਵੈਨਕੂਵਰ ’ਚ ਸੇਂਟ ਪਾਲ ਹਸਪਤਾਲ ਪਹੁੰਚਿਆ ਤਾਂ ਪੇਪਰ ਸਾਈਨ ਕਰਨ ਲੱਗਿਆਂ ਕਹਿਣ ਲੱਗਾ, ‘‘ਡਾਕਟਰ! ਜਲਦੀ ਜਲਦੀ ਕਰੋ, ਪਲੀਜ਼।’’ ਡਾਕਟਰ ਕਹਿਣ ਲੱਗਾ: ‘‘ਮੇਰੀ ਨੈਤਿਕ ਜ਼ਿੰਮੇਵਾਰੀ ਆ ਤੁਹਾਨੂੰ ਇਹ ਦੱਸਣਾ ਕਿ ਕਈ ਵਾਰ ਸਿਰਫ਼ ਇੱਕ ਕਿਡਨੀ ਨਾਲ ਪੂਰਾ ਜੀਵਨ ਜੀਣਾ ਮੁਸ਼ਕਿਲ ਹੋ ਜਾਂਦਾ। ਚੰਗੀ ਤਰ੍ਹਾਂ ਸੋੋਚ ਲੈਣਾ ਚਾਹੀਦਾ ਸਭ ਕੁਝ।’’

ਸਾਗਰ ਨੇ ਬੁਲੰਦ ਹੌਂਸਲੇ ਨਾਲ ਕਿਹਾ: ‘‘ਡਾਕਟਰ! ਆਦਮੀ ਨੂੰ ਜੀਣ ਲਈ ਸਿਰਫ਼ ਕਿਡਨੀ ਨਹੀਂ ਬਲਕਿ ਹੋਰ ਵੀ ਕਈ ਕੁਝ ਚਾਹੀਦਾ ਹੁੰਦਾ। ਹੋਰ ਕਈ ਕੁਝ।’’

ਸੁਖਦੇਵ ਸਿੰਘ

ਸੰਪਰਕ-91-6283011456

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly