ਕਾਰ ਦੇ ਦਰਵਾਜ਼ਿਆਂ ’ਚੋਂ 16 ਕਿੱਲੋ ਅਫ਼ੀਮ ਬਰਾਮਦ

ਦਿਹਾਤੀ ਪੁਲੀਸ ਨੇ ਦੋ ਜਣਿਆਂ ਨੂੰ 16 ਕਿਲੋ ਅਫ਼ੀਮ ਸਮੇਤ ਗ੍ਰਿਫਤਾਰ ਕੀਤਾ ਹੈ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਨੇ ਪਿੰਡ ਮੱਲੀਆਂ ਮੋੜ ’ਤੇ ਨਾਕੇਬੰਦੀ ਦੌਰਾਨ ਇੱਕ ਕਾਰ ਨੰਬਰ ਪੀਬੀ 02- ਡੀਪੀ -4190 ਨੂੰ ਕਬਜ਼ੇ ਵਿੱਚ ਲਿਆ। ਕਾਰ ਵਿੱਚ ਬੈਠੇ 2 ਨੌਜਵਾਨਾਂ ਨੇ ਆਪਣੀ ਪਛਾਣ ਪੰਜਾਬ ਸਿੰਘ ਅਤੇ ਦਲਜੀਤ ਸਿੰਘ ਦੋਵੇਂ ਵਾਸੀ ਪਿੰਡ ਬੁਤਾਲਾ ਜ਼ਿਲ੍ਹਾ ਅੰਮ੍ਰਿਤਸਰ ਵੱਜੋਂ ਦੱਸੀ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 16 ਕਿਲੋ ਅਫੀਮ ਬਰਾਮਦ ਹੋਈ। ਦੋਵੇਂ ਜਣਿਆਂ ਨੇ ਤਿੰਨ ਪੈਕਟਾਂ ਵਿੱਚ ਇੱਕ-ਇੱਕ ਕਿਲੋ ਅਫ਼ੀਮ ਲੱਕ ਨਾਲ ਬੰਨ੍ਹੀ ਹੋਈ ਸੀ। ਕਾਰ ਦੀ ਤਲਾਸ਼ੀ ਲੈਣ ’ਤੇ ਕਾਰ ਦੇ ਦੋਵੇਂ ਪਿਛਲੇ ਦਰਵਾਜ਼ਿਆਂ ਦੇ ਗੱਤੇ ਖੋਲ੍ਹ ਕੇ ਚੈੱਕ ਕੀਤੇ ਗਏ। ਉਥੋਂ ਪੁਲੀਸ ਨੂੰ ਇੱਕ-ਇੱਕ ਕਿਲੋ ਅਫ਼ੀਮ ਦੇ 10 ਪੈਕਟ ਬਰਾਮਦ ਹੋਏ। ਇਸ ਤਰ੍ਹਾਂ ਇਨ੍ਹਾਂ ਦੇ ਕਬਜ਼ੇ ਵਿੱਚੋ 16 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਪੁਲੀਸ ਨੇ ਦੋਵਾਂ ਵਿਰੁੱਧ ਥਾਣਾ ਕਰਤਾਰਪੁਰ ਵਿੱਚ ਕੇਸ ਦਰਜ ਕੀਤਾ ਗਿਆ। ਪੁਲੀਸ ਅਨੁਸਾਰ ਪੰਜਾਬ ਸਿੰਘ ਦਾ ਪਿਛੋਕੜ ਅਤਿਵਾਦੀ ਪਰਿਵਾਰ ਨਾਲ ਸਬੰਧਤ ਹੈ। ਇਸ ਦਾ ਪਰਿਵਾਰ ਪੁਲੀਸ ਮੁਕਾਬਲੇ ਵਿੱਚ ਮਾਰਿਆ ਜਾ ਚੁੱਕਾ ਹੈ।