ਕਾਰ ਅੱਗੇ ਆਵਾਰਾ ਪਸ਼ੂ ਆਣ ਨਾਲ ਦੋ ਨੌਜਵਾਨਾਂ ਦੀ ਮੌਤ

ਕਪੂਰਥਲਾ : ਸਥਾਨਕ ਫੱਤੂ-ਢੀਂਗਾ ਰੋਡ ‘ਤੇ ਸੋਮਵਾਰ ਦੇਰ ਰਾਤ ਪਿੰਡ ਸੁਰਖਪੁਰ ਵਾਸੀ ਦੋ ਕਾਰ ਸਵਾਰ ਨੌਜਵਾਨਾਂ ਦੀ ਕਾਰ ਅੱਗੇ ਅਚਾਨਕ ਲਾਵਾਰਸ ਪਸ਼ੂ ਆ ਗਿਆ, ਜਿਸ ਨੂੰ ਬਚਾਉਂਦੇ ਹੋਏ ਕਾਰ ਪਸ਼ੂ ਨੂੰ ਨਾਲ ਟਕਰਾ ਕੇ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਜਾ ਡਿੱਗੀ।

ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਤੇ ਕਾਰ ਸਵਾਰ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਨੂੰ ਕਾਫੀ ਮਿਹਨਤ ਤੋਂ ਬਾਅਦ ਕਟਰ ਨਾਲ ਕਾਰ ਕੱਟ ਕੇ ਬਾਹਰ ਕੱਢਿਆ ਗਿਆ।

ਥਾਣਾ ਕੋਤਵਾਲੀ ਦੇ ਏਐੱਸਆਈ ਲਖਵਿੰਦਰ ਸਿੰਘ ਅਨੁਸਾਰ ਸੋਮਵਾਰ ਦੇਰ ਰਾਤ 12.20 ‘ਤੇ ਉਨ੍ਹਾਂ ਨੂੰ ਨਵਾਂ ਪਿੰਡ ਭੱਠਾ ਨੇੜੇ ਹਾਦਸਾ ਹੋਣ ਦੀ ਸੂਚਨਾ ਮਿਲੀ। ਜਦੋਂ ਉਹ ਮੌਕੇ ‘ਤੇ ਪੁੱਜੇ ਤਾਂ ਦੇਖਿਆ ਕਿ ਇਕ ਜੈੱਨ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਚੁੱਕੀ ਸੀ। ਹਾਦਸਾ ਰਾਤ ਲਗਪਗ 11.30 ‘ਤੇ ਹੋਇਆ ਸੀ।

ਕਾਰ ‘ਚ 26 ਸਾਲਾ ਭੁਪਿੰਦਰ ਸਿੰਘ ਵਾਸੀ ਪਿੰਡ ਸੁਰਖਪੁਰ ਤੇ 34 ਸਾਲਾ ਅਵਤਾਰ ਸਿੰਘ ਵਾਸੀ ਸੁਰਖਪੁਰ ਸਨ। ਦੋਵੇਂ ਦੇਰ ਰਾਤ ਕਿਸੇ ਕੰਮ ਤੋਂ ਵਾਪਸ ਪਿੰਡ ਪਰਤ ਰਹੇ ਸਨ। ਕਾਰ ਦੀ ਰਫਤਾਰ ਤੇਜ਼ ਸੀ। ਜਦੋਂ ਉਹ ਪਿੰਡ ਨਵ ਪਿੰਡ ਭੱਠਾ ਨੇੜੇ ਪੁੱਜੇ ਤਾਂ ਅਚਾਨਕ ਕਾਰ ਅੱਗੇ ਲਾਵਾਰਸ ਪਸ਼ੂ ਆ ਗਿਆ। ਜਿਸ ਨੂੰ ਬਚਾਉਣ ਦੇ ਚੱਕਰ ‘ਚ ਚਾਲਕ ਨੇ ਜ਼ੋਰਦਾਰ ਬਰੇਕ ਲਗਾਈ, ਪਰ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਕਾਰ ਸਿੱਧੂ ਪਸ਼ੂ ਨਾਲ ਟਕਰਾ ਗਈ ਤੇ ਪਲਟੀਆਂ ਖਾਂਦੀ ਹੋਏ ਸੜਕ ਕੰਢੇ ਜਾ ਡਿੱਗੀ।

ਇਹ ਹਾਦਸਾ ਏਨਾ ਭਿਆਨਕ ਸੀ ਕਿ ਹਾਦਸੇ ਦੌਰਾਨ ਕਾਰ ਚਕਨਾਚੂਰ ਹੋ ਗਈ। ਹਾਦਸੇ ਦੌਰਾਨ ਦੋਵੇਂ ਕਾਰ ਸਵਾਰਾਂ ਦੇ ਸਿਰ ‘ਚ ਸੱਟ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ ਤੇ ਲਾਸ਼ਾਂ ਕਾਰ ਅੰਦਰ ਹੀ ਫਸ ਗਈਆਂ, ਜਿਨਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਿਢਆ ਗਿਆ।

ਏਐੱਸਆਈ ਅਨੁਸਾਰ ਮਿ੍ਤਕ ਅਵਤਾਰ ਸਿੰਘ ਦੇ ਮਾਸੀ ਦੇ ਮੁੰਡੇ ਰਣਜੀਤ ਸਿੰਘ ਦੇ ਬਿਆਨ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ। ਲਖਵਿੰਦਰ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੇ ਮਾਤਾ-ਪਿਤਾ ਦੇ ਬਹਿਰੀਨ ਤੋਂ ਪਰਤਣ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ। ਮਿ੍ਤਕ ਭੁਪਿੰਦਰ ਸਿੰਘ ਲਗਪਗ ਅੱਠ ਮਹੀਨੇ ਪਹਿਲਾਂ ਹੀ ਬਹਿਰੀਨ ਤੋਂ ਵਾਪਸ ਪਰਤਿਆ ਸੀ ਤੇ ਕੁਝ ਸਮੇਂ ਬਾਅਦ ਉਸ ਨੂੰ ਵਾਪਸ ਜਾਣਾ ਸੀ।