ਕਾਂਗਰਸ ਵੱਲੋਂ ਰਾਜਘਾਟ ’ਤੇ ‘ਏਕਤਾ ਲਈ ਸੱਤਿਆਗ੍ਰਹਿ’

ਸਰਕਾਰ ਨੂੰ ਸੰਵਿਧਾਨ ਤਹਿਤ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਕਿਹਾ

* ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਅਤੇ ਲੋਕ ਹੱਕਾਂ ਲਈ ਇਕ ਮਿੰਟ ਦਾ ਮੌਨ ਵੀ ਧਾਰਿਆ

* ਮੁਲਕ ਦੇ ਮਾੜੇ ਦੌਰ ’ਚੋਂ ਗੁਜ਼ਰਨ ਦਾ ਕੀਤਾ ਦਾਅਵਾ

ਕਾਂਗਰਸ ਪਾਰਟੀ ਨੇ ਅੱਜ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ‘ਏਕਤਾ ਲਈ ਸੱਤਿਆਗ੍ਰਹਿ’ ਤਹਿਤ ਮਹਾਤਮਾ ਗਾਂਧੀ ਦੀ ਯਾਦਗਾਰ ਰਾਜਘਾਟ ’ਤੇ ਧਰਨਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਸੰਵਿਧਾਨ ਤਹਿਤ ਲੋਕਾਂ ਨੂੰ ਦਿੱਤੇ ਗਏ ਹੱਕਾਂ ਦੀ ਰਾਖੀ ਕੀਤੀ ਜਾਵੇ। ‘ਸੱਤਿਆਗ੍ਰਹਿ’ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਹੋਰ ਸੀਨੀਅਰ ਕਾਂਗਰਸ ਆਗੂਆਂ ਨੇ ਸ਼ਮੂਲੀਅਤ ਕੀਤੀ। ਸੋਨੀਆ ਗਾਂਧੀ, ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਨੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਵੀ ਪੜ੍ਹਿਆ। ਪਾਰਟੀ ਮੈਂਬਰਾਂ ਨੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਅਤੇ ਲੋਕ ਹੱਕਾਂ ਲਈ ਇਕ ਮਿੰਟ ਦਾ ਮੌਨ ਵੀ ਧਾਰਿਆ। ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਸਰਕਾਰ ਨੂੰ ਭਾਰਤ ਦੇ ਸੰਵਿਧਾਨ ਦੀ ਤਾਕਤ ਬਾਰੇ ਜਗਾਉਣ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ। ਉਨ੍ਹਾਂ ਕਿਹਾ,‘‘ਮੁਲਕ ’ਚ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਇਕਜੁੱਟਤਾ ਦਿਖਾਉਣ ਵਾਸਤੇ ਇਹ ਸੱਤਿਆਗ੍ਰਹਿ ਕੀਤਾ ਗਿਆ ਹੈ। ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਮੁਲਕ ਬਹੁਤ ਮਾੜੇ ਦੌਰ ’ਚੋਂ ਗੁਜ਼ਰ ਰਿਹਾ ਹੈ।’’ ‘ਸੱਤਿਆਗ੍ਰਹਿ’ ’ਚ ਕਾਂਗਰਸ ਦੇ ਮੁੱਖ ਮੰਤਰੀਆਂ ਅਸ਼ੋਕ ਗਹਿਲੋਤ, ਕਮਲ ਨਾਥ ਅਤੇ ਸੀਨੀਅਰ ਆਗੂਆਂ ਏ ਕੇ ਐਂਟਨੀ, ਅਹਿਮਦ ਪਟੇਲ, ਗੁਲਾਮ ਨਬੀ ਆਜ਼ਾਦ, ਮਲਿਕਾਰਜੁਨ ਖੜਗੇ, ਆਨੰਦ ਸ਼ਰਮਾ, ਦਿਗਵਿਜੈ ਸਿੰਘ, ਮੁਕੁਲ ਵਾਸਨਿਕ, ਮੀਰਾ ਕੁਮਾਰ ਅਤੇ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਕੁਝ ਧਾਰਮਿਕ ਆਗੂ ਵੀ ਮੌਜੂਦ ਸਨ। ਵੱਡੇ ਕੌਮੀ ਝੰਡੇ ਹੇਠ ਬੈਠੇ ਆਗੂਆਂ ਅਤੇ ਪਾਰਟੀ ਵਰਕਰਾਂ ਨੇ ਆਪਣੇ ਸੀਨੀਅਰ ਆਗੂਆਂ ਨਾਲ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਦੁਹਰਾਇਆ। ਕਾਂਗਰਸ ਪਾਰਟੀ ਨੇ ਕਿਹਾ ਕਿ ਉਹ ਮਹਾਤਮਾ ਗਾਂਧੀ ਵੱਲੋਂ ਦਿਖਾਏ ਅਹਿੰਸਾ ਦੇ ਮਾਰਗ ’ਤੇ ਚੱਲਦਿਆਂ ‘ਤਾਨਾਸ਼ਾਹ’ ਸਰਕਾਰ ਖ਼ਿਲਾਫ਼ ਲੜੇਗੀ ਅਤੇ ‘ਪਵਿੱਤਰ’ ਸੰਵਿਧਾਨ ਦੀ ਰਾਖੀ ਕਰੇਗੀ। ਪਾਰਟੀ ਨੇ ਕਿਹਾ ਕਿ ਨਵੇਂ ਨਾਗਰਿਕਤਾ ਕਾਨੂੰਨ ਅਤੇ ਐੱਨਆਰਸੀ ਕਾਰਨ ਸਰਕਾਰ ਖ਼ਿਲਾਫ਼ ਮੁਲਕ ’ਚ ਭਾਰੀ ਰੋਸ ਹੈ ਖਾਸ ਕਰਕੇ ਨੌਜਵਾਨ ਮੰਗ ਕਰ ਰਹੇ ਹਨ ਕਿ ਸੰਵਿਧਾਨ ਤਹਿਤ ਮਿਲੇ ਅਧਿਕਾਰਾਂ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਆਮ ਨਾਗਰਿਕਾਂ ਅਤੇ ਵਿਦਿਆਰਥੀਆਂ ਖ਼ਿਲਾਫ਼ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੀ ਨਿਖੇਧੀ ਕਰਦਿਆਂ ਉਨ੍ਹਾਂ ਦੀ ਹਮਾਇਤ ਕੀਤੀ। ਮੁਲਕ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਕਿਹਾ ਕਿ ਉਹ ਸੰਵਿਧਾਨ ਤਹਿਤ ਦਰਸਾਏ ਗਏ ਸਿਧਾਂਤਾਂ ਨੂੰ ਬਹਾਲ ਰੱਖਣ ਲਈ ਵਚਨਬੱਧ ਹੈ ਅਤੇ ਸਾਰਿਆਂ ਦੇ ਹੱਕ ਦੀ ਰਾਖੀ ਲਈ ਉਹ ਜੂਝਦੀ ਰਹੇਗੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮੋਦੀ-ਸ਼ਾਹ ਕਾਰਨ ਪੈਦਾ ਹੋਈ ਨਫ਼ਰਤ ਅਤੇ ਹਿੰਸਾ ਖ਼ਿਲਾਫ਼ ਰੋਸ ਜ਼ਾਹਰ ਕਰਨ ਲਈ ਉਹ ਰਾਜਘਾਟ ’ਤੇ ਜੁੜਨ ਅਤੇ ਦਿਖਾ ਦੇਣ ਕਿ ਉਹ ਭਾਰਤ ਨੂੰ ਨਫ਼ਰਤ ਨਾਲ ਢਾਹ ਲਾਏ ਜਾਣ ਦੀ ਇਜਾਜ਼ਤ ਨਹੀਂ ਦੇਣਗੇ। -ਪੀਟੀਆਈ