ਕਸ਼ਮੀਰ ਤੋਂ ਵੱਡਾ ਕੋਈ ਫ਼ੈਸਲਾ ਨਹੀਂ ਹੋ ਸਕਦਾ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਸ਼ਮੀਰ ਤੋਂ ਵੱਡਾ ਕੋਈ ਫ਼ੈਸਲਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਮਨਸੂਖ਼ ਕਰਨ ਦਾ ਵਿਰੋਧ ਕਰਨ ਵਾਲੇ ਉਹ ਲੋਕ ਹਨ, ਜੋ ਇਸ ਜ਼ਰੀਏ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹੇ ਹਨ। ਲੋਕਾਂ ਨੇ ਸਿਆਸੀ ਤਰਜੀਹਾਂ ਤੋਂ ਉਪਰ ਉੱਠ ਕੇ ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਵਿੱਚ ਸਰਕਾਰ ਦੀ ਪੇਸ਼ਕਦਮੀ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ। ਇਹ ਸਿਆਸਤ ਨਾਲ ਨਹੀਂ ਬਲਕਿ ਰਾਸ਼ਟਰ ਨਾਲ ਜੁੜਿਆ ਮੁੱਦਾ ਹੈ। ਸ੍ਰੀ ਮੋਦੀ ਇਥੇ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੇ 75 ਦਿਨ ਪੂਰੇ ਹੋਣ ਮਗਰੋਂ ਇਸ ਖ਼ਬਰ ਏਜੰਸੀ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਦੌਰਾਨ ਬੋਲ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਸੈਂਕੜੇ ਸੁਧਾਰ ਕੀਤੇ ਹਨ, ਜਿਸ ਤੋਂ ਸਾਫ਼ ਹੈ ਕਿ ਸਰਕਾਰ ਲੋਕਾਂ ਦੀਆਂ ਲੋੜਾਂ ਤੇ ਖ਼ਾਹਿਸ਼ਾਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਪੂਰਾ ਕਰਨ ਲਈ ਵਚਨਬੱਧ ਹੈ। ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਦੇ ਲੋਕਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਖਿੱਤਿਆਂ ਦੇ ਆਵਾਮ ਨੇ ਹਮੇਸ਼ਾਂ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ, ਪਰ ਧਾਰਾ 370 ਨੇ ਇਹ ਖ਼ਾਹਿਸ਼ ਕਦੇ ਪੂਰੀ ਨਹੀਂ ਹੋਣ ਦਿੱਤੀ। ਉਨ੍ਹਾਂ ਕਿਹਾ, ‘ਮੈਂ ਜੰਮੂ, ਕਸ਼ਮੀਰ ਤੇ ਲੱਦਾਖ਼ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਖਿੱਤੇ ਦਾ ਵਿਕਾਸ ਮੁਕਾਮੀ ਲੋਕਾਂ ਦੀਆਂ ਇੱਛਾਵਾਂ ਤੇ ਉਨ੍ਹਾਂ ਦੇ ਸੁਫ਼ਨਿਆਂ ਮੁਤਾਬਕ ਹੋਵੇਗਾ। ਧਾਰਾ 370 ਤੇ 35ਏ ਉਹ ਬੇੜੀਆਂ ਸਨ, ਜਿਨ੍ਹਾਂ ਲੋਕਾਂ ਨੂੰ ਬੰਨ੍ਹ ਰੱਖਿਆ ਸੀ। ਹੁਣ ਇਹ ਜ਼ੰਜੀਰਾਂ ਟੁੱਟ ਚੁੱਕੀਆਂ ਹਨ ਤੇ ਲੋਕ ਆਪਣੀ ਕਿਸਮਤ ਆਪ ਲਿਖਣਗੇ।’ ਉਨ੍ਹਾਂ ਕਿਹਾ ਕਿ ਕਸ਼ਮੀਰ ਨੇ ਇਸ ਤੋਂ ਪਹਿਲਾਂ ਜਮਹੂਰੀਅਤ ਪ੍ਰਤੀ ਇੰਨੀ ਮਜ਼ਬੂਤ ਵਚਨਬੱਧਤਾ ਨਹੀਂ ਵੇਖੀ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਸੂਬੇ ਦੇ ਰਾਜਪਾਲ ਨੂੰ ਬਲਾਕ ਪੰਚਾਇਤੀ ਚੋਣਾਂ ਦੀ ਤਿਆਰੀ ਕਰਨ ਲਈ ਆਖ ਦਿੱਤਾ ਹੈ। ਸ੍ਰੀ ਮੋਦੀ ਨੇ ਇਸ ਮੌਕੇ ਕੌਮੀ ਸਿੱਖਿਆ ਨੀਤੀ, ਆਯੂਸ਼ਮਾਨ ਭਾਰਤ ਵੱਲੋਂ ਸਿਹਤ ਖੇਤਰ ਵਿੱਚ ਪਾਏ ਯੋਗਦਾਨ, ਕੌਮੀ ਮੈਡੀਕਲ ਕਮਿਸ਼ਨ ਦੀ ਲੋੜ, ਚੰਦਰਯਾਨ 2 ਦੀ ਉਡਾਣ ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਕੀਤੀ ਪੇਸ਼ਕਦਮੀ ਸਮੇਤ ਹੋਰ ਕਈ ਮੁੱਦਿਆਂ ’ਤੇ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ 17ਵੀਂ ਲੋਕ ਸਭਾ ਦਾ ਪਲੇਠਾ ਸੈਸ਼ਨ (ਮੌਨਸੂਨ ਤੇ ਬਜਟ ਇਜਲਾਸ) 1952 ਤੋਂ ਬਾਅਦ ਹੁਣ ਤਕ ਦਾ ਸਭ ਤੋਂ ਸਫ਼ਲ ਸੈਸ਼ਨ ਰਿਹਾ ਹੈ, ਜਿਸ ਵਿੱਚ ਸਭ ਤੋਂ ਵੱਧ ਸੰਸਦੀ ਕੰਮਕਾਜ ਸਿਰੇ ਚੜ੍ਹਿਆ।